ਕੁਲਫ਼ੀ : ਪ੍ਰਸ਼ਨ-ਉੱਤਰ


ਕੁਲਫ਼ੀ : ਸੁਜਾਨ ਸਿੰਘ


ਪ੍ਰਸ਼ਨ 1. ਕੁਲਫ਼ੀ ਕਹਾਣੀ ਦੇ ਵਿਸ਼ੇ ਬਾਰੇ ਜਾਣਕਾਰੀ ਦਿਓ।

ਉੱਤਰ : ‘ਕੁਲਫ਼ੀ’ ਕਹਾਣੀ ਦਾ ਵਿਸ਼ਾ ਆਰਥਿਕ ਤੰਗੀ ਦਾ ਸ਼ਿਕਾਰ ਇੱਕ ਅਜਿਹੇ ਮਨੁੱਖ ਨਾਲ ਸੰਬੰਧਿਤ ਹੈ ਜੋ ਆਪਣੇ ਬੱਚੇ ਦੀ ਮੁਰਮੁਰੇ ਅਤੇ ਕੁਲਫ਼ੀ ਦੀ ਮਾਮੂਲੀ ਇੱਛਾ ਵੀ ਪੂਰੀ ਨਹੀਂ ਕਰ ਸਕਦਾ। ਇਸ ਕਹਾਣੀ ਵਿੱਚ ਇੱਕ ਬੱਚੇ ਦੀ ਮਾਨਸਿਕਤਾ ਅਤੇ ਮਨੁੱਖ ਦੇ ਬੇਰੁਜ਼ਗਾਰੀ ਦੇ ਡਰ ਨੂੰ ਵੀ ਪ੍ਰਗਟਾਇਆ ਗਿਆ ਹੈ।

ਪ੍ਰਸ਼ਨ 2. ‘ਕੁਲਫੀ’ ਕਹਾਣੀ ਵਿੱਚ ਮਹੀਨੇ ਦੇ ਪਹਿਲੇ ਪੰਦਰਾਂ ਦਿਨਾਂ ਦੇ ਝੱਟ-ਪੱਟ ਮੁੱਕ ਜਾਣ ਅਤੇ ਤਨਖ਼ਾਹ ਦੇ ਉੱਡ-ਪੁੱਡ ਜਾਣ ਬਾਰੇ ਲੇਖਕ/ਕਹਾਣੀਕਾਰ ਨੇ ਜੋ ਜਾਣਕਾਰੀ ਦਿੱਤੀ ਹੈ ਉਸ ਨੂੰ 25-30 ਸ਼ਬਦਾਂ ਵਿੱਚ ਬਿਆਨ ਕਰੋ।

ਉੱਤਰ : ਲੇਖਕ/ਕਹਾਣੀਕਾਰ ਅਨੁਸਾਰ ਮਹੀਨਾ ਮੁੱਕਣ ‘ਤੇ ਸੀ ਪਰ ਇਹ ਮੁੱਕਣ ਵਿੱਚ ਨਹੀਂ ਸੀ ਆਉਂਦਾ। ਉਹ ਸੋਚ ਰਿਹਾ ਸੀ ਕਿ ਮਹੀਨੇ ਦੇ ਪਹਿਲੇ ਅੱਧ ਦੇ ਪੰਦਰਾਂ ਦਿਨ ਝੱਟ-ਪੱਟ ਹੀ ਬੀਤ ਜਾਂਦੇ ਹਨ ਅਤੇ ਤਨਖ਼ਾਹ ਵੀ ਇਹਨਾਂ ਦਿਨਾਂ ਵਿੱਚ ਹੀ ਕਿਤੇ ਉੱਡ-ਪੁੱਡ ਜਾਂਦੀ ਹੈ।

ਪ੍ਰਸ਼ਨ 3. ‘ਮਲਾਈ ਵਾਲ਼ੀ ਕੁਲਫ਼ੀ’ ਦੀ ਠੰਢੀ-ਠਾਰ ਅਵਾਜ਼ ਦਾ ਲੇਖਕ/ਕਹਾਣੀਕਾਰ ‘ਤੇ ਕੀ ਅਸਰ ਹੋਇਆ ?

ਉੱਤਰ : ਮਲਾਈ ਵਾਲੀ ਕੁਲਫ਼ੀ ਵਾਲ਼ੇ ਦੀ ਠੰਢੀ-ਠਾਰ ਅਵਾਜ਼ ਕਿੰਨਾ ਚਿਰ ਕਹਾਣੀਕਾਰ ਦੇ ਕੰਨਾਂ ਵਿੱਚ ਗੂੰਜਦੀ ਰਹੀ। ਚਿੱਟੀ ਦੁੱਧ ਕੁਲਫ਼ੀ ਸਾਕਾਰ ਹੋ ਕੇ ਲੇਖਕ ਦੀਆਂ ਅੱਖਾਂ ਸਾਮ੍ਹਣੇ ਨੱਚਣ ਲੱਗੀ। ਉਸ ਦੇ ਮੂੰਹ ਵਿੱਚ ਪਾਣੀ ਆ ਗਿਆ। ਪਰ ਉਹ ਆਰਥਿਕ ਤੰਗੀ ਦਾ ਸ਼ਿਕਾਰ ਸੀ। ਇਸ ਲਈ ਉਸ ਨੂੰ ਕੁਲਫ਼ੀ ਖਾਣ ਦੀ ਆਪਣੀ ਇੱਛਾ ਨੂੰ ਦਬਾਉਣਾ ਪਿਆ।

ਪ੍ਰਸ਼ਨ 4. ਦੁਪਹਿਰ ਦੀ ਨੀਂਦ ਲੈ ਰਹੇ ਲੇਖਕ ਨੂੰ ਕਾਕਾ ਕਿਉਂ ਜਗਾਉਂਦਾ ਹੈ?

