ਕਿਸਾਨਾਂ ਦੀਆਂ ਅਹਿਮ ਸਮੱਸਿਆਵਾਂ ਬਾਰੇ ਪੱਤਰ


ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖ ਕੇ ਕਿਸਾਨਾਂ ਦੀਆਂ ਅਹਿਮ ਸਮੱਸਿਆਵਾਂ ਬਾਰੇ ਆਪਣੇ ਵਿਚਾਰ ਪ੍ਰਗਟਾਓ।


ਪਰੀਖਿਆ ਭਵਨ,

ਕੇਂਦਰ ਨੰਬਰ …………..

………………….ਸ਼ਹਿਰ।

ਮਿਤੀ : ……………… .

ਸੇਵਾ ਵਿਖੇ

ਸੰਪਾਦਕ ਸਾਹਿਬ,

ਰੋਜ਼ਾਨਾ ‘ਅਜੀਤ’

ਜਲੰਧਰ ਸ਼ਹਿਰ ।

ਵਿਸ਼ਾ : ਕਿਸਾਨਾਂ ਦੀਆਂ ਅਹਿਮ ਸਮੱਸਿਆਵਾਂ।

ਸ੍ਰੀਮਾਨ ਜੀ,

ਇਸ ਪੱਤਰ ਰਾਹੀਂ ਮੈਂ ਕਿਸਾਨਾਂ ਦੀਆਂ ਅਹਿਮ ਸਮੱਸਿਆਵਾਂ ਬਾਰੇ ਆਪਣੇ ਵਿਚਾਰ ਪ੍ਰਗਟਾਉਣੇ ਚਾਹੁੰਦਾ ਹਾਂ। ਆਸ ਹੈ ਤੁਸੀਂ ਇਸ ਪੱਤਰ ਨੂੰ ਆਪਣੀ ਅਖ਼ਬਾਰ ਦੇ ਕਾਲਮਾਂ ਵਿੱਚ ਪ੍ਰਕਾਸ਼ਿਤ ਕਰੋਗੇ ਤਾਂ ਜੋ ਸੰਬੰਧਿਤ ਅਧਿਕਾਰੀਆਂ ਅਤੇ ਸਰਕਾਰ ਦਾ ਧਿਆਨ ਇਸ ਪਾਸੇ ਖਿੱਚਿਆ ਜਾ ਸਕੇ।

ਕਿਸਾਨ ਦੇਸ ਦਾ ਅੰਨ-ਦਾਤਾ ਹੈ ਅਤੇ ਦਿਨ-ਰਾਤ ਮਿਹਨਤ ਕਰ ਕੇ ਅੰਨ ਪੈਦਾ ਕਰਦਾ ਹੈ। ਉਸ ਦੀ ਖੇਤੀ ਮਿਹਨਤ ਤੋਂ ਬਿਨਾਂ ਕੁਦਰਤ ‘ਤੇ ਵੀ ਨਿਰਭਰ ਕਰਦੀ ਹੈ। ਕਈ ਵਾਰ ਕੁਦਰਤੀ ਆਫ਼ਤਾਂ ਕਾਰਨ ਉਸ ਦੀਆਂ ਫ਼ਸਲਾਂ ਤਬਾਹ ਹੋ ਜਾਂਦੀਆਂ ਹਨ। ਕਈ ਵਾਰ ਸਮੇਂ ਸਿਰ ਵਰਖਾ ਨਾ ਹੋਣ ਕਾਰਨ ਉਸ ਨੂੰ ਮੁਸ਼ਕਲ ਦਾ ਸਾਮ੍ਹਣਾ ਕਰਨਾ ਪੈਂਦਾ ਹੈ।

