‘ਕਿਰਪਾ ਕਰਿ ਕੈ ਬਖਸਿ ਲੈਹੁ’ : ਪ੍ਰਸ਼ਨ-ਉਤੱਰ
ਪ੍ਰਸ਼ਨ 1. ਸੰਸਾਰ ਵਿੱਚ ਕਿਨ੍ਹਾਂ ਦੀ ਜੈ-ਜੈਕਾਰ ਹੁੰਦੀ ਹੈ?
ਉੱਤਰ : ‘ਕਿਰਪਾ ਕਰਿ ਕੈ ਬਖਸਿ ਲੈਹੁ’ ਸ਼ਬਦ/ਸਲੋਕ ਦੇ ਅੰਤ ‘ਤੇ ਸ੍ਰੀ ਗੁਰੂ ਅਮਰਦਾਸ ਜੀ ਫ਼ਰਮਾਉਂਦੇ ਹਨ ਕਿ ਜਿਨ੍ਹਾਂ ਜੀਵਾਂ ਨੇ ਪ੍ਰਭੂ ਦਾ ਨਾਂ ਸਿਮਰਿਆ/ਧਿਆਇਆ ਹੈ ਅਥਵਾ ਉਸ ਪਰਮਾਤਮਾ ਦੀ ਭਗਤੀ ਕੀਤੀ ਹੈ ਉਹਨਾਂ ਦੀ ਜੈ-ਜੈਕਾਰ ਹੁੰਦੀ ਹੈ। ਇਹਨਾਂ ਜੀਵਾਂ ਨੂੰ ਲੋਕ-ਪਰਲੋਕ ਵਿੱਚ ਇੱਜ਼ਤ ਮਿਲਦੀ ਹੈ। ਇਸ ਤਰ੍ਹਾਂ ਗੁਰੂ ਜੀ ਜੀਵ ਨੂੰ ਨਾਮ-ਸਿਮਰਨ ਦੀ ਪ੍ਰੇਰਨਾ ਦਿੰਦੇ ਹਨ। ਪ੍ਰਭੂ-ਸਿਮਰਨ ਰਾਹੀਂ ਹੀ ਉਸ ਦੇ ਦਰਬਾਰ ਵਿੱਚ ਇੱਜ਼ਤ ਪ੍ਰਾਪਤ ਕੀਤੀ ਜਾ ਸਕਦੀ ਹੈ।
ਪ੍ਰਸ਼ਨ 2. ਹੇਠ ਦਿੱਤੀਆਂ ਕਾਵਿ-ਸਤਰਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ :
ਅਸੀ ਖਤੇ ਬਹੁਤੁ ਕਮਾਵਦੇ ਅੰਤੁ ਨ ਪਾਰਾਵਾਰੁ॥
ਹਰਿ ਕਿਰਪਾ ਕਰਿ ਕੈ ਬਖਸਿ ਲੈਹੁ ਹਉ ਪਾਪੀ ਵਡ ਗੁਨਹਗਾਰੁ॥
ਉੱਤਰ : ਪ੍ਰਸੰਗ – ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਰਚਿਤ ਇਹ ਕਾਵਿ-ਸਤਰਾਂ ‘ਸਾਹਿਤ-ਮਾਲਾ : 10’ ਨਾਂ ਦੀ ਪਾਠ-ਪੁਸਤਕ ਵਿੱਚ ‘ਕਿਰਪਾ ਕਰਿ ਕੈ ਬਖਸਿ ਲੈਹੁ’ ਸਿਰਲੇਖ ਹੇਠ ਦਰਜ ਹਨ। ਇਸ ਸ਼ਬਦ/ਸਲੋਕ ਵਿੱਚ ਗੁਰੂ ਜੀ ਨੇ ਜੀਵ ਰੂਪ ਵਿੱਚ ਪਰਮਾਤਮਾ ਅੱਗੇ ਆਪਣੀਆਂ ਭੁੱਲਾਂ ਬਖਸ਼ਾਉਣ ਲਈ ਅਰਦਾਸ ਕੀਤੀ ਹੈ। ਇਹ ਸਤਰਾਂ ਇਸੇ ਪ੍ਰਸੰਗ ਵਿੱਚ ਹਨ।
