ਕਾਵਿ ਟੁਕੜੀ – ਜੇ ਮੰਗਿਆਂ ਸਭ ਕੁਝ ਮਿਲ ਜਾਂਦਾ
ਜੇ ਮੰਗਿਆਂ ਸਭ ਕੁਝ ਮਿਲ ਜਾਂਦਾ
ਜੇ ਮੰਗਿਆਂ ਸਭ ਕੁਝ ਮਿਲ ਜਾਂਦਾ
ਤਾਂ ਅੱਜ ਨਾ ਕੋਈ ਗ਼ਰੀਬ ਹੁੰਦਾ।
ਰਾਜਿਆਂ ਵਾਂਗ ਸਭ ਜੀਵਨ ਬਤੀਤ ਕਰਦੇ
ਤੇ ਕੋਈ ਨਾ ਇੱਥੇ ਫਕੀਰ ਹੁੰਦਾ।
ਮਹਿਲਾਂ ਤੇ ਕੋਠੀਆਂ ਵਿੱਚ ਸਭ ਨੇ ਰਹਿਣਾ ਸੀ
ਝੁੱਗੀ ਝੌਂਪੜੀ ਨਾ ਕਿਸੇ ਦਾ ਧਾਮ ਹੁੰਦਾ।
ਮੋਟਰਾਂ ਗੱਡੀਆਂ ਵਿੱਚ ਸਭ ਨੇ ਘੁੰਮਣਾ ਸੀ
ਸਾਈਕਲ ਸਵਾਰਾਂ ਦਾ ਨਾ ਕਿਤੇ ਕੋਈ ਨਾਮ ਹੁੰਦਾ।
ਮਾਲ੍ਹ ਪੂੜਿਆਂ ਦੀ ਸਭ ਪਾਸੋਂ ਸੁਗੰਧ ਆਉਂਦੀ
ਤੇ ਫਾਕੇ ਰਖਣ ਤੇ ਨਾ ਕੋਈ ਲਾਚਾਰ ਹੁੰਦਾ।
ਵੰਨ-ਸੁਵੰਨੇ ਕਪੜੇ ਸਭ ਨੇ ਪਾਉਣੇ ਸੀ
ਖੱਦਰ, ਮਲਮਲ ਦਾ ਨਾ ਕੋਈ ਖਰੀਦਦਾਰ ਹੁੰਦਾ।
ਤੰਦਰੁਸਤੀ ਸਭ ਪਾਸੇ ਠਾਠਾਂ ਮਾਰਨੀ ਸੀ
ਤੇ ਡਾਕਟਰਾਂ ਦਾ ਨਾ ਕੋਈ ਨਸੀਬ ਹੁੰਦਾ।
ਪਰ ਮੰਗਿਆਂ ਤਾਂ ਮੌਤ ਵੀ ਨਹੀਂ ਮਿਲਦੀ
ਫਿਰ ਕਿਉਂ? ਇਨਸਾਨ ਮੰਗਣ ਤੇ ਜ਼ੋਰ ਦਿੰਦਾ।
ਮਿਹਨਤ, ਲਗਨ ਤੇ ਰੱਬ ਤੇ ਜੋ ਵਿਸ਼ਵਾਸ ਰੱਖਦਾ
ਬਿਨ ਮੰਗਿਆਂ ਹੀ ਰੱਬ ਉਸਨੂੰ ਸਭ ਕੁਝ ਦੇ ਦਿੰਦਾ।
ਉਪਰੋਕਤ ਕਾਵਿ ਟੁਕੜੀ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1. ਕਵੀ ਅਨੁਸਾਰ ਜੇ ਮੰਗਣ ਨਾਲ ਸਭ ਕੁਝ ਮਿਲ ਜਾਂਦਾ ਤਾਂ ਦੁਨੀਆਂ ਵਿੱਚ ਕਿਹੜੀਆਂ ਪਰੇਸ਼ਾਨੀਆਂ ਨਾ ਰਹਿੰਦੀਆਂ?
ਪ੍ਰਸ਼ਨ 2. ‘ਡਾਕਟਰਾਂ ਦਾ ਨਾ ਕੋਈ ਨਸੀਬ ਹੁੰਦਾ’ ਪੰਕਤੀ ਵਿਚ ਕਵੀ ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ?
ਪ੍ਰਸ਼ਨ 3. ਕਵੀ ਅਨੁਸਾਰ ਇਨਸਾਨ ਨੂੰ ਬਿਨਾਂ ਮੰਗੇ ਕੀ ਅਤੇ ਕਿਵੇਂ ਮਿਲ ਸਕਦਾ ਹੈ?