ਉੱਤਰ : ਦੁਪਹਿਰ ਦੀ ਨੀਂਦ ਲੈ ਰਹੇ ਲੇਖਕ ਨੂੰ ਕਾਕਾ ਹਲੂਣ ਕੇ ਜਗਾ ਦਿੰਦਾ ਹੈ। ਲੇਖਕ ਦੇ ਪੁੱਛਣ ‘ਤੇ ਉਹ ਇੱਕ ਟਕੇ ਦੀ ਮੰਗ ਕਰਦਾ ਹੈ। ਉਹ ਟਕੇ ਦਾ ਮੁਰਮੁਰਾ ਲੈਣਾ ਚਾਹੁੰਦਾ ਸੀ।

ਪ੍ਰਸ਼ਨ 5. ਲੇਖਕ ਨੂੰ ਖ਼ਰਚਣ ਲਈ ਕੀ ਮਿਲ਼ਦਾ ਸੀ ਅਤੇ ਉਹ ਉਸ ਦਾ ਕੀ ਲੈਂਦਾ ਸੀ?

ਉੱਤਰ : ਪਹਿਲੀ ਜੰਗ ਤੋਂ ਬਾਅਦ ਜਦ ਮਹਿੰਗਾਈ ਬਹੁਤ ਹੋ ਗਈ ਸੀ ਤਾਂ ਲੇਖਕ ਨੂੰ ਖ਼ਰਚਣ ਲਈ ਧੇਲਾ ਮਿਲਦਾ ਸੀ। ਇਸ ਧੇਲੇ ਦੇ ਮਸੱਦੀ ਰਾਮ ਤੋਂ ਲਿਆਂਦੇ ਛੋਲੇ ਮੁਕਣ ਵਿੱਚ ਹੀ ਨਹੀਂ ਸਨ ਆਉਂਦੇ।

ਪ੍ਰਸ਼ਨ 6. ਲੇਖਕ/ਕਹਾਣੀਕਾਰ ਆਪਣੀ ਅਤੇ ਆਪਣੇ ਪਿਤਾ ਦੀ ਆਮਦਨ ਅਤੇ ਪੜ੍ਹਾਈ ਦਾ ਕੀ ਮੁਕਾਬਲਾ ਕਰਦਾ ਹੈ?

ਉੱਤਰ : ਲੇਖਕ/ਕਹਾਣੀਕਾਰ ਦੱਸਦਾ ਹੈ ਕਿ ਉਸ ਦੀ ਆਮਦਨ ਉਸ ਦੇ ਪਿਤਾ ਦੀ ਆਮਦਨ ਤੋਂ ਬਹੁਤ ਥੋੜ੍ਹੀ (ਪਾਸਕ ਵੀ ਨਹੀਂ) ਸੀ। ਦੂਸਰੇ ਪਾਸੇ ਉਸ ਦੀ (ਕਹਾਣੀਕਾਰ ਦੀ) ਆਪਣੀ ਪੜ੍ਹਾਈ ਉਸ ਦੇ ਪਿਤਾ ਤੋਂ ਕਈ ਗੁਣਾ ਵੱਧ ਸੀ।

ਪ੍ਰਸ਼ਨ 7. ਲੇਖਕ ਕਾਕੇ ਨੂੰ ਟਕਾ ਨਾ ਦੇਣ ਲਈ ਕਿਹੜੇ – ਕਿਹੜੇ ਬਹਾਨੇ ਘੜਦਾ ਹੈ?

ਉੱਤਰ : ਲੇਖਕ ਕਾਕੇ ਨੂੰ ਟਕਾ ਨਾ ਦੇਣ ਲਈ ਕਈ ਬਹਾਨੇ ਘੜਦਾ ਹੈ। ਕਦੇ ਉਹ ਕਹਿੰਦਾ ਹੈ ਕਿ ਉਸ ਨੇ (ਕਾਕੇ ਨੇ) ਟਕਾ ਕੀ ਕਰਨਾ ਹੈ? ਉਹ ਕਦੇ ਕਹਿੰਦਾ ਹੈ ਕਿ ਟਕਾ ਭੈੜਾ ਹੁੰਦਾ ਹੈ, ਕਦੇ ਕਹਿੰਦਾ ਹੈ ਕਿ ਮੁਰਮੁਰਾ ਭੈੜਾ ਹੁੰਦਾ ਹੈ ਤੇ ਫਿਰ ਕਹਿੰਦਾ ਹੈ ਕਿ ਇਸ ਨਾਲ ਖੰਘ ਲੱਗ ਜਾਂਦੀ ਹੈ | ਅਖੀਰ ਕਹਾਣੀਕਾਰ ਕਾਕੇ ਨੂੰ ਟਾਲਨ ਲਈ ਕੁਲਫ਼ੀ ਦਾ ਲਾਲਚ ਦਿੰਦਾ ਹੈ ।

