ਕਾਵਿ ਟੁਕੜੀ ਦੀ ਪ੍ਰਸੰਗ ਸਹਿਤ ਵਿਆਖਿਆ


ਵਾਰਸ ਸ਼ਾਹ : ਅੰਮ੍ਰਿਤਾ ਪ੍ਰੀਤਮ


ਹੇਠ ਦਿੱਤੀ ਗਈ ਕਾਵਿ-ਟੁਕੜੀ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ :

ਪਹਿਲੇ ਡੰਗ ਮਦਾਰੀਆਂ ਮੰਤਰ ਗਏ ਗੁਆਚ

ਦੂਜੇ ਡੰਗ ਦੀ ਲੱਗ ਗਈ ਜਣੇ-ਖਣੇ ਨੂੰ ਲਾਗ

ਨਾਗਾਂ ਕੀਲੇ ਲੋਕ ਮੂੰਹ ਬਸ ਫਿਰ ਡੰਗ ਹੀ ਡੰਗ

ਪਲੋ-ਪਲੀ ਪੰਜਾਬ ਦੇ ਨੀਲੇ ਪੈ ਗਏ ਅੰਗ


ਪ੍ਰਸੰਗ : ਇਹ ਕਾਵਿ-ਟੋਟਾ ‘ਲਾਜ਼ਮੀ ਪੰਜਾਬੀ-12′ ਪਾਠ-ਪੁਸਤਕ ਵਿੱਚ ‘ਅੰਮ੍ਰਿਤਾ ਪ੍ਰੀਤਮ’ ਦੀ ਕਵਿਤਾ ‘ਵਾਰਸ ਸ਼ਾਹ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵਿੱਤਰੀ ਨੇ ਦੇਸ਼ ਦੀ ਵੰਡ ਦੇ ਫ਼ਿਰਕੂ-ਫ਼ਸਾਦਾਂ ਦਾ ਦਰਦਨਾਕ ਬਿਆਨ ਕੀਤਾ ਹੈ। ਉਸ ਸਮੇਂ ਧਰਮ ਦੇ ਆਧਾਰ ‘ਤੇ ਹਰ ਕੋਈ ਇੱਕ-ਦੂਜੇ ਦੇ ਲਹੂ ਦਾ ਪਿਆਸਾ ਹੋ ਗਿਆ ਸੀ।

ਵਿਆਖਿਆ : ਦੇਸ਼ ਦੀ ਵੰਡ ਦੌਰਾਨ ਫ਼ਿਰਕੂਪੁਣੇ ਦੇ ਸੱਪਾਂ ਦਾ ਪਹਿਲਾ ਡੰਗ ਤਾਂ ਮਦਾਰੀਆਂ, ਭਾਵ ਰਾਜਨੀਤਿਕ ਨੇਤਾਵਾਂ ਨੂੰ ਲੱਗਾ, ਜਿਸ ਕਰ ਕੇ ਜ਼ਹਿਰ ਦਾ ਉਪਾਅ ਕਰਨ ਲਈ ਮੰਤਰ ਪੜ੍ਹਨ ਵਾਲੇ ਮਦਾਰੀ ਖ਼ਤਮ ਹੋ ਗਏ ਹਨ।ਇਸ ਦਾ ਭਾਵ ਇਹ ਹੈ ਕਿ ਨਾਗਾਂ ਨੂੰ ਕੀਲਣ ਵਾਲੇ ਅਤੇ ਉਨ੍ਹਾਂ ਦੇ ਜ਼ਹਿਰ ਦਾ ਅਸਰ ਖ਼ਤਮ ਕਰਨ ਵਾਲੇ ਮੰਤਰ ਗੁਆਚ ਗਏ ਹਨ। ਇਸ ਡੰਗ ਦਾ ਹਰ ਜਣੇ-ਖਣੇ ਉੱਤੇ ਅਸਰ ਹੋ ਗਿਆ ਹੈ। ਫ਼ਿਰਕਾਪ੍ਰਸਤੀ ਦੇ ਨਾਗਾਂ ਨੇ ਲੋਕਾਂ ਦੇ ਮੂੰਹ ਕੀਲ ਲਏ ਹਨ ਤੇ ਫਿਰ ਹਰ ਪਾਸੇ ਹਰ ਮੂੰਹ ਵਿੱਚੋਂ ਡੰਗ ਹੀ ਡੰਗ ਚੱਲਣ ਲੱਗ ਪਏ ਹਨ। ਇਸ ਤਰ੍ਹਾਂ ਫ਼ਿਰਕੂਪੁਣੇ ਕਾਰਨ ਪੰਜਾਬ ਦੇ ਪਿਆਰ ਦੀ ਮੌਤ ਹੋ ਗਈ ਹੈ। ਪੰਜਾਬ ਦੇ ਅੰਗ ਘੜੀਆਂ-ਪਲਾਂ ਵਿੱਚ ਨੀਲੇ ਪੈ ਗਏ ਹਨ |