ਤੁਸੀਂ ਇੱਕ ਪੜ੍ਹੇ-ਲਿਖੇ ਕਿਸਾਨ ਹੋ। ਆਪਣੇ ਜ਼ਿਲ੍ਹੇ ਦੇ ਕ੍ਰਿਸ਼ੀ-ਵਿਗਿਆਨ ਕੇਂਦਰ ਨੂੰ ਖੇਤੀਬਾੜੀ ਸਹਾਇਕ ਧੰਦਿਆਂ ਬਾਰੇ ਸਿਖਲਾਈ ਕੋਰਸ ਕਰਨ ਲਈ ਪੱਤਰ ਲਿਖੋ।
ਪਿੰਡ ਤੇ ਡਾਕਘਰ………..,
ਜ਼ਿਲ੍ਹਾ……….,
ਤਹਿਸੀਲ…………।
ਸੇਵਾ ਵਿਖੇ
ਸੂਚਨਾ-ਅਧਿਕਾਰੀ,
ਕ੍ਰਿਸ਼ੀ-ਵਿਗਿਆਨ ਕੇਂਦਰ,
ਜਲੰਧਰ ਸ਼ਹਿਰ।
ਵਿਸ਼ਾ : ਖੇਤੀਬਾੜੀ ਸਹਾਇਕ ਧੰਦਿਆਂ ਬਾਰੇ ਸਿਖਲਾਈ ਕੋਰਸ ਕਰਨ ਸੰਬੰਧੀ।
ਸ੍ਰੀਮਾਨ ਜੀ,
ਖੇਤੀ ਯੋਗ ਜ਼ਮੀਨ ਦੀ ਪਰਿਵਾਰਿਕ ਵੰਡ ਕਾਰਨ ਇਸ ਦਾ ਆਕਾਰ ਘਟ ਰਿਹਾ ਹੈ ਅਤੇ ਮੌਜੂਦਾ ਹਾਲਾਤ ਵਿੱਚ ਖੇਤੀਬਾੜੀ ਦੇ ਨਾਲ-ਨਾਲ ਅ) ਸਾ ਸਹਾਇਕ ਧੰਦੇ ਸ਼ੁਰੂ ਕਰਨ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ।
ਮੈਂ ਬੀ.ਏ. ਪਾਸ ਪੜ੍ਹਿਆ-ਲਿਖਿਆ ਕਿਸਾਨ ਹਾਂ ਅਤੇ ਖੇਤੀਬਾੜੀ ਦੇ ਨਾਲ-ਨਾਲ ਕੋਈ ਸਹਾਇਕ ਧੰਦਾ ਸ਼ੁਰੂ ਕਰਨ ਦਾ ਇੱਛਕ ਹਾਂ। ਮੈਂ ਡੇਅਰੀ ਫਾਰਮਿੰਗ, ਮੁਰਗੀ ਜਾਂ ਮੱਛੀ ਪਾਲਨ ਵਿੱਚੋਂ ਕੋਈ ਇੱਕ ਸਹਾਇਕ ਧੰਦਾ ਸ਼ੁਰੂ ਕਰਨਾ ਚਾਹੁੰਦਾ ਹਾਂ। ਪਰ ਇਹ ਧੰਦਾ ਸ਼ੁਰੂ ਕਰਨ ਤੋਂ
ਪਹਿਲਾਂ ਮੈਂ ਇਸ ਸੰਬੰਧੀ ਸਿਖਲਾਈ ਕੋਰਸ ਕਰਨਾ ਚਾਹੁੰਦਾ ਹਾਂ। ਇਸ ਸੰਬੰਧ ਵਿੱਚ ਜੇਕਰ ਤੁਸੀਂ ਹੇਠ ਦਿੱਤੀ ਜਾਣਕਾਰੀ ਦੇ ਸਕੋ ਤਾਂ ਬਹੁਤ ਧੰਨਵਾਦੀ ਹੋਵਾਂਗਾ :
(ੳ) ਤੁਹਾਡੇ ਕੇਂਦਰ ਵੱਲੋਂ ਕਿਹੜੇ-ਕਿਹੜੇ ਖੇਤੀ ਸਹਾਇਕ ਧੰਦਿਆਂ ਦੇ ਸਿਖਲਾਈ-ਕੋਰਸ ਕਰਵਾਏ ਜਾਂਦੇ ਹਨ? ਕੀ ਅਲੱਗ-ਅਲੱਗ ਸਹਾਇਕ ਧੰਦੇ ਬਾਰੇ ਅਲੱਗ-ਅਲੱਗ ਕੋਰਸ ਹੈ ਜਾਂ ਕੋਈ ਅਜਿਹਾ ਕੋਰਸ ਵੀ ਹੈ ਜਿਸ ਵਿੱਚ ਇੱਕ ਤੋਂ ਵੱਧ ਖੇਤੀ ਸਹਾਇਕ ਧੰਦਿਆਂ ਬਾਰੇ ਸਿਖਲਾਈ ਦਿੱਤੀ ਜਾਂਦੀ ਹੋਵੇ?
(ਅ) ਖੇਤੀ ਸਹਾਇਕ ਧੰਦਿਆਂ ਸੰਬੰਧੀ ਕੋਰਸ ਕਿੰਨੇ-ਕਿੰਨੇ ਸਮੇਂ ਦੇ ਹਨ?
(ੲ) ਸਿਖਲਾਈ-ਕੋਰਸ ਵਿੱਚ ਦਾਖ਼ਲਾ ਲੈਣ ਲਈ ਕਿਹੜੀਆਂ ਲੋੜੀਂਦੀਆਂ ਸ਼ਰਤਾਂ ਹਨ?
(ਸ) ਸਿਖਲਾਈ ਉਪਰੰਤ ਆਪਣਾ ਧੰਦਾ ਸ਼ੁਰੂ ਕਰਨ ਲਈ ਕਿਸੇ ਕਰਜ਼ੇ ਜਾਂ ਸਬਸਿਡੀ ਦੀ ਵਿਵਸਥਾ ਹੈ ਜਾਂ ਨਹੀਂ?
ਆਸ ਹੈ ਤੁਸੀਂ ਉਪਰੋਕਤ ਜਾਣਕਾਰੀ ਦੇ ਕੇ ਧੰਨਵਾਦੀ ਬਣਾਓਗੇ ਤਾਂ ਜੋ ਮੈਂ ਲੋੜੀਂਦੇ ਸਿਖਲਾਈ-ਕੋਰਸ ਵਿੱਚ ਦਾਖ਼ਲਾ ਲੈ ਸਕਾਂ।
ਧੰਨਵਾਦ ਸਹਿਤ।
ਆਪ ਜੀ ਦਾ ਵਿਸ਼ਵਾਸਪਾਤਰ,
ਦਲਬੀਰ ਸਿੰਘ।