ਪ੍ਰਸ਼ਨ 8. ਲੇਖਕ ਨੇ ਕਾਕੇ ਨੂੰ ਟਾਲਨ ਲਈ ਕਿਹੜਾ ਲਾਲਚ ਦਿੱਤਾ ਅਤੇ ਕਿਉਂ?

ਉੱਤਰ : ਕਾਕਾ ਮੁਰਮੁਰੇ ਲਈ ਟਕੇ ਦੀ ਮੰਗ ਕਰ ਰਿਹਾ ਸੀ ਪਰ ਲੇਖਕ ਕੋਲ ਟਕਾ ਨਹੀਂ ਸੀ। ਇਸ ਲਈ ਉਸ ਨੇ ਕਾਕੇ ਨੂੰ ਟਾਲਣ ਲਈ ਸ਼ਾਮੀ ਕੁਲਫ਼ੀ ਖੁਆਉਣ ਦਾ ਲਾਲਚ ਦਿੱਤਾ।

ਪ੍ਰਸ਼ਨ 9. ਲੇਖਕ ਕੜਕਦੀ ਧੁੱਪ ਵਿੱਚ ਸੜਕਾਂ ‘ਤੇ ਸਮਾਂ ਕਿਉਂ ਬਰਬਾਦ ਕਰਦਾ ਰਿਹਾ?

ਉੱਤਰ : ਲੇਖਕ ਨੇ ਸੋਚਿਆ ਕਿ ਕਿਤੇ ਕੋਈ ਹੋਰ ਛਾਬੜੀ ਵਾਲਾ ਨਾ ਆ ਜਾਵੇ। ਇਸ ਲਈ ਉਹ ਕੜਕਦੀ ਧੁੱਪ ਵਿੱਚ ਬਾਹਰ ਨਿਕਲ ਗਿਆ ਅਤੇ ਸੜਕਾਂ ‘ਤੇ ਸਮਾਂ ਬਰਬਾਦ ਕਰਦਾ ਰਿਹਾ।

ਪ੍ਰਸ਼ਨ 10. ਲੇਖਕ ਤਨਖ਼ਾਹ ਵਧਾਉਣ ਦੀ ਮੰਗ ਤੋਂ ਕਿਉਂ ਡਰਦਾ ਹੈ?

ਉੱਤਰ : ਲੇਖਕ ਤਨਖ਼ਾਹ ਵਧਾਉਣ ਦੀ ਮੰਗ ਇਸ ਲਈ ਨਹੀਂ ਕਰਦਾ ਕਿਉਂਕਿ ਅਜਿਹੀ ਮੰਗ ਕਰਨ ‘ਤੇ ਕਈ ਵਾਰ ਨੌਕਰੀ ਤੋਂ ਜਵਾਬ ਮਿਲ ਜਾਂਦਾ ਹੈ। ਇਸ ਲਈ ਉਹ ਚੁੱਪ ਰਹਿਣਾ ਹੀ ਚੰਗਾ ਸਮਝਦਾ ਹੈ।

ਪ੍ਰਸ਼ਨ 11. ਲੋੜਵੰਦਾਂ ਨੂੰ ਇਕੱਠੇ ਕਿਉਂ ਨਹੀਂ ਰਹਿਣ ਦਿੱਤਾ ਜਾਂਦਾ?

ਉੱਤਰ : ਇਕੱਲੇ ਦੀ ਅਵਾਜ਼ ਸੁਣੀ ਨਹੀਂ ਜਾਂਦੀ ਅਤੇ ਲੋੜਵੰਦ ਇਕੱਠੇ ਹੋ ਨਹੀਂ ਸਕਦੇ। ਜੇਕਰ ਉਹ ਇਕੱਠੇ ਹੋ ਵੀ ਜਾਣ ਤਾਂ ਉਹਨਾਂ ਨੂੰ ਇਕੱਠੇ ਰਹਿਣ ਨਹੀਂ ਦਿੱਤਾ ਜਾਂਦਾ ਤਾਂ ਜੋ ਇਕੱਠੀ ਮੰਗ ਨਾ ਕਰਨ।

ਪ੍ਰਸ਼ਨ 12. “ਬੇਰੁਜ਼ਗਾਰੀ ਦੇ ਭਿਆਨਕ ਭਵਿਖ ਨੇ ਮੈਨੂੰ ਕੰਬਾ ਦਿੱਤਾ।” ਇਹ ਸ਼ਬਦ ਕਿਸ ਪ੍ਰਸੰਗ ਵਿੱਚ ਕਹੇ ਗਏ ਹਨ?

