ਖ਼ੁਸ਼ੀਆਂ ਆਪੇ ਨਹੀਂ ਆਉਂਦੀਆਂ : ਪ੍ਰਸ਼ਨ – ਉੱਤਰ
ਪ੍ਰਸ਼ਨ 1. ਕੀ ਖ਼ੁਸ਼ੀਆਂ ਸਾਨੂੰ ਆਪ-ਮੁਹਾਰੇ ਹੀ ਮਿਲ ਜਾਂਦੀਆਂ ਹਨ?
ਉੱਤਰ : ਖ਼ੁਸ਼ੀਆਂ ਸਾਨੂੰ ਆਪ-ਮੁਹਾਰੇ ਹੀ ਨਹੀਂ ਮਿਲਦੀਆਂ, ਸਗੋਂ ਖ਼ੁਸ਼ੀਆਂ ਨੂੰ ਤਾਂ ਖ਼ੁਦ ਬੁਲਾਉਣਾ ਪੈਂਦਾ ਹੈ। ਉਹਨਾਂ ਨੂੰ ਮਿੰਨਤਾ ਤਰਲੇ ਕਰਕੇ ਆਪ ਅਵਾਜ਼ਾਂ ਮਾਰਨੀਆਂ ਪੈਂਦੀਆਂ ਹਨ। ਉਹਨਾਂ ਨੂੰ ਬੁਲਾਉਣ ਲਈ ਪਹਿਲਾਂ ਆਪਣੇ ਆਪ ਨੂੰ ਤਿਆਰ ਕਰਨਾ ਪੈਂਦਾ ਹੈ। ਜਿਹੋ ਜਿਹੀ ਖ਼ੁਸ਼ੀ ਹੋਵੇ ਜਿਵੇਂ ਨਿੱਕੀ ਜਾਂ ਵੱਡੀ, ਨਿੱਜੀ, ਪਰਿਵਾਰਕ ਜਾਂ ਸਮੂਹਿਕ, ਦੁਨਿਆਵੀ ਜਾਂ ਰੁਹਾਨੀ ਖ਼ੁਸ਼ੀ, ਉਹੋ ਜਿਹੀ ਹੀ ਤਿਆਰੀ ਕਰਨੀ ਪੈਂਦੀ ਹੈ।
ਪ੍ਰਸ਼ਨ 2. ਸਾਨੂੰ ਕਿਹੜੀਆਂ ਛੋਟੀਆਂ-ਛੋਟੀਆਂ ਗੱਲਾਂ ਤੋਂ ਖ਼ੁਸ਼ੀ ਪ੍ਰਾਪਤ ਹੋ ਸਕਦੀ ਹੈ?
ਉੱਤਰ : ਸਾਨੂੰ ਕਿਸੇ ਰੋਂਦੇ ਬੱਚੇ ਨੂੰ ਚੁੱਪ ਕਰਾ ਕੇ, ਕਿਸੇ ਮੰਗਤੇ ਨੂੰ ਪਿਆਰ ਨਾਲ ਇੱਕ-ਦੋ ਰੁਪਏ ਦੇ ਕੇ, ਕੁੱਤੇ ਨੂੰ ਰੋਟੀ ਪਾ ਕੇ, ਕੀੜੀਆਂ ਨੂੰ ਤਿਲ-ਚੌਲ਼ੀ ਪਾ ਕੇ, ਕੋਈ ਬੂਟਾ ਲਾ ਕੇ, ਕਿਸੇ ਅਨਪੜ੍ਹ ਦੀ ਚਿੱਠੀ ਪੜ੍ਹ ਕੇ, ਕਿਸੇ ਦੀ ਅਰਜ਼ੀ ਲਿਖ ਕੇ, ਕਿਸੇ ਦਾ ਭਾਰ ਚੁੱਕਣ ਵਿੱਚ ਮਦਦ ਕਰ ਕੇ, ਕਿਸੇ ਮਰੀਜ਼ ਦੀ ਦਵਾਈ ਲਿਆ ਕੇ, ਮੰਦਰ-ਗੁਰਦੁਆਰੇ ਵਿੱਚ ਬੈਠ ਕੇ ਰੱਬ ਦਾ ਨਾਂ ਲੈਣ ਵਿੱਚ ਵੀ ਖ਼ੁਸ਼ੀ ਮਿਲ ਸਕਦੀ ਹੈ।
ਪ੍ਰਸ਼ਨ 3. ਮਾੜੇ ਪਰਿਵਾਰਕ ਮਾਹੌਲ ਦਾ ਬੱਚਿਆਂ ‘ਤੇ ਕੀ ਅਸਰ ਪੈਂਦਾ ਹੈ?
