ਕਾਵਿ – ਟੁਕੜੀ – ਮੁਸਕਾਨ ਦੇ ਮੋਤੀ
ਮੁਸਕਾਨ ਦੇ ਮੋਤੀ
ਇਹ ਨਾ ਸੋਚੋ ਕਿ ਅੱਖਾਂ ਨੇ ਸੈਂਕੜੇ ਹੰਝੂ ਵਹਾਏ ਹਨ
ਸੋਚੋ ਇਹ ਕਿ ਹੰਝੂ ਵਹਾ ਕੇ ਹੀ ਅਸੀਂ
ਮੁਸਕਾਨ ਦੇ ਮੋਤੀ ਪਾਏ ਹਨ।
ਦੁੱਖਾਂ ਨੂੰ ਦੁਹਰਾ ਕੇ ਕਿਉਂ ਅਸੀਂ ਉਦਾਸ ਹੋਈਏ
ਦੁੱਖਾਂ ਨੂੰ ਜਰ ਕੇ ਹੀ ਤਾਂ ਸੁੱਖਾਂ ਦੇ ਫੁੱਲ
ਅਸੀਂ ਝੋਲੀ ਪਾਏ ਹਨ।
ਗ਼ਮਾਂ ਦੇ ਵਹਿਣ ਵਿੱਚ ਵਹਿ ਰਹੇ ਸੀ, ਨਹੀਂ ਮਾਯੂਸ ਹੋਣਾ
ਗ਼ਮਾਂ ਦੇ ਸਾਗਰ ਵਿੱਚ ਡੁਬਕੀ ਲਗਾ ਕੇ ਹੀ ਤਾਂ
ਖੁਸ਼ੀਆਂ ਦੇ ਪਲ ਹੱਥ ਵਿੱਚ ਆਏ ਹਨ।
ਰਾਤਾਂ ਨੂੰ ਹਨੇਰੇ ਦਾ ਨਾਂ ਦੇ ਕੇ ਕਿਉਂ ਅਸੀਂ ਡਰ ਜਾਈਏ
ਰਾਤਾਂ ਨੂੰ ਚੀਰ ਕੇ ਹੀ ਤਾਂ ਅਸੀਂ
ਦਿਨ ਦੇ ਉਜਾਲੇ ਪਾਏ ਹਨ।
ਉਪਰੋਕਤ ਕਾਵਿ ਟੁਕੜੀ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1 . ਕਵੀ ਅਨੁਸਾਰ ਅਸੀਂ ਕੀ ਗੁਆਇਆ ਅਤੇ ਪਾਇਆ ਹੈ?
ਪ੍ਰਸ਼ਨ 2 . ਗਮਾਂ ਦੇ ਸਾਗਰ ਵਿਚ ਡੁਬਕੀ ਲਗਾ ਕੇ ਕੀ ਹੋਵੇਗਾ?
ਪ੍ਰਸ਼ਨ 3 . ਕਵੀ ਅਨੁਸਾਰ ‘ਮੁਸਕਾਨ ਦੇ ਮੋਤੀ’ ਅਤੇ ‘ਸੁੱਖਾਂ ਦੇ ਫੁੱਲ’ ਕਿਵੇਂ ਪ੍ਰਾਪਤ ਕੀਤੇ ਜਾ ਸਕਦੇ ਹਨ?