ਉੱਤਰ : ਲੇਖਕ/ਕਹਾਣੀਕਾਰ ਆਪਣੇ ਮਾਲਕ ਤੋਂ ਤਨਖ਼ਾਹ ਵਧਾਉਣ ਦੀ ਮੰਗ ਕਰਨ ਤੋਂ ਡਰਦਾ ਹੈ ਕਿਉਂਕਿ ਅਜਿਹਾ ਕਰਨ ਤੋਂ ਕਈ ਵਾਰ ਨੌਕਰੀ ਤੋਂ ਜਵਾਬ ਹੋ ਜਾਂਦਾ ਹੈ। ਬੇਰੁਜ਼ਗਾਰੀ ਦੇ ਭਿਆਨਕ ਭਵਿਖ ਨੇ ਕਹਾਣੀਕਾਰ ਨੂੰ ਵੀ ਕੰਬਾ ਦਿੱਤਾ ਸੀ। ਇਸ ਲਈ ਉਸ ਨੇ ਕਾਇਰਾਂ ਵਾਂਗ ਹੁਣ ਵੀ ਚੁੱਪ ਰਹਿਣ ਦਾ ਫ਼ੈਸਲਾ ਕੀਤਾ।

ਪ੍ਰਸ਼ਨ 13. ਲੇਖਕ ਨੇ ਕਾਕੇ ਦਾ ਸੁਰਗ/ਸਵਰਗ ਕਿਵੇਂ ਢਾਹ ਦਿੱਤਾ?

ਉੱਤਰ : ਕਾਕਾ ਅਸਮਾਨ ਦੇ ਤਾਰਿਆਂ ਨੂੰ ਰੁਪਈਏ ਸਮਝਦਾ ਸੀ। ਪਰ ਲੇਖਕ ਨੇ ਇਹ ਆਖ ਕੇ ਕਿ ਤਾਰੇ ਰੁਪਈਏ ਨਹੀਂ ਹੁੰਦੇ, ਕਾਕੇ ਦਾ ਸੁਰਗ/ਸਵਰਗ ਢਾਹ ਦਿੱਤਾ।

ਪ੍ਰਸ਼ਨ 14. ਕਿਸੇ ਤੋਂ ਕੁਝ ਮੰਗਣ ਬਾਰੇ ਲੇਖਕ ਦੇ ਕੀ ਵਿਚਾਰ ਹਨ?

ਉੱਤਰ : ਕਿਸੇ ਤੋਂ ਕੁਝ ਮੰਗਣ ਬਾਰੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਲੇਖਕ ਲਿਖਦਾ ਹੈ ਕਿ ਮੰਗਣਾ ਬਹੁਤ ਔਖਾ ਹੁੰਦਾ ਹੈ। ਉਸ ਅਨੁਸਾਰ ਮੰਗਣ ਵਿੱਚ ਮੌਤ ਜਿੰਨਾ ਹੀ ਦੁੱਖ ਹੁੰਦਾ ਹੈ।

ਪ੍ਰਸ਼ਨ 15. ਲੇਖਕ ਨੇ ਆਪਣੇ ਸਾਥੀ ਤੋਂ ਜਿਹੜੇ ਤਿੰਨ ਰੁਪਏ ਲਏ ਸਨ ਉਹ ਕਿਸ ਨੇ ਮੁੱਛ ਲਏ/ਲੈ ਲਏ?

ਉੱਤਰ : ਜਦ ਲੇਖਕ ਦੁਪਹਿਰ ਨੂੰ ਘਰ ਆਇਆ ਤਾਂ ਉਸ ਦੀ ਪਤਨੀ ਨੇ ਉਸ ਨੂੰ ਰੋਟੀ ਖੁਆਉਂਦਿਆਂ ਅੱਧ ਮਣ ਲੱਕੜਾਂ, ਸ਼ਾਮ ਦੀ ਸਬਜ਼ੀ, ਲੂਣ, ਤੇਲ ਆਦਿ ਦੀਆਂ ਲੋੜਾਂ ਦੱਸ ਕੇ ਤਿੰਨ ਰੁਪਏ ਲੈ ਲਏ/ਮੁੱਛ ਲਏ।

ਪ੍ਰਸ਼ਨ 16. ਲੇਖਕ ਦੀ ਪਤਨੀ ਨੇ ਕਿਹੜੀਆਂ ਲੋੜਾਂ ਦੱਸ ਕੇ ਉਸ ਤੋਂ ਤਿੰਨ ਰੁਪਏ ਲਏ?