ਉੱਤਰ : ਕਈ ਪਰਿਵਾਰਾਂ ਦਾ ਮਾਹੌਲ ਬੜਾ ਹੀ ਦੁੱਖ ਭਰਿਆ ਹੁੰਦਾ ਹੈ। ਪਤੀ-ਪਤਨੀ ਆਪਸ ਵਿੱਚ ਖਿੱਚੇ-ਖਿੱਚੇ ਜਿਹੇ ਰਹਿੰਦੇ ਹਨ। ਉਹਨਾਂ ਵਿੱਚ ਲੜਾਈ-ਝਗੜਾ ਹੁੰਦਾ ਰਹਿੰਦਾ ਹੈ। ਇਸ ਨਾਲ ਉਹਨਾਂ ਦੇ ਨਾਲ-ਨਾਲ ਬੱਚੇ ਵੀ ਪਰੇਸ਼ਾਨ ਹੁੰਦੇ ਹਨ ਅਤੇ ਉਹਨਾਂ ‘ਤੇ ਮਾੜਾ ਅਸਰ ਪੈਂਦਾ ਹੈ। ਬੱਚੇ ਨਾ ਹੀ ਤਾਂ ਚੰਗੀ ਤਰ੍ਹਾਂ ਖਾਂਦੇ-ਪੀਂਦੇ ਹਨ ਅਤੇ ਨਾ ਹੀ ਖ਼ੁਸ਼ ਰਹਿੰਦੇ ਹਨ।
ਪ੍ਰਸ਼ਨ 4. ਵਿਗੜੇ ਪਰਿਵਾਰਕ ਮਾਹੌਲ ਨੂੰ ਠੀਕ ਕਿਵੇਂ ਕੀਤਾ ਜਾ ਸਕਦਾ ਹੈ?
ਉੱਤਰ : ਵਿਗੜੇ ਪਰਿਵਾਰਕ ਮਾਹੌਲ ਦੀ ਅਸਲੀ ਵਜ੍ਹਾ ਪਤੀ-ਪਤਨੀ ਵਿੱਚ ਆਪਸੀ ਤਕਰਾਰ ਹੀ ਹੁੰਦਾ ਹੈ। ਕਈ ਵਾਰ ਤਾਂ ਇਸ ਤਕਰਾਰ ਪਿੱਛੇ ਕੋਈ ਵੱਡੀ ਗੱਲ ਵੀ ਨਹੀਂ ਹੁੰਦੀ, ਮਾਮੂਲੀ ਬਹਿਸਬਾਜ਼ੀ ਹੀ ਤਕਰਾਰ ਦਾ ਕਾਰਨ ਬਣ ਜਾਂਦੀ ਹੈ। ਗੱਲ ਬਹੁਤ ਛੋਟੀ ਜਿਹੀ ਹੁੰਦੀ ਹੈ ਜਿਸ ਦਾ ਨਿਪਟਾਰਾ ਪਤੀ-ਪਤਨੀ ਆਪਸ ਵਿੱਚ ਬੈਠ ਕੇ ਕਰ ਸਕਦੇ ਹਨ। ਇਸ ਤਰ੍ਹਾਂ ਘਰ ਦੇ ਮਾਹੌਲ ਨੂੰ ਖ਼ੁਸ਼ਗਵਾਰ ਬਣਾਇਆ ਜਾ ਸਕਦਾ ਹੈ। ਬੱਚਿਆਂ ਨਾਲ਼ ਪਿਆਰ ਨਾਲ ਗੱਲ ਕਰਕੇ ਅਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝ ਕੇ ਅਤੇ ਉਹਨਾਂ ਦੀ ਕਦਰ ਕਰਕੇ ਵੀ ਪਰਿਵਾਰਕ ਮਾਹੌਲ ਨੂੰ ਖ਼ੁਸ਼ਨੁਮਾ ਬਣਾਇਆ ਜਾ ਸਕਦਾ ਹੈ।
ਪ੍ਰਸ਼ਨ 5. ਕੁਝ ਲੋਕ ਦੁਖੀ ਹੁੰਦੇ ਹੋਏ ਵੀ ਕਿਉਂ ਹੱਸਦੇ ਮੁਸਕਰਾਉਂਦੇ ਰਹਿੰਦੇ ਹਨ?