ਵਿਆਖਿਆ : ਗੁਰੂ ਜੀ ਪਰਮਾਤਮਾ ਅੱਗੇ ਬਖ਼ਸ਼ ਦੇਣ/ਮੁਆਫ਼ ਕਰ ਦੇਣ ਲਈ ਅਰਦਾਸ ਕਰਦੇ ਫ਼ਰਮਾਉਂਦੇ ਹਨ ਕਿ ਹੇ ਪ੍ਰਭੂ/ਪਰਮਾਤਮਾ। ਅਸੀਂ ਜੀਵ ਬਹੁਤ ਭੁੱਲਾਂ/ਪਾਪ ਕਮਾਉਂਦੇ/ਕਰਦੇ ਰਹਿੰਦੇ ਹਾਂ। ਸਾਡੀਆਂ ਇਹਨਾਂ ਭੁੱਲਾਂ/ਪਾਪਾਂ ਦਾ ਕੋਈ ਅੰਤ ਨਹੀਂ ਅਥਵਾ ਇਹਨਾਂ ਦਾ ਕੋਈ ਉਰਲਾ-ਪਰਲਾ ਬੰਨਾ/ਪਾਰਾਵਾਰ ਨਹੀਂ। ਹੇ ਪ੍ਰਭੂ! ਤੂੰ ਕਿਰਪਾ/ਮਿਹਰ ਕਰ ਕੇ ਆਪ ਹੀ ਬਖ਼ਸ਼ ਲੈ ਅਥਵਾ
ਮੁਆਫ਼ ਕਰ ਦੇ। ਮੈਂ ਤਾਂ ਪਾਪੀ ਤੇ ਵੱਡਾ ਗੁਨਾਹਗਾਰ ਹਾਂ।
ਪ੍ਰਸ਼ਨ 3. ‘ਕਿਰਪਾ ਕਰਿ ਕੈ ਬਖਸਿ ਲੈਹੁ’ ਨਾਂ ਦੀ ਰਚਨਾ/ਕਵਿਤਾ ਦੇ ਲੇਖਕ ਨਾਲ 50-60 ਸ਼ਬਦਾਂ ਵਿੱਚ ਜਾਣ-ਪਛਾਣ ਕਰਾਓ।
ਉੱਤਰ : ‘ਕਿਰਪਾ ਕਰਿ ਕੈ ਬਖਸਿ ਲੈਹੁ’ ਨਾਂ ਦੀ ਰਚਨਾ/ਕਵਿਤਾ ਸ੍ਰੀ ਗੁਰੂ ਅਮਰਦਾਸ ਜੀ ਦੀ ਲਿਖੀ ਹੋਈ ਹੈ। ਸ੍ਰੀ ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਸਰੇ ਗੁਰੂ ਹੋਏ ਹਨ। ਉਹਨਾਂ ਦਾ ਜਨਮ ਪਿੰਡ ਬਾਸਰਕੇ (ਸ੍ਰੀ ਅੰਮ੍ਰਿਤਸਰ) ਵਿਖੇ ਤੇਜਭਾਨ ਜੀ ਦੇ ਘਰ ਭੱਲਾ ਘਰਾਣੇ ਵਿੱਚ ਹੋਇਆ। ਅਨੰਦੁ ਸਾਹਿਬ, ਪੱਟੀ ਅਤੇ ਚਾਰ ਵਾਰਾਂ ਆਪ ਦੀਆਂ ਰਚਨਾਵਾਂ ਹਨ ਜੋ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਦਰਜ ਹਨ। ਇਹ ਰਚਨਾ ਸਤਾਰਾਂ ਰਾਗਾਂ ਵਿੱਚ ਰਚੀ ਗਈ ਹੈ। ਗੁਰੂ ਅਮਰਦਾਸ ਜੀ ਦੀ ਬਾਣੀ ਦਾ ਵਿਸ਼ਾ ਸੇਵਾ, ਭਗਤੀ-ਭਾਵ ਅਤੇ ਸਮਾਜਿਕ ਕੁਰੀਤੀਆਂ ਦਾ ਨਿਵਾਰਨ ਹੈ। ਗੁਰੂ ਜੀ ਨੇ ਜਾਤੀ-ਪ੍ਰਥਾ, ਛੂਤ-ਛਾਤ, ਪਰਦੇ ਦਾ ਰਿਵਾਜ ਅਤੇ ਸਤੀ-ਪ੍ਰਥਾ ਵਰਗੀਆਂ ਕੁਰੀਤੀਆਂ ਨੂੰ ਸੁਧਾਰਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ। ਉਹਨਾਂ ਨੇ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਦਾ ਨਿਰਮਾਣ ਕਰਵਾਇਆ ਅਤੇ ਲੰਗਰ ਦੀ ਪ੍ਰਥਾ ਦਾ ਵਿਸਤਾਰ ਕੀਤਾ। 1574 ਈ. ਵਿੱਚ ਆਪ ਗੋਇੰਦਵਾਲ ਸਾਹਿਬ ਵਿਖੇ ਜੋਤੀ-ਜੋਤ ਸਮਾ ਗਏ।
ਪ੍ਰਸ਼ਨ 4. ‘ਹਰਿ ਜੀਉ ਲੇਖੈ ਵਾਰ ਨ ਆਵਈ ਤੂ ਬਖਸਿ ਮਿਲਾਵਣਹਾਰ’ ਤੁਕ ਦੀ ਵਿਆਖਿਆ 50-60 ਸ਼ਬਦਾਂ ਵਿੱਚ ਕਰੋ।
ਉੱਤਰ : ‘ਹਰਿ ਜੀਉ ਲੇਖੈ ਵਾਰ ਨ ਆਵਈ ਤੂ ਬਖਸਿ ਮਿਲਾਵਣਹਾਰ’ ਤੁਕ ਸ੍ਰੀ ਗੁਰੂ ਅਮਰਦਾਸ ਜੀ ਦੀ ਰਚਨਾ/ਕਵਿਤਾ ‘ਕਿਰਪਾ ਕਰਿ ਕੈ ਬਖਸਿ ਲੈਹੁ’ ਵਿੱਚੋਂ ਹੈ। ਪਾਪੀ ਅਤੇ ਵੱਡੇ ਗੁਨਾਹਗਾਰ ਦੇ ਰੂਪ ਵਿੱਚ ਜੀਵ ਪਰਮਾਤਮਾ ਅੱਗੇ ਅਰਦਾਸ ਕਰਦਾ ਕਹਿੰਦਾ ਹੈ ਕਿ ਉਸ ਦੇ ਕਰਮਾਂ ਦੇ ਲੇਖੇ ਅਨੁਸਾਰ ਤਾਂ ਉਸ ਦੀ ਬਖ਼ਸ਼ਸ ਦੀ ਵਾਰੀ ਨਹੀਂ ਆ ਸਕਦੀ। ਇਸ ਲਈ ਇਹ ਜੀਵ ਪਰਮਾਤਮਾ ਅੱਗੇ ਬੇਨਤੀ ਕਰਦਾ ਹੈ ਕਿ ਉਹ (ਪਰਮਾਤਮਾ) ਉਸ ਦੀਆਂ ਭੁੱਲਾਂ ਬਖ਼ਸ਼ ਦੇਵੇ। ਜੀਵ ਇਹ ਜਾਣਦਾ/ਸਮਝਦਾ ਹੈ ਕਿ ਉਸ ਪਾਪੀ ਤੇ ਗੁਨਾਹਗਾਰ ਨੂੰ ਪਰਮਾਤਮਾ ਹੀ ਬਖ਼ਸ਼ਸ਼ ਕਰ ਕੇ ਆਪਣੇ ਨਾਲ਼ ਮਿਲਾ ਸਕਦਾ ਹੈ।