ਉੱਤਰ : ਲੇਖਕ ਨੇ ਆਪਣੇ ਇੱਕ ਸਾਥੀ ਤੋਂ ਤਿੰਨ ਰੁਪਏ ਲਏ ਕਿਉਂਕਿ ਉਹ ਕਾਕੇ ਨੂੰ ਕੁਲਫ਼ੀ ਖੁਆਉਣਾ ਚਾਹੁੰਦਾ ਸੀ। ਪਰ ਲੇਖਕ ਦੇ ਘਰ ਆਉਣ ‘ਤੇ ਉਸ ਦੀ ਪਤਨੀ ਨੇ ਅੱਧ ਮਣ ਲੱਕੜਾਂ, ਸ਼ਾਮ ਦੀ ਸਬਜ਼ੀ ਅਤੇ ਲੂਣ, ਤੇਲ ਦੀਆਂ ਲੋੜਾਂ ਦੱਸ ਕੇ ਉਸ ਤੋਂ ਤਿੰਨ ਰੁਪਏ ਲੈ ਲਏ।

ਪ੍ਰਸ਼ਨ 17. “ਬੜਾ ਉਹਨੂੰ ਯਾਦ ਰਹਿਣੈ। ਮੈਂ ਟਕਾ ਦੇ ਛੱਡਾਂਗੀ ਮੁਰਮੁਰੇ ਲਈ।” ਲੇਖਕ ਦੀ ਪਤਨੀ ਵੱਲੋਂ ਇਹ ਸ਼ਬਦ ਕਿਸ ਪ੍ਰਸੰਗ ਵਿੱਚ ਕਹੇ ਗਏ ਹਨ?

ਉੱਤਰ : ਲੇਖਕ ਨੇ ਆਪਣੇ ਇੱਕ ਸਾਥੀ ਤੋਂ ਤਿੰਨ ਰੁਪਏ ਲਏ ਪਰ ਘਰ ਆਉਣ ‘ਤੇ ਉਸ ਦੀ ਪਤਨੀ ਨੇ ਘਰ ਦੀਆਂ ਲੋੜਾਂ ਦੱਸ ਕੇ ਉਹ ਤਿੰਨ ਰੁਪਏ ਉਸ ਤੋਂ ਮੁੱਛ ਲਏ/ਲੈ ਲਏ। ਲੇਖਕ ਨੇ ਕਾਕੇ ਨੂੰ ਕੁਲਫ਼ੀ ਖੁਆਉਣ ਲਈ ਕਿਹਾ ਤਾਂ ਉਸ ਦੀ ਪਤਨੀ ਨੇ ਇਹ ਸ਼ਬਦ ਕਹੇ।

ਪ੍ਰਸ਼ਨ 18. ਲੇਖਕ/ਕਹਾਣੀਕਾਰ ਸ਼ਾਮ ਤੋਂ ਪਹਿਲਾਂ ਹੀ ਖੇਡਣ ਦੇ ਬਹਾਨੇ ਘਰੋਂ ਕਿਉਂ ਚਲਾ ਗਿਆ ਸੀ?

ਉੱਤਰ : ਲੇਖਕ/ਕਹਾਣੀਕਾਰ ਕੋਲ ਕਾਕੇ ਨੂੰ ਕੁਲਫ਼ੀ ਖੁਆਉਣ ਲਈ ਪੈਸੇ ਨਹੀਂ ਸਨ। ਇਸ ਲਈ ਉਹ ਸ਼ਾਮ ਤੋਂ ਪਹਿਲਾਂ ਹੀ ਖੇਡਣ ਬਹਾਨੇ ਘਰੋਂ ਚਲਾ ਗਿਆ। ਉਹ ਢੇਰ ਰਾਤ ਬੀਤਣ ‘ਤੇ ਵਾਪਸ ਘਰ ਆਇਆ ਜਦੋਂ ਕਾਕਾ ਸੌਂ ਚੁੱਕਾ ਸੀ।

ਪ੍ਰਸ਼ਨ 19. “ਖ਼ਸਮਾਂ-ਖਾਣਾ ਸੁੱਤਾ ਪਿਆ ਵੀ ਕੁਲਫ਼ੀਆਂ ਮੰਗਦੈ।” ਇਹ ਸ਼ਬਦ ਕਿਸ ਨੇ ਕਿਸ ਪ੍ਰਸੰਗ ਵਿੱਚ ਕਹੇ?

ਉੱਤਰ : ਕਾਕਾ ਰਾਤ ਨੂੰ ਬੁੜ-ਬੁੜਾਉਂਦਾ ਹੋਇਆ ਵੀ ਕੁਫ਼ੀ, ਕੁਫ਼ੀ (ਕੁਲਫ਼ੀ) ਕਹਿ ਰਿਹਾ ਸੀ। ਕਹਾਣੀਕਾਰ ਦੀ ਪਤਨੀ ਨੇ ਇਹ ਜਾਣਦਿਆਂ ਕਿ ਉਹ (ਕਹਾਣੀਕਾਰ) ਜਾਗ ਰਿਹਾ ਹੈ, ਇਹ ਸ਼ਬਦ ਕਹੇ।

