EducationKidsNCERT class 10thPunjab School Education Board(PSEB)

ਕਿਰਪਾ ਕਰਿ ਕੈ ਬਖਸਿ ਲੈਹੁ – ਪਾਠ ਨਾਲ ਸੰਬੰਧਿਤ ਪ੍ਰਸ਼ਨ – ਉੱਤਰ

ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)

ਕਵਿਤਾ – ਭਾਗ

ਕਿਰਪਾ ਕਰਿ ਕੈ ਬਖਸਿ ਲੈਹੁ ( ਸ੍ਰੀ ਗੁਰੂ ਅਮਰਦਾਸ ਜੀ )


ਪ੍ਰਸ਼ਨ 1 . “ਕਿਰਪਾ ਕਰਿ ਕੈ ਬਖਸਿ ਲੈਹੁ” ਦਾ ਕੇਂਦਰੀ ਭਾਵ ਲਿਖੋ ।

ਉੱਤਰ – ਸ੍ਰੀ ਗੁਰੂ ਅਮਰਦਾਸ ਜੀ ਦੇ ਅਨੁਸਾਰ ਇਨਸਾਨ ਤਾਂ ਗਲਤੀਆਂ ਦਾ ਪੁਤਲਾ ਹੈ। ਅਸੀਂ ਅਨੇਕਾਂ ਪਾਪ ਕਰ ਬੈਠਦੇ ਹਾਂ। ਜੇਕਰ ਸਾਡੇ ਕਰਮਾਂ ਦੇ ਅਨੁਸਾਰ ਸਾਡਾ ਲੇਖਾ ਲਿਖਿਆ ਜਾਵੇ ਤਾਂ ਅਸੀਂ ਪ੍ਰਭੂ ਦੀ ਮਿਹਰ ਹਾਸਿਲ ਨਹੀਂ ਕਰ ਸਕਦੇ। ਪਰਮਾਤਮਾ ਬੜਾ ਹੀ ਦਿਆਲੂ ਤੇ ਬਖਸ਼ਣਹਾਰ ਹੈ ।

ਜਿਸ ਕਿਸੇ ‘ਤੇ ਸੱਚੇ ਗੁਰੂ ਦੀ ਕਿਰਪਾ ਹੋ ਜਾਵੇ, ਉਸ ਦਾ ਪ੍ਰਭੂ – ਮਿਲਾਪ ਹੋ ਜਾਂਦਾ ਹੈ ਅਤੇ ਉਸ ਦੇ ਸਾਰੇ ਵਿਕਾਰ ਕੱਟੇ ਜਾਂਦੇ ਹਨ।

ਪ੍ਰਸ਼ਨ 2 . “ਕਿਰਪਾ ਕਰਿ ਕੈ ਬਖਸਿ ਲੈਹੁ” ਸ਼ਬਦ ਵਿੱਚ ਪਰਮਾਤਮਾ ਅੱਗੇ ਸਾਡੀ ਕੀ ਅਰਦਾਸ ਹੈ ?

ਉੱਤਰ – “ਕਿਰਪਾ ਕਰਿ ਕੈ ਬਖਸਿ ਲੈਹੁ” ਸ਼ਬਦ ਵਿੱਚ ਪਰਮਾਤਮਾ ਅੱਗੇ ਸਾਡੀ ਅਰਦਾਸ ਹੈ ਕਿ ਅਸੀਂ ਬਹੁਤ ਸਾਰੀਆਂ ਭੁੱਲਾਂ ਕਰ ਬੈਠਦੇ ਹਾਂ, ਪਾਪ ਕਰ ਲੈਂਦੇ ਹਾਂ। ਉਹ ਸਾਡੀਆਂ ਭੁੱਲਾਂ ਅਤੇ ਪਾਪਾਂ ਲਈ ਸਾਨੂੰ ਬਖ਼ਸ਼ ਦੇਵੇ ਅਤੇ ਸਾਡੇ ‘ਤੇ ਆਪਣੀ ਕਿਰਪਾ ਦ੍ਰਿਸ਼ਟੀ ਰੱਖੇ।

ਪ੍ਰਸ਼ਨ 3 . “ਕਿਰਪਾ ਕਰਿ ਕੈ ਬਖਸਿ ਲੈਹੁ” ਦੇ ਵਿਸ਼ੇ ਬਾਰੇ 50 – 60 ਸ਼ਬਦਾਂ ਵਿੱਚ ਜਾਣਕਾਰੀ ਦਿਓ।

ਜਾਂ

ਪ੍ਰਸ਼ਨ . “ਕਿਰਪਾ ਕਰਿ ਕੈ ਬਖਸਿ ਲੈਹੁ” ਵਿੱਚ ਪ੍ਰਗਟਾਏ ਗਏ ਵਿਚਾਰਾਂ ਨੂੰ 50 – 60 ਸ਼ਬਦਾਂ ਵਿੱਚ ਲਿਖੋ ।

ਉੱਤਰ – ਸ੍ਰੀ ਗੁਰੂ ਅਮਰਦਾਸ ਜੀ ਦੀ ਰਚਨਾ “ਕਿਰਪਾ ਕਰਿ ਕੈ ਬਖਸਿ ਲੈਹੁ” ਦਾ ਵਿਸ਼ਾ ਪਰਮਾਤਮਾ ਦੀ ਜੀਵ ‘ਤੇ ਮਿਹਰ ਅਥਵਾ ਬਖ਼ਸ਼ਸ਼ ਨਾਲ ਸੰਬੰਧਿਤ ਹੈ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੀਵ ਬੇਸ਼ੁਮਾਰ ਭੁੱਲਾਂ ਕਰਦੇ ਹਨ ਅਥਵਾ ਅਸੀਂ ਬਹੁਤ ਵੱਡੇ ਗੁਨਾਹਗਾਰ ਹਾਂ।

ਪਰਮਾਤਮਾ ਹੀ ਸਾਡੇ ‘ਤੇ ਕਿਰਪਾ ਕਰਕੇ ਇਹਨਾਂ ਭੁੱਲਾਂ ਨੂੰ ਬਖ਼ਸ਼ ਸਕਦਾ ਹੈ। ਗੁਰੂ ਜੀ ਪਰਮਾਤਮਾ ਅੱਗੇ ਜੀਵ ਨੂੰ ਬਖ਼ਸ਼ ਦੇਣ ਲਈ ਅਰਦਾਸ ਕਰਦੇ ਹਨ।

ਗੁਰੂ ਜਿਸ ਜੀਵ ‘ਤੇ ਕਿਰਪਾਲੂ / ਪ੍ਰਸੰਨ ਹੁੰਦਾ ਹੈ, ਉਸ ਨੂੰ ਪ੍ਰਭੂ ਨਾਲ ਮਿਲਾਉਂਦਾ ਹੈ ਅਤੇ ਉਸਦੇ ਵਿਕਾਰਾਂ ਨੂੰ ਕੱਟ ਕੇ ਨਾਮ – ਸਿਮਰਨ ਦੀ ਦਾਤ ਬਖ਼ਸ਼ਦਾ ਹੈ।