ਉੱਤਰ : ਸਾਡੇ ਆਂਢ-ਗੁਆਂਢ ਵਿੱਚ ਜਾਂ ਆਸ-ਪਾਸ ਕੋਈ ਨਾ ਕੋਈ ਅਜਿਹਾ ਵਿਅਕਤੀ ਜ਼ਰੂਰ ਹੁੰਦਾ ਹੈ ਜੋ ਹਰ ਮੁਸੀਬਤ ਅਤੇ ਦੁੱਖ ਵਿੱਚ ਵੀ ਗੰਭੀਰ ਹੋਣ ਦੀ ਥਾਂ ‘ਤੇ ਮੁਸਕਰਾਉਂਦਾ ਹੀ ਰਹਿੰਦਾ ਹੈ ਅਤੇ ਸਭ ਨੂੰ ਖਿੜੇ ਮੱਥੇ ਹੀ ਮਿਲਦਾ ਹੈ। ਅਜਿਹੇ ਵਿਅਕਤੀ ਹੱਸਦੇ-ਖੇਡਦੇ ਹੀ ਔਕੜਾਂ ਦਾ ਹੱਲ ਲੱਭ ਲੈਂਦੇ ਹਨ। ਉਹਨਾਂ ਨੂੰ ਹੱਸਣ ਅਤੇ ਮੁਸਕਰਾਉਣ ਦੀ ਆਦਤ ਪਈ ਹੁੰਦੀ ਹੈ। ਉਹਨਾਂ ਕੋਲ ਚੁਟਕਲਿਆਂ ਅਤੇ ਸ਼ੇਅਰੋ-ਸ਼ਾਇਰੀ ਦਾ ਭਰਪੂਰ ਭੰਡਾਰ ਹੁੰਦਾ ਹੈ। ਇਹ ਗੱਲ ਨਹੀਂ ਕਿ ਉਹਨਾਂ ਨੂੰ ਕੋਈ ਦੁੱਖ ਨਹੀਂ ਹੁੰਦਾ ਪਰ ਉਹ ਲੋਕ ਹਰ ਦੁੱਖ ਅਤੇ ਮੁਸੀਬਤ ਦਾ ਸਾਹਮਣਾ ਹੱਸਦੇ-ਖੇਡਦੇ ਹੋਏ ਕਰਦੇ ਹਨ। ਉਹ ਮੁਸੀਬਤ ਵੇਲ਼ੇ ਘਬਰਾਉਂਦੇ ਨਹੀਂ ਸਗੋਂ ਮੁਸੀਬਤਾਂ ਨੂੰ ਹੱਸਦੇ-ਖੇਡਦੇ ਹੀ ਹੱਲ ਕਰ ਲੈਂਦੇ ਹਨ।
ਪ੍ਰਸ਼ਨ 6. ਕੀ ਹਰ ਵੇਲ਼ੇ ਹੱਸਣ-ਖੇਡਣ ਅਤੇ ਮੁਸਕਰਾਉਂਦੇ ਰਹਿਣ ਵਾਲੇ ਲੋਕ ਜਮਾਂਦਰੂ ਹੀ ਇਸ ਤਰ੍ਹਾਂ ਦੇ ਹੁੰਦੇ ਹਨ?
