ਟੁਕੜੀ ਜਗ ਤੋਂ ਨਯਾਰੀ’ : ਭਾਈ ਵੀਰ ਸਿੰਘ ਜੀ
ਹੇਠ ਦਿੱਤੀ ਗਈ ਕਾਵਿ-ਟੁਕੜੀ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ :
‘ਸੁਹਣੀ ਨੇ ਅਸਮਾਨ ਖੜੋ ਕੇ, ਧਰਤੀ ਵੱਲ ਤਕਾ ਕੇ।
ਇਹ ਮੁੱਠੀ ਖੋਲ੍ਹੀ ਤੇ ਸੁੱਟਿਆ, ਸਭ ਕੁਝ ਹੇਠ ਤਕਾ ਕੇ।
ਜਿਸ ਥਾਂਵੇਂ ਧਰਤੀ ਤੇ ਆ ਕੇ, ਇਹ ਮੁੱਠ ਡਿੱਗੀ ਸਾਰੀ।
ਓਸ ਥਾਂਉਂ ‘ਕਸ਼ਮੀਰ’ ਬਣ ਗਿਆ, ਟੁਕੜੀ ਜੱਗ ਤੋਂ ਨਯਾਰੀ।’
ਪ੍ਰਸੰਗ : ਇਹ ਕਾਵਿ-ਟੋਟਾ ‘ਲਾਜ਼ਮੀ ਪੰਜਾਬੀ-12’ ਪਾਠ-ਪੁਸਤਕ ਵਿੱਚ ਦਰਜ ‘ਭਾਈ ਵੀਰ ਸਿੰਘ’ ਦੀ ਲਿਖੀ ਹੋਈ ਕਵਿਤਾ ‘ਟੁਕੜੀ ਜਗ ਤੋਂ ਨਯਾਰੀ’ ਵਿੱਚੋਂ ਲਈ ਗਈ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਨੇ ਕਸ਼ਮੀਰ ਦੀ ਸਿਰਜਣਾ ਤੇ ਕੁਦਰਤੀ ਸੁੰਦਰਤਾ ਦਾ ਜ਼ਿਕਰ ਕੀਤਾ ਹੈ।
ਵਿਆਖਿਆ : ਕੁਦਰਤ ਦੇਵੀ ਨੇ ਅਸਮਾਨ ਵਿੱਚ ਖੜ੍ਹੀ ਹੋ ਕੇ ਧਰਤੀ ਵੱਲ ਤੱਕਿਆ। ਉਸ ਨੇ ਹੇਠਾਂ ਵੇਖਦੇ ਹੋਏ ਉਹ ਮੁੱਠੀ ਖੋਲ੍ਹੀ, ਜਿਸ ਵਿੱਚ ਉਸ ਨੇ ਹੁਸਨ-ਮੰਡਲ ਵਿੱਚੋਂ ਕੁਦਰਤੀ ਨਜ਼ਾਰੇ ਭਰੇ ਸਨ। ਉਸ ਨੇ ਸਭ ਕੁਝ ਧਰਤੀ ਤੇ (ਥੱਲੇ) ਸੁੱਟ ਦਿੱਤਾ। ਜਿਸ ਥਾਂ ਆ ਕੇ ਸਾਰੀ ਮੁੱਠੀ ਡਿੱਗੀ, ਉਹ ਥਾਂ ‘ਕਸ਼ਮੀਰ’ ਬਣ ਗਿਆ, ਜੋ ਕਿ ਪਰਬਤਾਂ, ਟਿੱਬਿਆਂ, ਕਰੇਵਿਆਂ, ਮੈਦਾਨਾਂ, ਚਸ਼ਮਿਆਂ, ਨਦੀਆਂ, ਝੀਲਾਂ, ਬਾਗ਼ਾਂ, ਮੇਵਿਆਂ, ਬਰਫ਼ਾਂ, ਧੁੱਪਾਂ ਅਤੇ ਬੱਦਲਾਂ ਨਾਲ ਭਰਪੂਰ ਜੱਗ ਵਿੱਚ ਸਭ ਤੋਂ ਨਿਆਰੀ ਜਗ੍ਹਾ ਬਣ ਗਿਆ।