ਕੇਬਲ ਟੀ. ਵੀ. – ਪੈਰਾ ਰਚਨਾ
ਕੇਬਲ ਟੀ. ਵੀ. ਵਰਤਮਾਨ ਵਿਸ਼ਵ ਸਭਿਆਚਾਰ ਦਾ ਇਕ ਮਹੱਤਵਪੂਰਨ ਅੰਗ ਹੈ। ਇਸ ਰਾਹੀਂ ਦੁਨੀਆ ਭਰ ਦੇ ਟੀ. ਵੀ. ਚੈਨਲਾਂ ਨੂੰ ਇਕ ਤਾਰ – ਕੁਨੈਕਸ਼ਨ ਰਾਹੀਂ ਅਸੀਂ ਆਪਣੇ ਟੈਲੀਵਿਜ਼ਨ ਉੱਤੇ ਘਰ ਬੈਠਿਆਂ ਹੀ ਦੇਖ ਸਕਦੇ ਹਾਂ। ਅੱਜ – ਕੱਲ੍ਹ ਭਾਰਤ ਦੇ ਆਮ ਸ਼ਹਿਰ ਵਿਚ ਕੇਬਲ ਟੀ. ਵੀ. ਸੰਚਾਲਕਾਂ ਨੇ ਲੋਕਾਂ ਨੂੰ ਇਹ ਸਹੂਲਤ ਦੇਣਾ ਆਪਣਾ ਵਪਾਰ ਬਣਾਇਆ ਹੋਇਆ ਹੈ ਤੇ ਕੇਬਲ ਰਾਹੀਂ ਉਹ ਲੋਕਾਂ ਦੇ ਮਨ – ਪਰਚਾਵੇ ਲਈ ਬਹੁਤ ਕੁੱਝ ਆਪਣੇ ਕੋਲੋਂ ਵੀ ਪੇਸ਼ ਕਰਦੇ ਹਨ। ਅੱਜ ਦੇ ਸੁੰਗੜ ਰਹੇ ਵਿਸ਼ਵ ਵਿਚ ਕੇਬਲ ਟੀ. ਵੀ. ਦੀ ਭਾਰੀ ਮਹਾਨਤਾ ਹੈ। ਇਸ ਰਾਹੀਂ ਵੱਖ – ਵੱਖ ਚੈਨਲਾਂ ਤੋਂ ਫ਼ਿਲਮਾਂ, ਨਾਟਕਾਂ ਤੇ ਗਾਣਿਆਂ ਦੇ ਪ੍ਰੋਗਰਾਮਾਂ ਤੋਂ ਇਲਾਵਾ ਖ਼ਬਰਾਂ, ਮੁਕਾਬਲਿਆਂ, ਮੁਲਾਕਾਤਾਂ ਤੇ ਜਾਣਕਾਰੀ ਨਾਲ ਭਰੇ ਹੋਰ ਬਹੁਤ ਸਾਰੇ ਪ੍ਰੋਗਰਾਮ ਆਉਂਦੇ ਹਨ। ਇਸ ਕਰਕੇ ਇਹ ਸਾਡਾ ਫ਼ਰਜ਼ ਹੈ ਕਿ ਅਸੀਂ ਇਸ ਗੱਲ ਦਾ ਖ਼ਿਆਲ ਰੱਖੀਏ ਕਿ ਕੇਬਲ ਟੀ. ਵੀ. ਤੋਂ ਮਿਲਣ ਵਾਲੀਆਂ ਸਹੂਲਤਾਂ ਗਿਆਨ – ਪ੍ਰਾਪਤੀ ਤੇ ਮਨੋਰੰਜਨ ਵਿੱਚੋਂ ਸਾਨੂੰ ਕਿਸ ਲਈ ਕਿੰਨਾ ਸਮਾਂ ਖ਼ਰਚ ਕਰਨਾ ਚਾਹੀਦਾ ਹੈ। ਇਸ ਲਈ ਸਾਨੂੰ ਆਪਣੇ ਉੱਤੇ ਸ੍ਵੈ – ਅਨੁਸ਼ਾਸਨ ਲਾਗੂ ਕਰਨ ਦੀ ਜ਼ਰੂਰਤ ਹੈ। ਵੱਡੀ ਉਮਰ ਦੇ ਬੰਦਿਆਂ ਲਈ ਇਸ ਦੀ ਬਹੁਤੀ ਸਮੱਸਿਆ ਨਹੀਂ ਹੁੰਦੀ, ਪਰ ਬੱਚਿਆਂ, ਨੌਜਵਾਨਾਂ ਅਤੇ ਵਿਦਿਆਰਥੀਆਂ ਲਈ ਇਸ ਸ੍ਵੈ – ਅਨੁਸ਼ਾਸਨ ਦੀ ਬਹੁਤ ਜ਼ਰੂਰਤ ਹੈ। ਜੇਕਰ ਅਸੀਂ ਆਪਣੇ ਲਈ ਲਾਭਦਾਇਕ ਪ੍ਰੋਗਰਾਮਾਂ ਦੀ ਚੋਣ ਕਰ ਕੇ ਕੇਬਲ ਟੀ. ਵੀ. ਦੀ ਵਰਤੋਂ ਨਹੀਂ ਕਰਾਂਗੇ ਤਾਂ ਇਹ ਸਾਨੂੰ ਗਿਰਾਵਟ ਦੀ ਡੂੰਘੀ ਖੱਡ ਵਿਚ ਸੁੱਟ ਦੇਵੇਗਾ। ਕੇਬਲ ਟੀ. ਵੀ. ਦਾ ਘਰ ਵਿਚ ਕੁਨੈਕਸ਼ਨ ਲੈਣ ਦਾ ਇਹ ਮਤਲਬ ਨਹੀਂ ਹੁੰਦਾ ਕਿ ਤੁਸੀਂ ਹਰ ਵੇਲੇ ਟੀ. ਵੀ. ਦੇ ਅੱਗੇ ਹੀ ਬੈਠੇ ਰਹਿਣਾ ਹੈ ਤੇ ਹਰ ਚੰਗੇ – ਮਾੜੇ ਪ੍ਰੋਗਰਾਮ ਨੂੰ ਦੇਖਣਾ ਹੈ, ਸਗੋਂ ਇਸ ਦਾ ਮਤਲਬ ਹੈ – ਵਿਸ਼ਵ – ਪੱਧਰ ਦੇ ਪ੍ਰੋਗਰਾਮ ਦੇਖ ਕੇ ਆਪਣੇ ਆਪ ਨੂੰ ਵਿਸ਼ਵ – ਨਾਗਰਿਕ ਬਣਾਉਣਾ। ਫ਼ਿਲਮਾਂ, ਗਾਣਿਆਂ ਤੇ ਨਾਟਕਾਂ ਦਾ ਭੁਸ ਇਸ ਮੰਤਵ ਦੀ ਪੂਰਤੀ ਨਹੀਂ ਕਰਦਾ। ਸਕੂਲਾਂ ਦੇ ਅਧਿਆਪਕ ਤੇ ਮਾਪੇ ਬੱਚਿਆਂ ਦੀ ਅਜਿਹੀ ਰੁਚੀ ਦੇ ਸੁਧਾਰ ਵਿਚ ਕਾਫ਼ੀ ਹਿੱਸਾ ਪਾ ਸਕਦੇ ਹਨ। ਇਸ ਦੇ ਨਾਲ ਹੀ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਦੇਸ਼ – ਵਿਦੇਸ਼ ਦੇ ਪ੍ਰੋਗਰਾਮ ਦੇਖਦਿਆਂ ਸਾਨੂੰ ਆਪਣੇ ਦੇਸ਼ ਦੀ ਮਿੱਟੀ ਨਾਲ ਜੁੜੇ ਰਹਿਣਾ ਚਾਹੀਦਾ ਹੈ ਤੇ ਵਿਦੇਸ਼ੀ ਸਭਿਆਚਾਰ ਦੇ ਮੁਕਾਬਲੇ ਆਪਣੇ ਸੱਭਿਆਚਾਰ ਦੀਆਂ ਕੀਮਤਾਂ ਤੇ ਵਡਿਆਈਆਂ ਨੂੰ ਹੋਰ ਵੀ ਸ਼ਿੱਦਤ ਨਾਲ ਮਾਣਨਾ ਚਾਹੀਦਾ ਹੈ। ਸਾਨੂੰ ਬਾਹਰੀ ਪ੍ਰਭਾਵਾਂ ਹੇਠ ਆਪਣੇ ਆਪ ਨੂੰ ਨਹੀਂ ਭੁੱਲਣਾ ਚਾਹੀਦਾ। ਸਾਨੂੰ ਆਪਣੇ ਆਪ ਨੂੰ ਦੇਸੀ ਜਾਂ ਵਿਦੇਸ਼ੀ ਟੀ. ਵੀ. ਦੇ ਗ਼ੁਲਾਮ ਨਹੀਂ ਬਣਾਉਣਾ ਚਾਹੀਦਾ, ਸਗੋਂ ਆਪਣੀ ਸੁੱਧ ਤੇ ਬੁੱਧ ਦੋਹਾਂ ਨੂੰ ਕਾਇਮ ਰੱਖਦਿਆਂ ਇਸ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।