ਉੱਤਰ : ਨਹੀਂ, ਹਰ ਵੇਲ਼ੇ ਹੱਸਣ-ਖੇਡਣ ਅਤੇ ਮੁਸਕਰਾਉਂਦੇ ਰਹਿਣ ਵਾਲੇ ਲੋਕ ਜਮਾਂਦਰੂ ਹੀ ਇਸ ਤਰ੍ਹਾਂ ਦੇ ਨਹੀਂ ਹੁੰਦੇ ਹਨ ਬਲਕਿ ਉਹਨਾਂ ਨੇ ਇਸ ਦੀ ਆਦਤ ਪਾਈ ਹੁੰਦੀ ਹੈ। ਇਸ ਤਰ੍ਹਾਂ ਦੇ ਲੋਕਾਂ ਨੂੰ ਵੇਖ ਕੇ ਇੰਜ ਜਾਪਦਾ ਹੈ ਜਿਵੇਂ ਉਹਨਾਂ ਦੇ ਜੀਵਨ ਵਿੱਚ ਕੋਈ ਦੁੱਖ-ਤਕਲੀਫ਼ ਹੈ ਹੀ ਨਹੀਂ। ਪਰ ਅਜਿਹੀ ਕੋਈ ਗੱਲ ਨਹੀਂ ਹੁੰਦੀ। ਮੁਸੀਬਤਾਂ ਉਹਨਾਂ ਲੋਕਾਂ ‘ਤੇ ਵੀ ਆਉਂਦੀਆਂ ਹਨ ਅਤੇ ਦੁੱਖ ਉਹਨਾਂ ਨੂੰ ਵੀ ਸਹਿਣ ਕਰਨੇ ਪੈਂਦੇ ਹਨ। ਇਸ ਤਰ੍ਹਾਂ ਦੇ ਲੋਕ ਘਬਰਾਉਂਦੇ ਨਹੀਂ, ਸਗੋਂ ਹੱਸਦੇ ਖੇਡਦੇ ਹੀ ਮੁਸੀਬਤਾਂ ਦਾ ਹੱਲ ਲੱਭ ਲੈਂਦੇ ਹਨ। ਹਰ ਕੋਈ ਇਸ ਤਰ੍ਹਾਂ ਕਰ ਸਕਦਾ ਹੈ, ਬਸ ਥੋੜ੍ਹੀ ਜਿਹੀ ਯੋਜਨਾਬੰਦੀ ਦੀ ਲੋੜ ਹੁੰਦੀ ਹੈ।
ਪ੍ਰਸ਼ਨ 7. ਕਿਸ ਤਰ੍ਹਾਂ ਦੇ ਮੌਕਿਆਂ ਤੋਂ ਸਾਨੂੰ ਖ਼ੁਸ਼ੀ ਹਾਸਲ ਹੁੰਦੀ ਹੈ?
ਉੱਤਰ : ਸਾਨੂੰ ਕੁਝ ਰਸਮਾਂ-ਰੀਤਾਂ, ਮੇਲਿਆਂ, ਸਮਾਗਮਾਂ, ਤਿਉਹਾਰਾਂ ਤੋਂ ਖ਼ੁਸ਼ੀ ਪ੍ਰਾਪਤ ਹੁੰਦੀ ਹੈ। ਇਸ ਤੋਂ ਇਲਾਵਾ ਵਿਆਹ-ਸ਼ਾਦੀ ਦੇ ਮੌਕਿਆਂ ‘ਤੇ ਨਵੇਂ ਕੱਪੜੇ ਸਵਾਉਣਾ, ਗਹਿਣੇ ਖ਼ਰੀਦਣੇ, ਮਿਠਿਆਈਆਂ ਖਾਣੀਆਂ ਤੇ ਵੰਡਣੀਆਂ, ਗ਼ਰੀਬ-ਗੁਰਬੇ ਨੂੰ ਦਾਨ ਦੇਣਾ, ਧਿਆਣੀਆਂ ਪੂਜਣੀਆਂ, ਮੰਦਰਾਂ, ਸਕੂਲਾਂ, ਧਰਮਸ਼ਾਲਾਵਾਂ ਨੂੰ ਦਾਨ ਦੇਣਾ, ਖੂਹ, ਨਲਕੇ ਆਦਿ ਲਗਵਾਉਣਾ ਵੀ ਖ਼ੁਸ਼ੀ ਦੇ ਸਾਧਨ ਹਨ।
ਪ੍ਰਸ਼ਨ 8. ਕਿਹੜੀਆਂ ਛੋਟੀਆਂ-ਛੋਟੀਆਂ ਗੱਲਾਂ ਜਾਂ ਕੰਮਾਂ ਵਿੱਚ ਸ਼ਿਰਕਤ ਕਰਕੇ ਵੀ ਸਾਨੂੰ ਖ਼ੁਸ਼ੀ ਮਿਲ ਸਕਦੀ ਹੈ?