ਪ੍ਰਸ਼ਨ 20. ਸ਼ਾਹ ਜੀ ਦੇ ਲੜਕੇ/ਮੁੰਡੇ ਬਾਰੇ ਜਾਣਕਾਰੀ ਦਿਓ।

ਉੱਤਰ : ਸ਼ਾਹ ਜੀ ਦੇ ਲੜਕੇ/ਮੁੰਡੇ ਦੀ ਉਮਰ ਅੱਠ ਕੁ ਸਾਲਾਂ ਦੀ ਸੀ। ਇਹ ਮੁੰਡਾ ਗਲੀ ਦਾ ਬੁਲੀ ਸੀ। ਉਹ ਕਾਕੇ ਤੋਂ ਤਿੰਨ ਕੁ ਸਾਲ ਵੱਡਾ ਸੀ। ਉਹ ਆਪਣੇ ਤੋਂ ਛੋਟੇ ਮੁੰਡਿਆਂ ਨੂੰ ਹਮੇਸ਼ਾਂ ਕੁੱਟਿਆ ਕਰਦਾ ਸੀ। ਪਰ ਕਾਕੇ ਨੇ ਉਸ ਨੂੰ ਨਾਲੀ ਵਿੱਚ ਸੁੱਟ ਦਿੱਤਾ ਸੀ।

ਪ੍ਰਸ਼ਨ 21. ਜਦ ਕੁਲਫ਼ੀ ਵਾਲ਼ੇ ਨੇ ਕੁਲਫ਼ੀ ਦੀ ਪਲੇਟ ਸ਼ਾਹਾਂ ਦੇ ਮੁੰਡੇ ਦੇ ਹੱਥ ‘ਤੇ ਰੱਖੀ ਤਾਂ ਕਾਕੇ ਨੇ ਕੀ ਕੀਤਾ?

ਉੱਤਰ : ਜਦ ਕੁਲਫ਼ੀ ਵਾਲੇ ਨੇ ਕੁਲਫ਼ੀ ਦੀ ਪਲੇਟ ਸ਼ਾਹਾਂ ਦੇ ਮੁੰਡੇ ਦੇ ਹੱਥ ‘ਤੇ ਰੱਖੀ ਤਾਂ ਕਾਕਾ ਧੁੱਸ ਦੇ ਕੇ ਉਸ ਨੂੰ ਪੈ ਗਿਆ। ਪਲੇਟ, ਕੁਲਫ਼ੀ, ਫ਼ਲੂਦਾ ਤੇ ਚਮਚਾ ਸਭ ਡਿਗ ਗਏ ਤੇ ਸ਼ਾਹਾਂ ਦਾ ਮੁੰਡਾ ਨਾਲੀ ਵਿੱਚ ਜਾ ਡਿੱਗਾ।

ਪ੍ਰਸ਼ਨ 22. ਕਾਕੇ ਵੱਲੋਂ ਸ਼ਾਹਾਂ ਦੇ ਮੁੰਡੇ ਨੂੰ ਢੁੱਡ ਮਾਰਨ ‘ਤੇ ਕੀ ਹੋਇਆ?

ਉੱਤਰ : ਜਦ ਨਾਲੀ ਵਿੱਚ ਡਿੱਗਾ ਸ਼ਾਹਾਂ ਦਾ ਮੁੰਡਾ ਉੱਠਿਆ ਤਾਂ ਕਾਕੇ ਨੇ ਉਸ ਨੂੰ ਅਜਿਹੀ ਢੁੱਡ ਮਾਰੀ ਕਿ ਉਹ ਮੁੜ ਨਾਲੀ ਵਿੱਚ ਜਾ ਡਿੱਗਾ ਅਤੇ ਚੀਕਾਂ ਮਾਰਨ ਲੱਗਾ। ਕੁਲਫ਼ੀ ਵਾਲੇ ਨੇ ਉਸ ਨੂੰ ਚੁੱਕਿਆ।

ਪ੍ਰਸ਼ਨ 23. ਸ਼ਾਹਣੀ ਦੇ ਉਲਾਂਭਾ ਲੈ ਕੇ ਆਉਣ ‘ਤੇ ਕਾਕੇ ਦੀ ਮਾਂ ਦਾ ਕੀ ਪ੍ਰਤਿਕਰਮ ਸੀ?

ਉੱਤਰ : ਜਦ ਸ਼ਾਹਣੀ ਉਲਾਂਭਾ ਲੈ ਕੇ ਲੇਖਕ ਦੇ ਘਰ ਆਈ ਤਾਂ ਕਾਕੇ ਦੀ ਮਾਂ ਨੇ ਉਸ ਨੂੰ ਝਿੜਕਦਿਆਂ ਕਿਹਾ, “ਆ ਖ਼ਸਮਾਂ ਖਾਣਿਆ, ਤੂੰ ਲੱਗੈਂ ਹੁਣੇ ਉਲਾਂਭੇ ਲਿਆਉਣ?” ਉਹ ਕਾਕੇ ਨੂੰ ਚਪੇੜ ਮਾਰਨ ਲੱਗੀ ਤਾਂ ਲੇਖਕ ਨੇ ਉਸ ਨੂੰ ਕਿਹਾ, “ਕੁਝ ਵੰਡ ਸ਼ੁਦੈਣੇ, ਕਾਇਰ ਪਿਉ ਦੇ ਘਰ ਬਹਾਦਰ ਮੁੰਡਾ ਜੰਮਿਐ।”

ਪ੍ਰਸ਼ਨ 24. ਲੇਖਕ ਆਪਣੇ ਆਪ ਨੂੰ ਕਾਇਰ ਅਤੇ ਕਾਕੇ ਨੂੰ ਬਹਾਦਰ ਕਿਉਂ ਕਹਿੰਦਾ ਹੈ?