ਪ੍ਰਸ਼ਨ 5. ‘ਗੁਰ ਤੁਠੈ ਹਰਿ ਪ੍ਰਭੁ ਮੇਲਿਆ ਸਭ ਕਿਲਵਿਖ ਕਟਿ ਵਿਕਾਰ’ ਤੁਕ ਦਾ ਭਾਵ-ਅਰਥ 50-60 ਸ਼ਬਦਾਂ ਵਿੱਚ ਬਿਆਨ ਕਰੋ।
ਉੱਤਰ : ‘ਗੁਰ ਤੁਠੈ ਹਰਿ ਪ੍ਰਭੁ ਮੇਲਿਆ ਸਭ ਕਿਲਵਿਖ ਕਟਿ ਵਿਕਾਰ’ ਤੁਕ ਦਾ ਭਾਵ ਅਰਥ ਇਹ ਹੈ ਕਿ ਗੁਰੂ ਜਿਸ ਮਨੁੱਖ/ਜੀਵ ‘ਤੇ ਖ਼ੁਸ਼/ਪ੍ਰਸੰਨ ਹੁੰਦਾ ਹੈ ਉਹ ਉਸ ਨੂੰ ਪ੍ਰਭੂ ਨਾਲ ਮਿਲਾਉਂਦਾ ਹੈ। ਅਜਿਹੇ ਜੀਵ ਦੇ ਸਾਰੇ ਪਾਪ ਅਥਵਾ ਵਿਕਾਰ (ਐਬ, ਕੁਕਰਮ) ਕੱਟੇ ਜਾਂਦੇ ਹਨ ਅਤੇ ਉਸ ਨੂੰ ਪ੍ਰਭੂ-ਸਿਮਰਨ ਦੀ ਦਾਤ ਪ੍ਰਾਪਤ ਹੁੰਦੀ ਹੈ। ਇਸ ਤੁਕ ਵਿੱਚ ਗੁਰੂ ਜੀ ਇਹ ਦੱਸਣਾ ਚਾਹੁੰਦੇ ਹਨ ਕਿ ਗੁਰੂ ਦੀ ਕਿਰਪਾ ਨਾਲ ਹੀ ਪ੍ਰਭੂ-ਪ੍ਰਾਪਤੀ ਹੁੰਦੀ ਹੈ। ਇਸ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਜੀਵ ਨੂੰ ਪ੍ਰਭੂ-ਸਿਮਰਨ ਦੀ ਪ੍ਰੇਰਨਾ ਦਿੰਦੇ ਹਨ।
ਪ੍ਰਸ਼ਨ 6. ਹੇਠ ਦਿੱਤੀਆਂ ਸਤਰਾਂ ਦਾ ਭਾਵ-ਅਰਥ 50-60 ਸ਼ਬਦਾਂ ਵਿੱਚ ਬਿਆਨ ਕਰੋ :
ਅਸੀ ਖਤੇ ਬਹੁਤੁ ਕਮਾਵਦੇ ਅੰਤੁ ਨ ਪਾਰਾਵਾਰੁ ॥
ਹਰਿ ਕਿਰਪਾ ਕਰਿ ਕੈ ਬਖਸਿ ਲੈਹੁ ਹਉ ਪਾਪੀ ਵਡ ਗੁਨਹਗਾਰੁ ॥
