ਤੁਸੀਂ ਵੇਰਕਾ ਮਿਲਕ ਪਲਾਂਟ ਦੇ ਉਤਪਾਦ ਵੇਚਣ ਦਾ ਕਾਰੋਬਾਰ ਆਪਣੇ ਇਲਾਕੇ ਵਿੱਚ ਕਰਨਾ ਚਾਹੁੰਦੇ ਹੋ, ਇਸ ਬਾਰੇ ਵੇਰਕਾ ਦੇ ਵੱਖ-ਵੱਖ ਉਤਪਾਦਾਂ ਆਦਿ ਦੀ ਜਾਣਕਾਰੀ ਲੈਣ ਹਿਤ ਨੇੜਲੇ ਵੇਰਕਾ ਮਿਲਕ ਪਲਾਂਟ ਦੇ ਮੈਨੇਜਰ ਨੂੰ ਪੱਤਰ ਲਿਖੋ।
ਸ਼ਾਹਕੋਟ,
ਜ਼ਿਲ੍ਹਾ ਜਲੰਧਰ।
ਹਵਾਲਾ ਨੰ. 44980
ਮਿਤੀ : 4-12-20…….
ਸੇਵਾ ਵਿਖੇ,
ਮੈਨੇਜਰ ਸਾਹਿਬ,
ਵੇਰਕਾ ਮਿਲਕ ਪਲਾਂਟ
ਜਲੰਧਰ।
ਵਿਸ਼ਾ : ਵੇਰਕਾ ਦੇ ਉਤਪਾਦ ਵੇਚਣ ਦਾ ਕਾਰੋਬਾਰ ਕਰਨ ਬਾਰੇ।
ਸ੍ਰੀ ਮਾਨ ਜੀ,
ਉੱਪਰ ਦਿੱਤੇ ਵਿਸ਼ੇ ਦੇ ਸੰਬੰਧ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਮੇਰੀ ਵਿੱਦਿਅਕ ਯੋਗਤਾ ਐਮ-ਕਾਮ ਹੈ। ਮੈਂ ਸਰਕਾਰੀ ਨੌਕਰੀਆਂ ਦੀ ਹੋੜ ਵਿੱਚ ਸ਼ਾਮਲ ਹੋਣ ਦੀ ਥਾਂ ਆਪਣਾ ਕਾਰੋਬਾਰ ਕਰਨ ਦੀ ਇੱਛਾ ਰੱਖਦਾ ਹਾਂ। ਮੈਂ ਦੇਖਦਾ ਹਾਂ ਕਿ ਸਾਡੇ ਆਸ-ਪਾਸ ਦੁੱਧ ਤੇ ਦੁੱਧ ਦੇ ਬਣੇ ਘਟੀਆ ਉਤਪਾਦਾਂ ਦੀ ਭਰਮਾਰ ਹੈ। ਇਸ ਕਾਰਨ ਮਨੁੱਖੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ। ਇਸ ਕਰਕੇ ਮੈਂ ਵੇਰਕਾ ਦੇ ਮਿਆਰੀ ਉਤਪਾਦਾਂ ਦੇ ਕਾਰੋਬਾਰ ਨਾਲ ਜੁੜ ਕੇ ਲੋਕਾਂ ਦੀ ਸੇਵਾ ਕਰਨੀ ਚਾਹੁੰਦਾ ਹਾਂ।
ਕਿਰਪਾ ਕਰਕੇ ਮੈਨੂੰ ਦੱਸਿਆ ਜਾਵੇ ਕਿ ਵੇਰਕਾ ਦੇ ਉਤਪਾਦਾਂ ਦਾ ਕਾਰੋਬਾਰ ਕਰਨ ਸਬੰਧੀ ਪੰਜਾਬ ਮਿਲਕ ਅਤੇ ਫੈਡ ਦੀਆਂ ਕੀ-ਕੀ ਸ਼ਰਤਾਂ ਹਨ? ਇਹ ਵੀ ਦੱਸਿਆ ਜਾਵੇ ਕਿ ਵੇਰਕਾ ਦੇ ਵੱਖ-ਵੱਖ ਉਤਪਾਦ ਜਿਵੇਂ— ਦੁੱਧ, ਦਹੀਂ, ਲੱਸੀ, ਮੱਖਣ, ਘਿਓ, ਪਾਊਡਰ, ਆਈਸ-ਕ੍ਰੀਮਾਂ ਤੇ ਪਨੀਰ ਆਦਿ ਕਿਹੜੀ-ਕਿਹੜੀ ਪੈਕਿੰਗ ਤੇ ਕੀਮਤਾਂ ਉਪਲਬੱਧ ਹੋਣਗੇ। ਭੁਗਤਾਨ ਕਿਸ ਤਰੀਕੇ ਨਾਲ ਕਰਨਾ ਹੋਵੇਗਾ ਤੇ ਢੋਆ-ਢੁਆਈ ਦੇ ਕੀ ਪ੍ਰਬੰਧ ਹੋਣਗੇ?
ਮੈਨੂੰ ਉਮੀਦ ਹੈ ਕਿ ਆਪ ਜੀ ਵਿਸਥਾਰ ਵਿੱਚ ਜਾਣਕਾਰੀ ਪ੍ਰਦਾਨ ਕਰਕੇ ਧੰਨਵਾਦੀ ਬਣਾਓਗੇ।
ਧੰਨਵਾਦ ਸਹਿਤ,
ਆਪ ਜੀ ਦਾ ਵਿਸ਼ਵਾਸਪਾਤਰ,
ਕੁਲਦੀਪ ਸਿੰਘ।