ਉੱਤਰ : ਲੇਖਕ ਆਪਣੇ ਆਪ ਨੂੰ ਕਾਇਰ ਕਹਿੰਦਾ ਹੈ ਕਿਉਂਕਿ ਉਹ ਨੌਕਰੀ ਤੋਂ ਜਵਾਬ ਮਿਲਨ ਦੇ ਡਰ ਤੋਂ ਆਪਣੇ ਮਾਲਕ ਨੂੰ ਤਨਖ਼ਾਹ ਵਧਾਉਣ ਲਈ ਨਹੀਂ ਸੀ ਕਹਿ ਸਕਿਆ। ਪਰ ਉਹ ਕਾਕੇ ਨੂੰ ਸ਼ਾਹਾਂ ਦੇ ਮੁੰਡੇ ਤੋਂ ਕੁਲਫ਼ੀ ਖੋਹਣ ਕਾਰਨ ਬਹਾਦਰ ਕਹਿੰਦਾ ਹੈ।

ਪ੍ਰਸ਼ਨ 25. ‘ਕੁਲਫ਼ੀ’ ਕਹਾਣੀ ਵਿੱਚ ਇੱਕ ਮੁਲਾਜ਼ਮ ਦੀ ਆਰਥਿਕ ਹਾਲਤ ਕਿਵੇਂ ਪੇਸ਼ ਹੋਈ ਹੈ?

ਉੱਤਰ : ‘ਕੁਲਫ਼ੀ’ ਕਹਾਣੀ ਵਿੱਚ ਕਹਾਣੀਕਾਰ ਦੇ ਰੂਪ ਵਿੱਚ ਇੱਕ ਮੁਲਾਜ਼ਮ ਦੀ ਮਾੜੀ ਆਰਥਿਕ ਹਾਲਤ ਪੇਸ਼ ਹੋਈ ਹੈ। ਉਸ ਦੀ ਤਨਖ਼ਾਹ ਮਹੀਨੇ ਦੇ ਪਹਿਲੇ ਪੰਦਰਾਂ ਦਿਨਾਂ ਵਿੱਚ ਹੀ ਖ਼ਤਮ ਹੋ ਜਾਂਦੀ ਹੈ। ਉਸ ਦੀ ਹਾਲਤ ਅਜਿਹੀ ਹੈ ਕਿ ਉਹ ਆਪਣੇ ਪੁੱਤਰ (ਕਾਕੇ) ਦੀ ਮੁਰਮੁਰੇ ਅਤੇ ਕੁਲਫ਼ੀ ਦੀ ਮੰਗ ਵੀ ਪੂਰੀ ਨਹੀਂ ਕਰ ਸਕਦਾ। ਨੌਕਰੀ ਚਲੇ ਜਾਣ ਦੇ ਡਰ ਤੋਂ ਉਹ ਆਪਣੇ ਮਾਲਕ ਨੂੰ ਤਨਖ਼ਾਹ ਵਧਾਉਣ ਲਈ ਵੀ ਨਹੀਂ ਕਹਿੰਦਾ।

ਪ੍ਰਸ਼ਨ 26. ਪ੍ਰਿੰਸੀਪਲ ਸੁਜਾਨ ਸਿੰਘ ਦੇ ਜਨਮ ਅਤੇ ਮਾਤਾ-ਪਿਤਾ ਬਾਰੇ ਜਾਣਕਾਰੀ ਦਿਓ।

ਉੱਤਰ : ਪ੍ਰਿੰਸੀਪਲ ਸੁਜਾਨ ਸਿੰਘ ਦਾ ਜਨਮ 1909 ਈ. ਵਿੱਚ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਵਿਖੇ ਹੋਇਆ। ਉਸ ਦੇ ਪਿਤਾ ਜੀ ਦਾ ਨਾਂ ਸ. ਹਕੀਮ ਸਿੰਘ ਅਤੇ ਮਾਤਾ ਜੀ ਦਾ ਨਾਂ ਸ੍ਰੀਮਤੀ ਜਮਨਾ ਦੇਵੀ ਸੀ ।

ਪ੍ਰਸ਼ਨ 27. ਪ੍ਰਿੰਸੀਪਲ ਸੁਜਾਨ ਸਿੰਘ ਦੇ ਬਚਪਨ ਬਾਰੇ ਜਾਣਕਾਰੀ ਦਿਓ।

ਉੱਤਰ : ਪ੍ਰਿੰਸੀਪਲ ਸੁਜਾਨ ਸਿੰਘ ਨੇ ਬਚਪਨ ਦੇ ਮੁਢਲੇ ਦਿਨ ਬੰਗਾਲ ਵਿੱਚ ਬਿਤਾਏ ਜਿੱਥੇ ਉਹਨਾਂ ਦੇ ਪਿਤਾ ਠੇਕੇਦਾਰੀ ਕਰਦੇ ਸਨ। ਸੁਜਾਨ ਸਿੰਘ ਦੀ ਉਮਰ ਗਿਆਰਾਂ ਸਾਲਾਂ ਦੀ ਸੀ ਜਦ ਆਪ ਦੇ ਪਿਤਾ ਦਾ ਦਿਹਾਂਤ ਹੋ ਗਿਆ। ਇਸ ਲਈ ਉਹਨਾਂ ਨੂੰ ਬਹੁਤ ਗ਼ਰੀਬੀ ਦੇ ਦਿਨ ਦੇਖਣੇ ਪਏ।