ਉੱਤਰ : ਇਹਨਾਂ ਸਤਰਾਂ ਦਾ ਭਾਵ-ਅਰਥ ਇਹ ਹੈ ਕਿ ਇਸ ਸੰਸਾਰ ਤੇ ਆਇਆ ਜੀਵ ਵਿਸ਼ੇ-ਵਿਕਾਰਾਂ ਵਿੱਚ ਫਸ ਕੇ ਪਾਪ ਕਮਾਉਣ ਲੱਗਦਾ ਹੈ। ਜੀਵ ਦੁਆਰਾ ਕੀਤੇ ਜਾਂਦੇ ਇਹਨਾਂ ਗੁਨਾਹਾਂ ਦਾ ਕੋਈ ਅੰਤ ਨਹੀਂ। ਜੀਵ ਪਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਉਹ ਉਸ ਪਾਪੀ ਅਤੇ ਵੱਡੇ ਗੁਨਾਹਗਾਰ ‘ਤੇ ਕਿਰਪਾ/ਮਿਹਰ ਕਰ ਕੇ ਉਸ ਦੇ ਇਹਨਾਂ ਗੁਨਾਹਾਂ ਨੂੰ ਬਖ਼ਸ਼ ਦੇਵੇ। ਇਸ ਤਰ੍ਹਾਂ ਗੁਰੂ ਜੀ ਇਹ ਦੱਸਣਾ ਚਾਹੁੰਦੇ ਹਨ ਕਿ ਪ੍ਰਭੂ ਹੀ ਸਾਡੀਆਂ ਭੁੱਲਾਂ ਅਥਵਾ ਸਾਡੇ ਗੁਨਾਹਾਂ ਨੂੰ ਬਖ਼ਸ਼ ਸਕਦਾ ਹੈ।
ਪ੍ਰਸ਼ਨ 7. ‘ਕਿਰਪਾ ਕਰਿ ਕੈ ਬਖਸਿ ਲੈਹੁ’ ਸ਼ਬਦ/ਸਲੋਕ ਦਾ ਸਾਰ 50-60 ਸ਼ਬਦਾਂ ਵਿੱਚ ਲਿਖੋ।
ਜਾਂ
ਪ੍ਰਸ਼ਨ. ‘ਕਿਰਪਾ ਕਰਿ ਕੈ ਬਖਸਿ ਲੈਹੁ’ ਸ਼ਬਦ ਵਿੱਚ ਗੁਰੂ ਜੀ ਕੀ ਦੱਸਦੇ ਹਨ? ਸੰਖੇਪ ਵਿੱਚ ਬਿਆਨ ਕਰੋ।
ਉੱਤਰ : ‘ਕਿਰਪਾ ਕਰਿ ਕੈ ਬਖਸਿ ਲੈਹੁ’ ਨਾਂ ਦੇ ਸ਼ਬਦ/ਸਲੋਕ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਇਹ ਦੱਸਦੇ ਹਨ ਕਿ ਇਸ ਸੰਸਾਰ ‘ਤੇ ਆਇਆ ਜੀਵ ਜਿਹੜੇ ਪਾਪ/ਗੁਨਾਹ ਕਰਦਾ ਹੈ ਉਹਨਾਂ ਦਾ ਕੋਈ ਅੰਤ ਨਹੀਂ। ਇਸ ਪਾਪੀ ਜੀਵ ਤੇ ਵੱਡੇ ਗੁਨਾਹਗਾਰ ਦੇ ਗੁਨਾਹਾਂ ਨੂੰ ਪਰਮਾਤਮਾ ਹੀ ਬਖ਼ਸ਼ ਸਕਦਾ ਹੈ ਅਤੇ ਆਪਣੇ ਚਰਨਾਂ ਨਾਲ ਲਗਾ ਸਕਦਾ ਹੈ। ਗੁਰੂ ਜਿਸ ਜੀਵ/ਮਨੁੱਖ ‘ਤੇ ਖ਼ੁਸ਼ ਹੁੰਦਾ ਹੈ ਉਸ ਨੂੰ ਪ੍ਰਭੂ ਨਾਲ ਮਿਲਾਉਂਦਾ ਹੈ। ਇਸ ਤਰ੍ਹਾਂ ਪ੍ਰਭੂ ਦੀ ਮਿਹਰ ਨਾਲ ਜੀਵ ਦੇ ਸਾਰੇ ਪਾਪ/ਗੁਨਾਹ ਕੱਟੇ ਜਾਂਦੇ ਹਨ। ਜਿਹੜੇ ਜੀਵ/ਲੋਕ ਪ੍ਰਭੂ ਦਾ ਸਿਮਰਨ ਕਰਦੇ ਹਨ ਉਹਨਾਂ ਦੀ ਜੈ-ਜੈਕਾਰ ਹੁੰਦੀ ਹੈ।
ਪ੍ਰਸ਼ਨ 8. ‘ਕਿਰਪਾ ਕਰਿ ਕੈ ਬਖਸਿ ਲੈਹੁ’ ਸ਼ਬਦ/ਸਲੋਕ ਦੀਆਂ ਸਾਹਿਤਿਕ ਵਿਸ਼ੇਸ਼ਤਾਵਾਂ ਬਾਰੇ 50-60 ਸ਼ਬਦਾਂ ਵਿੱਚ ਜਾਣਕਾਰੀ ਦਿਓ।
ਉੱਤਰ : ‘ਕਿਰਪਾ ਕਰਿ ਕੈ ਬਖਸਿ ਲੈਹੁ’ ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਰਚਿਤ ਇੱਕ ਸਲੋਕ ਹੈ। ਸਲੋਕ ਇੱਕ ਲਘੂ ਅਕਾਰੀ ਕਾਵਿ-ਰੂਪ ਹੈ ਜਿਸ ਵਿੱਚ ਅਧਿਆਤਮਿਕ ਅਤੇ ਰਹੱਸਵਾਦੀ ਵਿਚਾਰਾਂ ਦਾ ਪ੍ਰਗਟਾਵਾ ਬਹੁਤ ਹੀ ਸੰਜਮੀ ਸ਼ੈਲੀ ਵਿੱਚ ਕੀਤਾ ਜਾਂਦਾ ਹੈ। ਇਹ ਸਲੋਕ ਇਸੇ ਪ੍ਰਸੰਗ ਵਿੱਚ ਵਰਨਣਯੋਗ ਹੈ। ਇਸ ਸਲੋਕ ਵਿੱਚ ਸੰਸਾਰਿਕ ਜੀਵ, ਗੁਰੂ ਅਤੇ ਪਰਮਾਤਮਾ ਦਾ ਵਰਨਣ ਹੈ। ਗੁਰੂ ਜੀਵ ‘ਤੇ ਪ੍ਰਸੰਨ ਹੋ ਕੇ ਉਸ ਦੇ ਪਾਪਾਂ ਤੇ ਵਿਕਾਰਾਂ ਨੂੰ ਦੂਰ ਕਰਦਾ ਹੈ ਅਤੇ ਉਸ ਨੂੰ ਪਰਮਾਤਮਾ ਨਾਲ ਮਿਲਾਉਂਦਾ ਹੈ। ਪੰਜ ਤੁਕਾਂ ਦੇ ਇਸ ਸਲੋਕ ਵਿੱਚ ਪਾਰਾਵਾਰੁ, ਗੁਨਹਗਾਰੁ, ਮਿਲਾਵਣਹਾਰ, ਵਿਕਾਰ, ਜੈਕਾਰ ਸ਼ਬਦਾਂ ਦਾ ਤੁਕਾਂਤ ਮਿਲਾਇਆ ਗਿਆ ਹੈ। ਇਸ ਸਲੋਕ ਦੀ ਸ਼ੈਲੀ ਸੰਜਮੀ, ਪ੍ਰਭਾਵਸ਼ਾਲੀ ਅਤੇ ਦਲੀਲ ‘ਤੇ ਆਧਾਰਿਤ ਹੈ।