EducationKidsNCERT class 10thPunjab School Education Board(PSEB)

ਕੁਲਫ਼ੀ ਕਹਾਣੀ ਦਾ ਸਾਰ

ਪ੍ਰਸ਼ਨ . ਕੁਲਫ਼ੀ ਕਹਾਣੀ ਦਾ ਸਾਰ 150 ਸ਼ਬਦਾਂ ਵਿੱਚ ਲਿਖੋ।

ਉੱਤਰ – ਜੂਨ ਦੇ ਮਹੀਨੇ ਦੀ 26 ਤਾਰੀਖ਼ ਸੀ ਅਤੇ ਲੇਖਕ ਆਪਣੀ ਆਰਥਿਕ ਦਸ਼ਾ ਬਾਰੇ ਸੋਚ ਕੇ ਪਰੇਸ਼ਾਨ ਹੋ ਰਿਹਾ ਸੀ।

ਜਦੋਂ ਉਸ ਦੇ ਕਾਕੇ ਨੇ ਮੁਰਮੁਰਾ ਖਾਣ ਲਈ ਟਕਾ ਮੰਗਿਆ ਤਾਂ ਉਸ ਨੇ ਬੱਚੇ ਨੂੰ ਇਹ ਕਹਿ ਕੇ ਟਾਲ ਦਿੱਤਾ ਕਿ ਉਹ ਉਸਨੂੰ ਸ਼ਾਮ ਨੂੰ ਕੁਲਫ਼ੀ ਖੁਆਇਗਾ।

ਇਹ ਕਹਿ ਕੇ ਉਹ ਘਰੋਂ ਚਲਾ ਗਿਆ। ਮਹੀਨੇ ਦਾ ਅਖ਼ੀਰ ਹੋਣ ਕਰਕੇ ਉਸ ਕੋਲ ਕੋਈ ਪੈਸਾ ਨਹੀਂ ਸੀ। ਉਹ ਸੋਚਦਾ ਹੈ ਕਿ ਉਹ ਮਾਲਿਕ ਨੂੰ ਤਨਖ਼ਾਹ ਵਧਾਉਣ ਲਈ ਕਹੇਗਾ।

ਪਰ ਆਪਣੀ ਨੌਕਰੀ ਚਲੀ ਜਾਣ ਦੇ ਡਰ ਤੋਂ ਉਹ ਆਪਣਾ ਫ਼ੈਸਲਾ ਬਦਲ ਦਿੰਦਾ ਹੈ। ਰਾਤ ਨੂੰ ਵੀ ਉਹ ਆਪਣੇ ਕਾਕੇ ਨੂੰ ‘ਰਾਤ ਬਹੁਤ ਹੋ ਗਈ’ ਦਾ ਬਹਾਨਾ ਲਗਾ ਕੇ ਕੁਲਫ਼ੀ ਖੁਆਉਣ ਨੂੰ ਅਗਲੇ ਦਿਨ ‘ਤੇ ਟਾਲ ਦਿੰਦਾ ਹੈ।

ਅਗਲੇ ਦਿਨ ਲੇਖਕ ਆਪਣੇ ਦੋਸਤ ਕੋਲੋਂ ਤਿੰਨ ਰੁਪਏ ਉਧਾਰ ਲੈਂਦਾ ਹੈ ਜੋ ਘਰ ਦੇ ਰਾਸ਼ਨ ਵਿੱਚ ਮੁੱਕ ਜਾਂਦੇ ਹਨ। ਉਸ ਦਿਨ ਵੀ ਉਹ ਕਾਕੇ ਨੂੰ ਕੁਲਫ਼ੀ ਨਾ ਖੁਆ ਸੱਕਣ ਤੇ ਉਦਾਸ ਹੁੰਦਾ ਹੈ। ਕਾਕਾ ਰਾਤ ਨੂੰ ਸੁੱਤੇ ਪਏ ਵੀ ‘ਕੁਫ਼ੀ – ਕੁਫ਼ੀ’ ਬੜਬੜਾਉਂਦਾ ਹੈ।

ਅਗਲੇ ਦਿਨ ਕਾਕਾ ਕੁਲਫ਼ੀ ਦੀ ਮੰਗ ਨਹੀਂ ਕਰਦਾ। ਦੁਪਹਿਰ ਵੇਲੇ ਕੁਲਫ਼ੀ ਵਾਲੇ ਦਾ ਹੌਕਾ ਸੁਣਾਈ ਦਿੰਦਾ ਹੈ। ਕਾਕਾ ਬਾਹਰ ਜਾਂਦਾ ਹੈ ਅਤੇ ਲੇਖਕ ਵੀ ਉਸ ਦੇ ਪਿੱਛੇ ਜਾਂਦਾ ਹੈ। ਬਾਹਰ ਕੁਲਫ਼ੀ ਵਾਲਾ ਸ਼ਾਹਾਂ ਦੇ ਮੁੰਡੇ ਨੂੰ ਕੁਲਫ਼ੀ ਦੇ ਰਿਹਾ ਹੈ।

ਉਹ ਮੁੰਡਾ ਆਪਣੇ ਤੋਂ ਛੋਟੇ ਮੁੰਡਿਆਂ ਨੂੰ ਕੁੱਟਿਆ ਕਰਦਾ ਹੈ। ਕਾਕਾ ਉਸਨੂੰ ਧੱਕਾ ਮਾਰ ਕੇ ਗਿਰਾ ਦਿੰਦਾ ਹੈ।

ਜਦੋਂ ਮੁੰਡੇ ਦੀ ਮਾਂ ਲੇਖਕ ਦੇ ਘਰ ਉਲ੍ਹਾਮਾ ਲੈ ਕੇ ਆਉਂਦੀ ਹੈ ਤਾਂ ਉਸ ਦੀ ਪਤਨੀ ਕਾਕੇ ਨੂੰ ਮਾਰਨ ਲੱਗਦੀ ਹੈ।

ਲੇਖਕ ਉਸ ਨੂੰ ਕਹਿੰਦਾ ਹੈ “ਕੁੱਝ ਵੰਡ ਸ਼ੁਦੈਣੇ ਕਾਇਰ ਪਿਉ ਦੇ ਘਰ ਬਹਾਦਰ ਮੁੰਡਾ ਜੱਮਿਐ।”