ਪ੍ਰਸ਼ਨ 28. ਪ੍ਰਿੰਸੀਪਲ ਸੁਜਾਨ ਸਿੰਘ ਨੇ ਰੋਜ਼ੀ-ਰੋਟੀ ਲਈ ਕਿਹੜੇ-ਕਿਹੜੇ ਕੰਮ ਕੀਤੇ?

ਉੱਤਰ : ਰੋਜ਼ੀ-ਰੋਟੀ ਲਈ ਪ੍ਰਿੰਸੀਪਲ ਸੁਜਾਨ ਸਿੰਘ ਨੂੰ ਕਈ ਕੰਮ ਕਰਨੇ ਪਏ। ਆਪ ਨੇ ਗੋਦਾਮ-ਕੀਪਰ, ਸਕੂਲ-ਅਧਿਆਪਕ, ਪ੍ਰੋਫ਼ੈਸਰ ਅਤੇ ਕਾਲਜ ਦੇ ਪ੍ਰਿੰਸੀਪਲ ਦੇ ਤੌਰ ‘ਤੇ ਕੰਮ ਕੀਤਾ। ਪ੍ਰਿੰਸੀਪਲ ਦੇ ਅਹੁਦੇ ਤੋਂ ਉਹ ਰਿਟਾਇਰ ਹੋਏ।

ਪ੍ਰਸ਼ਨ 29. ਪ੍ਰਿੰਸੀਪਲ ਸੁਜਾਨ ਸਿੰਘ ਦੀਆਂ ਕਹਾਣੀਆਂ ਦੇ ਪਾਤਰਾਂ ਬਾਰੇ ਜਾਣਕਾਰੀ ਦਿਓ।

ਉੱਤਰ : ਸੁਜਾਨ ਸਿੰਘ ਨੇ ਆਪਣੀਆਂ ਕਹਾਣੀਆਂ ਵਿੱਚ ਜਿਹੜੇ ਪਾਤਰ ਪੇਸ਼ ਕੀਤੇ ਹਨ ਉਹ ਹੇਠਲੇ/ਨਿਮਨ ਵਰਗ ਦੇ ਸਧਾਰਨ ਮਨੁੱਖ ਹਨ। ਲੇਖਕ ਉਹਨਾਂ ਦੀਆਂ ਸਮੱਸਿਆਵਾਂ ਨੂੰ ਸਫਲਤਾ ਨਾਲ ਪੇਸ਼ ਕਰਦਾ ਹੈ। ‘ਕੁਲਫ਼ੀ’ ਕਹਾਣੀ ਵਿੱਚ ਆਰਥਿਕ ਤੰਗੀ ਦੇ ਸ਼ਿਕਾਰ ਇੱਕ ਪਿਤਾ ਨੂੰ ਪੇਸ਼ ਕੀਤਾ ਗਿਆ ਹੈ ਜੋ ਆਪਣੇ ਬੱਚੇ ਦੀਆਂ ਮਾਮੂਲੀ ਇੱਛਾਵਾਂ ਨੂੰ ਵੀ ਪੂਰਾ ਨਹੀਂ ਕਰ ਸਕਦਾ।

ਪ੍ਰਸ਼ਨ 30. ਪ੍ਰਿੰਸੀਪਲ ਸੁਜਾਨ ਸਿੰਘ ਦੀਆਂ ਕਹਾਣੀਆਂ ਦੀ ਵਿਚਾਰਧਾਰਾ ਬਾਰੇ ਸੰਖੇਪ ਜਾਣਕਾਰੀ ਦਿਓ।

ਉੱਤਰ : ਪ੍ਰਿੰਸੀਪਲ ਸੁਜਾਨ ਸਿੰਘ ਪੰਜਾਬੀ ਦਾ ਪ੍ਰਗਤੀਵਾਦੀ ਵਿਚਾਰਧਾਰਾ ਵਾਲਾ ਕਹਾਣੀਕਾਰ ਹੈ। ਉਸ ਦੀਆਂ ਕਹਾਣੀਆਂ ਵਿੱਚ ਸਾਡੀਆਂ ਸਮਾਜਿਕ ਅਤੇ ਆਰਥਿਕ ਸਮੱਸਿਆਵਾਂ ਨੂੰ ਬੜੀ ਸਫਲਤਾ ਨਾਲ ਪ੍ਰਗਟਾਇਆ ਗਿਆ ਹੈ। ਉਸ ਦੀਆਂ ਕਹਾਣੀਆਂ ਤੋਂ ਉਸ ਦੀ ਸਮਾਜਵਾਦੀ ਵਿਚਾਰਧਾਰਾ ਵੀ ਪ੍ਰਗਟ ਹੁੰਦੀ ਹੈ।