ਖੇਤੀ ਉਤਪਾਦਨ ਦੀ ਲਗਾਤਾਰ ਵਧ ਰਹੀ ਲਾਗਤ ਕਿਸਾਨਾਂ ਦੀ ਅਹਿਮ ਸਮੱਸਿਆ ਹੈ। ਬੀਜਾਂ, ਖ਼ਾਦਾਂ, ਡੀਜ਼ਲ ਆਦਿ ਦੇ ਖ਼ਰਚੇ ਲਗਾਤਾਰ ਵਧ ਰਹੇ ਹਨ। ਦੂਸਰੇ ਪਾਸੇ ਕਿਸਾਨਾਂ ਦੀਆਂ ਜਿਨਸਾਂ ਦੇ ਮੁੱਲ ਸਰਕਾਰ ਵੱਲੋਂ ਨਿਰਧਾਰਿਤ ਹੁੰਦੇ ਹਨ। ਬਹੁਤੀ ਵਾਰ ਤਾਂ ਕਿਸਾਨਾਂ ਦੀ ਲਾਗਤ ਵੀ ਪੂਰੀ ਨਹੀਂ ਹੁੰਦੀ। ਖ਼ਰਚੇ ਪੂਰੇ ਕਰਨ ਲਈ ਉਸ ਨੂੰ ਆੜ੍ਹਤੀਆਂ ਆਦਿ ਤੋਂ ਕਰਜ਼ਾ ਲੈਣਾ ਪੈਂਦਾ ਹੈ। ਫ਼ਸਲ ਆਉਣ ‘ਤੇ ਉਸ ਨੂੰ ਕਰਜ਼ਾ ਚੁਕਾਉਣਾ ਪੈਂਦਾ ਹੈ ਅਤੇ ਉਸ ਦੇ ਆਪਣੇ ਹੱਥ-ਪੱਲੇ ਕੁਝ ਵੀ ਨਹੀਂ ਪੈਂਦਾ। ਇਸ ਹਾਲਤ ਵਿੱਚ ਉਸ ਨੂੰ ਆਪਣੀ ਫ਼ਸਲ ਦਾ ਪੂਰਾ ਮੁੱਲ ਵੀ ਨਹੀਂ ਮਿਲਦਾ। ਘਰੇਲੂ ਖ਼ਰਚੇ ਚਲਾਉਣ ਲਈ ਕਿਸਾਨ ਨੂੰ ਮੁੜ ਕਰਜ਼ੇ ਦੇ ਚੱਕਰ ਵਿੱਚ ਫਸਣਾ ਪੈਂਦਾ ਹੈ। ਕਰਜ਼ੇ ਦੀਆਂ ਪ੍ਰੇਸ਼ਾਨੀਆਂ ਕਾਰਨ ਬਹੁਤੀ ਵਾਰ ਕਿਸਾਨ ਨਸ਼ਿਆਂ ਦੀ ਵਰਤੋਂ ਸ਼ੁਰੂ ਕਰ ਦਿੰਦੇ ਹਨ ਅਤੇ ਫਿਰ ਇਸ ਦੇ ਆਦੀ ਹੋ ਜਾਂਦੇ ਹਨ। ਕਰਜ਼ੇ ਤੋਂ ਪ੍ਰੇਸ਼ਾਨ ਹੋਏ ਕਿਸਾਨ ਕਈ ਵਾਰ ਆਤਮ-ਹੱਤਿਆ ਦਾ ਰਾਹ ਵੀ ਅਪਣਾਉਂਦੇ ਹਨ।

ਫ਼ਸਲਾਂ ਦੀ ਸਮੇਂ ਸਿਰ ਬਿਜਾਈ ਅਤੇ ਸਿੰਜਾਈ ਬਹੁਤ ਜ਼ਰੂਰੀ ਹੁੰਦੀ ਹੈ। ਜਦੋਂ ਸਮੇਂ ਸਿਰ ਵਰਖਾ ਨਾ ਹੋਵੇ ਤਾਂ ਕਿਸਾਨਾਂ ਲਈ ਸਿੰਜਾਈ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਭਾਵੇਂ ਸਰਕਾਰ ਨੇ ਕਿਸਾਨਾਂ ਲਈ ਮੁਫ਼ਤ ਬਿਜਲੀ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ ਪਰ ਬਿਜਲੀ ਸੰਕਟ ਕਾਰਨ ਫ਼ਸਲਾਂ ਦੀ ਲੋਂੜੀਦੀ ਸਿੰਜਾਈ ਨਹੀਂ ਹੁੰਦੀ। ਇਸ ਕਾਰਨ ਡੀਜ਼ਲ ਨਾਲ ਟਿਊਬ-ਵੈੱਲ ਚਲਾਉਣੇ ਪੈਂਦੇ ਹਨ। ਸਿੱਟੇ ਵਜੋਂ ਧਰਤੀ ਹੇਠਲਾ ਪਾਣੀ ਲਗਾਤਾਰ ਹੇਠਾਂ ਜਾ ਰਿਹਾ ਹੈ। ਸਮੇਂ ਸਿਰ ਫ਼ਸਲਾਂ ਦੀ ਬਿਜਾਈ ਅਤੇ ਸਿੰਜਾਈ ਨਾ ਹੋਣ ਕਾਰਨ ਫ਼ਸਲ ਦੇ ਝਾੜ ਵਿੱਚ ਕਮੀ ਆਉਂਦੀ ਹੈ ਅਤੇ ਕਿਸਾਨਾਂ ਦੀ ਆਮਦਨ ਘਟਦੀ ਹੈ। ਫ਼ਸਲਾਂ ਨੂੰ ਲੱਗਦੀਆਂ ਬਿਮਾਰੀਆਂ ਵੀ ਕਿਸਾਨਾਂ ਲਈ ਇਕ ਸਮੱਸਿਆ ਹੈ ਜਿਸ ਤੋਂ ਬਚਾਅ ਲਈ ਉਸ ਨੂੰ ਕੀੜੇ-ਮਾਰ ਦਵਾਈਆਂ ਦੀ ਵਰਤੋਂ ਕਰਨੀ ਪੈਂਦੀ ਹੈ।

ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵੱਲ ਵਿਸ਼ੇਸ਼ ਧਿਆਨ ਦੇਵੇ। ਕਿਸਾਨਾਂ ਲਈ ਸਸਤੇ ਬੀਜਾਂ, ਖਾਦਾਂ ਅਤੇ ਕੀੜੇ ਮਾਰ ਦਵਾਈਆਂ ਅਤੇ ਘੱਟ ਵਿਆਜ ‘ਤੇ ਕਰਜ਼ੇ ਦੀ ਵਿਵਸਥਾ ਕਰਨੀ ਚਾਹੀਦੀ ਹੈ ਤਾਂ ਜੋ ਉਹ ਆੜ੍ਹਤੀਆਂ ਦੇ ਕਰਜ਼ੇ ਦੇ ਚੱਕਰ ਵਿੱਚ ਹੀ ਨਾ ਫਸੇ ਰਹਿਣ। ਕੁਦਰਤੀ ਆਫ਼ਤਾ ਕਾਰਨ ਫ਼ਸਲਾਂ ਨੂੰ ਹੋਏ ਨੁਕਮਾਨ ਦਾ ਕਿਸਾਨਾ ਨੂੰ ਸਹੀ ਮੁਆਵਜ਼ਾ ਮਿਲਨਾ ਚਾਹੀਦਾ ਹੈ। ਲੋੜ ਤਾਂ ਇਸ ਗੱਲ ਦੀ ਹੈ ਕਿ ਸਰਕਾਰ ਵੱਲੋਂ ਫ਼ਸਲਾਂ ਦਾ ਬੀਮਾ ਕੀਤਾ ਜਾਵੇ ਤਾਂ ਜੋ ਕਿਸਾਨ ਕੁਦਰਤੀ ਆਫ਼ਤਾਂ ਵਰਗੀਆਂ ਪ੍ਰੇਸ਼ਾਨੀਆਂ ਤੋਂ ਮੁਕਤ ਹੋ ਸਕਣ। ਕਿਸਾਨਾਂ ਲਈ ਬਿਜਲੀ ਦੀ ਸਪਲਾਈ ਨੂੰ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਕਿਸਾਨਾਂ ਦੀ ਆਰਥਿਕ ਹਾਲਤ ਸੁਧਾਰਨ ਲਈ ਉਹਨਾਂ ਨੂੰ ਖੇਤੀ ਤੋਂ ਬਿਨਾਂ ਹੋਰ ਸੰਬੰਧਿਤ ਕਿੱਤੇ ਸ਼ੁਰੂ ਕਰਨ ਵੱਲ ਪ੍ਰੇਰਤ ਕਰਨਾ ਚਾਹੀਦਾ ਹੈ। ਇਸ ਸੰਬੰਧ ਵਿੱਚ ਉਹਨਾਂ ਨੂੰ ਸਰਕਾਰੀ ਪੱਧਰ ‘ਤੇ ਟ੍ਰੇਨਿੰਗ ਦਿੱਤੀ ਜਾਣੀ ਚਾਹੀਦੀ ਹੈ। ਸਾਡੇ ਕਿਸਾਨਾਂ ਨੂੰ ਫ਼ਜ਼ੂਲ-ਖ਼ਰਚੀ ਅਤੇ ਝੂਠੇ ਦਿਖਾਵੇ ਤੋਂ ਬਚਣਾ ਚਾਹੀਦਾ ਹੈ। ਉਹਨਾਂ ਨੂੰ ਵਿਆਹ- ਸ਼ਾਦੀਆਂ ‘ਤੇ ਕਰਜ਼ਾ ਲੈ ਕੇ ਲੋੜ ਤੋਂ ਵੱਧ ਦਿਖਾਵਾ ਨਹੀਂ ਕਰਨਾ ਚਾਹੀਦਾ।

ਧੰਨਵਾਦ ਸਹਿਤ,

ਤੁਹਾਡਾ ਵਿਸ਼ਵਾਸਪਾਤਰ,

ਸੁਮਿਤ ਸਿੰਘ