ਕਾਵਿ ਟੁਕੜੀ : ਹੇ ਮਨ ਮੇਰਿਆ……….. ਸਦਾ ਰਹੁ ਹਰਿ ਨਾਲੇ।
ਅਨੰਦ ਭਇਆ ਮੇਰੀ ਮਾਏ : ਗੁਰੂ ਅਮਰਦਾਸ ਜੀ
ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-
ਏ ਮਨ ਮੇਰਿਆ ਤੂ ਸਦਾ ਰਹੁ ਹਰਿ ਨਾਲੇ ॥
ਹਰਿ ਨਾਲਿ ਰਹੁ ਤੂ ਮਨ ਮੇਰੇ ਦੂਖ ਸਭਿ ਵਿਸਾਰਣਾ ॥
ਅੰਗੀਕਾਰੁ ਓਹੁ ਕਰੇ ਤੇਰਾ ਕਾਰਜ ਸਭਿ ਸਵਾਰਣਾ ॥
ਸਭਨਾ ਗਲਾ ਸਮਰਥੁ ਸੁਆਮੀ ਸੋ ਕਿਉ ਮਨਹੁ ਵਿਸਾਰੇ॥
ਕਹੈ ਨਾਨਕੁ ਮਨ ਮੇਰੇ ਸਦਾ ਰਹੁ ਹਰਿ ਨਾਲੇ ॥
ਪ੍ਰਸੰਗ : ਇਹ ਕਾਵਿ-ਟੋਟਾ ਗੁਰੂ ਅਮਰਦਾਸ ਜੀ ਦੀ ਬਾਣੀ ਅਨੰਦ ਸਾਹਿਬ ਵਿੱਚ ਲਿਆ ਗਿਆ ਹੈ ਅਤੇ ਇਹ ‘ਸਾਹਿਤ-ਮਾਲਾ’ ਪੁਸਤਕ ਵਿੱਚ ‘ਅਨੰਦ ਭਇਆ ਮੇਰੀ ਮਾਏ’ ਸਿਰਲੇਖ ਹੇਠ ਦਰਜ ਹੈ। ਇਸ ਬਾਣੀ ਵਿੱਚ ਗੁਰੂ ਸਾਹਿਬ ਦੱਸਦੇ ਹਨ ਕਿ ਜੀਵ ਸਾਰੀ ਉਮਰ ਮਾਇਆ ਦੇ ਹੱਥਾਂ ਉੱਤੇ ਹੀ ਨੱਚਦਾ ਰਹਿੰਦਾ ਹੈ ਤੇ ਦੁਖੀ ਰਹਿੰਦਾ ਹੈ। ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਕਰਦਾ ਹੈ, ਉਸ ਨੂੰ ਗੁਰੂ ਉਪਦੇਸ਼ ਦੀ ਪ੍ਰਾਪਤੀ ਹੁੰਦੀ ਹੈ ਤੇ ਉਸ ਦੀ ਮਾਇਕ ਭਟਕਣਾ ਦੂਰ ਹੋ ਜਾਂਦੀ ਹੈ। ਉਸ ਦੀ ਦੁੱਖਾਂ ਤੋਂ ਨਵਿਰਤੀ ਹੁੰਦੀ ਹੈ ਤੇ ਮਨ ਵਿੱਚ ਹਰ ਵੇਲੇ ਅਨੰਦ ਬਣਿਆ ਰਹਿੰਦਾ ਹੈ।
ਇਨ੍ਹਾਂ ਸਤਰਾਂ ਵਿੱਚ ਗੁਰੂ ਸਾਹਿਬ ਆਪਣੇ ਮਨ ਨੂੰ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਵਿੱਚ ਜੁੜੇ ਰਹਿਣ ਦਾ ਉਪਦੇਸ਼ ਦਿੰਦੇ ਹਨ, ਕਿਉਂਕਿ ਪਰਮਾਤਮਾ ਸਾਰੇ ਦੁੱਖ ਦੂਰ ਕਰਨ ਵਾਲਾ ਤੇ ਸਾਰੇ ਕਾਰਜ ਕਰਨ ਦੇ ਸਮਰੱਥ ਹੈ।
ਵਿਆਖਿਆ : ਗੁਰੂ ਸਾਹਿਬ ਕਹਿੰਦੇ ਹਨ, ਹੇ ਮਨ ! ਤੂੰ ਸਦਾ ਪ੍ਰਭੂ ਦੇ ਨਾਲ ਜੁੜਿਆ ਰਹਿ। ਤੂੰ ਸਦਾ ਪ੍ਰਭੂ ਨੂੰ ਯਾਦ ਰੱਖ।
ਉਹ ਪ੍ਰਭੂ ਸਾਰੇ ਦੁੱਖ ਦੂਰ ਕਰਨ ਵਾਲਾ ਹੈ। ਉਹ ਸਦਾ ਤੇਰੀ ਸਹਾਇਤਾ ਕਰਨ ਵਾਲਾ ਹੈ ਤੇ ਤੇਰੇ ਸਾਰੇ ਕੰਮ ਸਿਰੇ ਚਾੜ੍ਹਨ ਦੇ ਸਮਰੱਥ ਹੈ। ਜਿਹੜਾ ਪ੍ਰਭੂ ਸਭ ਕੁੱਝ ਕਰਨ ਦੇ ਸਮਰੱਥ ਹੈ, ਉਸ ਨੂੰ ਮਨੋਂ ਕਿਉਂ ਵਿਸਾਰਿਆ ਜਾਵੇ l। ਹੇ ਮੇਰੇ ਮਨ ! ਤੂੰ ਸਦਾ ਪ੍ਰਭੂ ਨਾਲ ਜੁੜਿਆ ਰਹਿ।