ਉੱਤਰ : ਪਤੀ ਦਾ ਪਤਨੀ ਦੇ ਕੰਮ ਵਿੱਚ ਹੱਥ ਵਟਾਉਣਾ, ਪਾਠਸ਼ਾਲਾ ਜਾਂਦੇ ਕਿਸੇ ਬੱਚੇ ਨੂੰ ਪੜ੍ਹਾਈ ਜਾਂ ਖੇਡਾਂ ਵਿੱਚ ਇਨਾਮ ਮਿਲਣਾ, ਕਿਸੇ ਰਿਸ਼ਤੇਦਾਰ ਦੀ ਚਿੱਠੀ ਦਾ ਅਚਾਨਕ ਆ ਜਾਣਾ, ਭਰੀ ਗਰਮੀ ਵਿੱਚ ਮੀਂਹ ਪੈਣਾ ਸ਼ੁਰੂ ਹੋ ਜਾਣਾ, ਗੁਆਂਢੀਆਂ ਵੱਲੋਂ ਅਖੰਡ ਪਾਠ ਕਰਵਾਉਣਾ ਜਾਂ ਧੀ-ਪੁੱਤਰ ਦਾ ਵਿਆਹ ਰੱਖਿਆ ਜਾਣਾ ਆਦਿ ਵੀ ਖ਼ੁਸ਼ੀ ਦੇ ਮੌਕੇ ਹਨ ਜਿਹਨਾਂ ਵਿੱਚ ਸਾਨੂੰ ਗੱਜ-ਵੱਜ ਕੇ ਸ਼ਿਰਕਤ ਕਰਨੀ ਚਾਹੀਦੀ ਹੈ।
ਪ੍ਰਸ਼ਨ 9. ਕਿਹੋ ਜਿਹੀਆਂ ਆਦਤਾਂ ਨੂੰ ਛੱਡ ਦੇਣਾ ਖ਼ੁਸ਼ੀ ਦਾ ਕਾਰਨ ਬਣ ਸਕਦਾ ਹੈ?
ਉੱਤਰ : ਕਿਸੇ ਬੁਰੀ ਆਦਤ ਨੂੰ ਛੱਡ ਦੇਣਾ ਵੀ ਖ਼ੁਸ਼ੀ ਮਨਾਉਣ ਦਾ ਮੌਕਾ ਹੁੰਦਾ ਹੈ। ਜੇਕਰ ਕਿਸੇ ਨੂੰ ਨਸ਼ਾ ਕਰਨ ਦੀ, ਝੂਠ ਬੋਲਣ ਦੀ, ਰਿਸ਼ਵਤ ਲੈਣ ਦੀ, ਚੋਰੀ ਕਰਨ ਦੀ, ਚੁਗਲੀ ਕਰਨ ਦੀ, ਪਿੱਠ ਪਿੱਛੇ ਨਿੰਦਾ ਕਰਨ ਦੀ, ਗਾਲਾਂ ਕੱਢਣ ਦੀ, ਗੁੱਸਾ ਕਰਨ ਦੀ ਜਾਂ ਕਿਸੇ ਹੋਰ ਤਰ੍ਹਾਂ ਦੀ ਬੁਰੀ ਆਦਤ ਹੋਵੇ, ਤਾਂ ਉਸ ਨੂੰ ਉਦੋਂ ਬੜੀ ਹੀ ਖ਼ੁਸ਼ੀ ਪ੍ਰਾਪਤ ਹੁੰਦੀ ਹੈ ਜਦੋਂ ਉਹ ਅਜਿਹੀ ਭੈੜੀ ਆਦਤ ਦਾ ਤਿਆਗ ਕਰ ਦਿੰਦਾ ਹੈ।
ਪ੍ਰਸ਼ਨ 10. ਜੇਕਰ ਸਾਡੇ ਤੋਂ ਕੋਈ ਅਪਰਾਧ ਜਾਂ ਗੁਨਾਹ ਹੋ ਜਾਂਦਾ ਹੈ ਜਾਂ ਫਿਰ ਕੋਈ ਸਾਡੇ ਨਾਲ ਬੁਰਾ ਕਰ ਦਿੰਦਾ ਹੈ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
ਉੱਤਰ : ਸਾਨੂੰ ਆਪਣੇ ਦੁਆਰਾ ਕੀਤੇ ਗਏ ਕਿਸੇ ਗੁਨਾਹ, ਅਪਰਾਧ ਜਾਂ ਗ਼ਲਤੀ ਦੀ ਖਿਮਾ ਮੰਗਣ ਨਾਲ
