ਕਿਸਾਨ-ਮੇਲੇ ਵਿੱਚ ਸਟਾਲ ਲਾਉਣ ਸੰਬੰਧੀ ਪੱਤਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਆਯੋਜਿਤ ਹੋਣ ਵਾਲ਼ੇ ਕਿਸੇ ਕਿਸਾਨ-ਮੇਲੇ ਵਿੱਚ ਆਪਣਾ ਸਟਾਲ ਲਾਉਣ ਲਈ ਮੇਲਾ ਪ੍ਰਬੰਧਕ ਨੂੰ ਪੱਤਰ ਲਿਖੋ।
ਪਿੰਡ ਤੇ ਡਾਕਘਰ ………….,
ਤਹਿਸੀਲ………….,
ਜ਼ਿਲ੍ਹਾ………….।
ਹਵਾਲਾ ਨੰਬਰ : 15,
ਮਿਤੀ : 28 ਮਾਰਚ, 20…..
ਸੇਵਾ ਵਿਖੇ
ਮੇਲਾ-ਪ੍ਰਬੰਧਕ/ਲੋਕ-ਸੰਪਰਕ ਅਫ਼ਸਰ,
ਪੰਜਾਬ ਖੇਤੀਬਾੜੀ ਯੂਨੀਵਰਸਿਟੀ,
ਲੁਧਿਆਣਾ।
ਵਿਸ਼ਾ : ਕਿਸਾਨ-ਮੇਲੇ ਵਿੱਚ ਸਟਾਲ ਲਾਉਣ ਸੰਬੰਧੀ।
ਸ੍ਰੀਮਾਨ ਜੀ,
ਰੋਜ਼ਾਨਾ ‘ਅਜੀਤ’ ਮਿਤੀ ………. ਵਿੱਚ ਛਪੇ ਤੁਹਾਡੇ ਵਿਗਿਆਪਨ ਦੇ ਸੰਬੰਧ ਵਿੱਚ ਅਸੀਂ ਯੂਨੀਵਰਸਿਟੀ ਵੱਲੋਂ ……….. ਆਯੋਜਿਤ ਹੋਣ ਵਾਲ਼ੇ ਕਿਸਾਨ-ਮੇਲੇ ਵਿੱਚ ਆਪਣਾ ਸਟਾਲ ਲਾਉਣਾ ਚਾਹੁੰਦੇ ਹਾਂ। ਇਸ ਸਟਾਲ ਰਾਹੀਂ ਅਸੀਂ ਆਪਣੇ ਵੱਲੋਂ ਤਿਆਰ ਕੀਤੀਆਂ ਹੇਠ ਦਿੱਤੀਆਂ ਵਸਤਾਂ ਕਿਸਾਨ ਵੀਰਾਂ ਲਈ ਬਜ਼ਾਰ ਨਾਲੋਂ ਘੱਟ ਕੀਮਤ ‘ਤੇ ਉਪਲਬਧ ਕਰਵਾਉਣ ਦੇ ਇਛੁੱਕ ਹਾਂ :
(ੳ) ਵੱਖ-ਵੱਖ ਤਰ੍ਹਾਂ ਦੇ ਅਚਾਰ ਅਤੇ ਮੁਰੱਬੇ।
(ਅ) ਸਰ੍ਹੋਂ ਦਾ ਤੇਲ।
(ੲ) ਸ਼ੁੱਧ ਸ਼ਹਿਦ।
ਇਹਨਾਂ ਵਸਤਾਂ ਦੀ ਸ਼ੁੱਧਤਾ, ਵਜ਼ਨ, ਪੈਕਿੰਗ, ਗੁਣਵੱਤਾ ਅਤੇ ਕੀਮਤ ਆਦਿ ਦੀ ਸਾਡੀ ਪੂਰੀ ਜ਼ੁੰਮੇਵਾਰੀ ਹੋਵੇਗੀ। ਇਹ ਵਸਤਾਂ ਵੱਖ-ਵੱਖ ਵਜ਼ਨਾਂ (250 ਗ੍ਰਾਮ ਤੋਂ ਪੰਜ ਕਿੱਲੋ ਤੱਕ) ਵਿੱਚ ਉੱਤਮ ਕਵਾਲਿਟੀ ਦੇ ਸੀਲ-ਬੰਦ ਡੱਬਿਆਂ ਅਤੇ ਬੋਤਲਾਂ ਵਿੱਚ ਉਪਲਬਧ ਹੋਣਗੀਆਂ। ਉਪਰੋਕਤ ਸੰਬੰਧ ਵਿੱਚ ਕਿਰਪਾ ਕਰ ਕੇ ਇਹ ਜਾਣਕਾਰੀ ਦਿੱਤੀ ਜਾਵੇ ਕਿ ਵੱਖ-ਵੱਖ ਤਰ੍ਹਾਂ ਦੇ ਅਕਾਰ ਦੇ ਸਟਾਲਾਂ ਲਈ ਨਿਰਧਾਰਿਤ ਫ਼ੀਸ ਕੀ ਹੋਵੇਗੀ ਅਤੇ ਇਸ ਲਈ ਹੋਰ ਕਿਹੜੀਆਂ ਸ਼ਰਤਾਂ ਹੋਣਗੀਆਂ? ਇਸ ਸੰਬੰਧ ਵਿੱਚ ਤੁਹਾਡੇ ਵੱਲੋਂ ਕਿਹੜੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ? ਆਪਣੇ ਪ੍ਰਚਾਰ ਲਈ ਬੈਨਰ ਆਦਿ ਲਾਉਣ ਦੀ ਪ੍ਰਵਾਨਗੀ ਹੋਵੇਗੀ ਜਾਂ ਨਹੀਂ?
ਉਮੀਦ ਹੈ ਤੁਸੀਂ ਜਲਦੀ ਹੀ ਲੋੜੀਂਦੀ ਜਾਣਕਾਰੀ ਦੇ ਕੇ ਧੰਨਵਾਦੀ ਬਣਾਓਗੇ ਤਾਂ ਜੋ ਸਮੇਂ ਸਿਰ ਸਟਾਲ ਲਾਉਣ ਲਈ ਲੋੜੀਂਦੀ ਫ਼ੀਸ ਜਮ੍ਹਾ ਕਰਵਾਈ ਜਾ ਸਕੇ।
ਤੁਹਾਡਾ ਵਿਸ਼ਵਾਸਪਾਤਰ,
ਸਤਿੰਦਰ ਪਾਲ ਸਿੰਘ ਵਿਰਕ