ਅਪਾਰ ਖ਼ੁਸ਼ੀ ਦੀ ਪ੍ਰਾਪਤੀ ਹੁੰਦੀ ਹੈ। ਜੇਕਰ ਅਸੀਂ ਕੋਈ ਬੁਰਾ ਕੰਮ ਜਾਂ ਗੁਨਾਹ ਕੀਤਾ ਹੋਵੇ ਤਾਂ ਉਸ ਦਾ ਬੋਝ ਸਾਡੇ ਮਨ ‘ਤੇ ਉਦੋਂ ਤੱਕ ਬਣਿਆ ਰਹਿੰਦਾ ਹੈ ਜਦੋਂ ਤੱਕ ਅਸੀਂ ਆਪਣੇ ਕੀਤੇ ਹੋਏ ਗੁਨਾਹ ਦੀ ਮੁਆਫੀ ਨਾ ਮੰਗ ਲਈਏ ਜਾਂ ਜਿਸ ਦਾ ਅਸੀਂ ਨੁਕਸਾਨ ਕੀਤਾ ਹੋਵੇ ਉਸ ਦੇ ਨੁਕਸਾਨ ਦੀ ਭਰਪਾਈ ਨਾ ਕਰ ਦਈਏ। ਸਾਨੂੰ ਇਸ ਤੋਂ ਵੀ ਵੱਡੀ ਖ਼ੁਸ਼ੀ ਉਸ ਵੇਲ਼ੇ ਮਿਲਦੀ ਹੈ ਜਦੋਂ ਅਸੀਂ ਬੁਰਾ ਕਰਨ ਵਾਲ਼ੇ ਵਿਅਕਤੀ ਨੂੰ ਖੁੱਲ੍ਹੇ ਦਿਲ ਨਾਲ ਖਿਮਾ ਕਰ ਦਿੰਦੇ ਹਾਂ। ਖਿਮਾ ਕਰਨ ਵਾਲੇ ਵਿਅਕਤੀ ਨੂੰ ਮਿਲਣ ਵਾਲੀ ਖੁਸ਼ੀ ਅੱਵਲ ਦਰਜੇ ਦੀ ਹੁੰਦੀ ਹੈ।
ਪ੍ਰਸ਼ਨ 11. ਕਿਹੜੀਆਂ ਗੱਲਾਂ ਜਾਂ ਚੀਜ਼ਾਂ ਸਾਡੀ ਖ਼ੁਸ਼ੀ ਦੇ ਰਸਤੇ ਵਿੱਚ ਅੜਚਨ ਪੈਦਾ ਕਰਦੀਆਂ ਹਨ? ਅਸੀਂ ਇਹਨਾਂ ਰੁਕਾਵਟਾਂ ਨੂੰ ਕਿਵੇਂ ਦੂਰ ਕਰ ਸਕਦੇ ਹਾਂ?
ਉੱਤਰ : ਆਪਣੀਆਂ ਨਿੱਕੀਆਂ-ਨਿੱਕੀਆਂ ਜ਼ਿਦਾਂ ਜਿਹਨਾਂ ਨੂੰ ਅਕਸਰ ਲੋਕ ਅਸੂਲਾਂ ਦਾ ਨਾਂ ਦਿੰਦੇ ਹਨ, ਇਹ ਜ਼ਿਦਾਂ ਹੀ ਸਾਡੀ ਖ਼ੁਸ਼ੀ ਦੇ ਰਸਤੇ ਵਿੱਚ ਰੁਕਾਵਟ ਪੈਦਾ ਕਰਦੀਆਂ ਹਨ। ਇਸ ਤੋਂ ਇਲਾਵਾ ਹਰ ਵੇਲ਼ੇ ਮੈਂ-ਮੈਂ ਕਰਦੇ ਰਹਿਣ ਨਾਲ ਵੀ ਖ਼ੁਸ਼ੀਆਂ ਵਿੱਚ ਰੁਕਾਵਟ ਪੈਦਾ ਹੁੰਦੀ ਹੈ। ਛੋਟੇ-ਛੋਟੇ ਤਿਆਗ ਕਰਕੇ, ਆਪਣੀਆਂ ਜ਼ਿਦਾਂ ਅਤੇ ਆਪਣੀ ਮੈਂ ਦਾ ਤਿਆਗ ਕਰਕੇ, ਕਿਸੇ ਦੀ ਦੇਖੀ ਨੂੰ ਜਾਂ ਭੁੱਲ-ਚੁੱਕ ਨੂੰ ਅਨਦੇਖਾ ਕਰਕੇ, ਨਿਮਰਤਾ ਅਪਣਾ ਕੇ, ਅਸੀਂ ਖ਼ੁਸ਼ੀਆਂ ਦੇ ਰਸਤੇ ਦੀਆਂ ਰੁਕਾਵਟਾਂ ਨੂੰ ਦੂਰ ਕਰਕੇ ਉਹਨਾਂ ਦਾ ਰੁੱਖ ਆਪਣੇ ਵੱਲ ਮੋੜ ਸਕਦੇ ਹਾਂ। ਅਜਿਹੀ ਮਨ ਦੀ ਅਵਸਥਾ ਸਾਨੂੰ ਵਿਕਸਤ ਕਰਨੀ ਪੈਂਦੀ ਹੈ।