ਕਾਰ ਵਿਹਾਰ ਦੇ ਪੱਤਰ
ਤੁਹਾਡੀ ਕੰਪਨੀ ਤੋਂ ਕਿਸੇ ਫਰਮ ਨੇ ਮਾਲ ਖ਼ਰੀਦਿਆ ਸੀ ਪਰ ਉਨ੍ਹਾਂ ਨੇ ਨਿਸ਼ਚਿਤ ਵਕਤ ‘ਤੇ ਬਿੱਲ ਦਾ ਭੁਗਤਾਨ ਨਹੀਂ ਕੀਤਾ। ਬਿੱਲ ਦਾ ਭੁਗਤਾਨ ਨਾ ਹੋਣ ਸਬੰਧੀ ਉਸ ਫਰਮ ਨੂੰ ਯਾਦ-ਪੱਤਰ ਭੇਜੋ।
ਰਮਨ ਸਾਈਕਲ ਸਪੇਅਰ ਪਾਰਟਸ,
ਅਰਬਨ ਅਸਟੇਟ,
ਲੁਧਿਆਣਾ।
ਹਵਾਲਾ ਨੰਬਰ 202/2/13/11
12 ਅਪ੍ਰੈਲ, 20……
ਸੇਵਾ ਵਿਖੇ,
ਸਾਹਨੀ ਸਾਈਕਲ ਸਟੋਰ,
165, ਅਮਰ ਨਗਰ,
ਪਟਿਆਲਾ।
ਵਿਸ਼ਾ : ਬਿੱਲ ਦਾ ਭੁਗਤਾਨ ਨਾ ਹੋਣ ਸਬੰਧੀ ਯਾਦ-ਪੱਤਰ।
ਸ਼੍ਰੀਮਾਨ ਜੀ,
ਬੇਨਤੀ ਹੈ ਕਿ ਇਸ ਪੱਤਰ ਰਾਹੀਂ ਅਸੀਂ ਆਪ ਜੀ ਨੂੰ ਇਹ ਯਾਦ ਦਿਵਾਉਣਾ ਚਾਹੁੰਦੇ ਹਾਂ ਕਿ ਤੁਹਾਡੀ ਫਰਮ ਵੱਲੋਂ ਸਾਡੇ ਬਿੱਲ ਨੰਬਰ 484, ਮਿਤੀ : 14 ਜਨਵਰੀ, 20 … , ਰੁਪਏ 1500000 ਦਾ ਭੁਗਤਾਨ ਅਜੇ ਤੱਕ ਨਹੀਂ ਹੋਇਆ। ਆਪ ਜੀ ਨੇ ਸਾਨੂੰ ਟੈਲੀਫੋਨ ਰਾਹੀਂ ਵੀ ਵਿਸ਼ਵਾਸ ਦੁਆਇਆ ਸੀ ਕਿ ਉਪਰੋਕਤ ਰਕਮ ਦੀ ਅਦਾਇਗੀ ਮਾਰਚ ਦੇ ਪਹਿਲੇ ਹਫ਼ਤੇ ਵਿੱਚ ਕਰ ਦਿੱਤੀ ਜਾਵੇਗੀ। ਸ਼ਾਇਦ ਰੁਝੇਵਿਆਂ ਕਾਰਨ ਇਸ ਗੱਲ ਵੱਲ ਆਪ ਜੀ ਦਾ ਧਿਆਨ ਨਾ ਗਿਆ ਹੋਵੇ। ਯਾਦ-ਪੱਤਰ ਰਾਹੀਂ ਆਪ ਜੀ ਨੂੰ ਬੇਨਤੀ ਹੈ ਕਿ ਇਸ ਬਿੱਲ ਦੇ ਬਹੁਤ ਜਲਦੀ ਭੁਗਤਾਨ ਸਬੰਧੀ ਚੈੱਕ ਜਾਂ ਡਰਾਫਟ ਭੇਜ ਦਿੱਤਾ ਜਾਵੇ। ਤੁਹਾਡਾ ਇਹ ਕਦਮ ਸਾਡੇ ਵਪਾਰਕ ਸਬੰਧਾਂ ਲਈ ਲਾਹੇਵੰਦ ਹੋਵੇਗਾ।
ਆਸ ਕਰਦੇ ਹਾਂ ਕਿ ਭਵਿੱਖ ਵਿੱਚ ਵੀ ਵਿਸ਼ਵਾਸ ਦੇ ਅਧਾਰ ‘ਤੇ ਹੀ ਸਾਡੇ ਵਪਾਰਕ ਸਬੰਧ ਹੋਰ ਮਜ਼ਬੂਤ ਹੋਣਗੇ।
ਧੰਨਵਾਦ ਸਹਿਤ।
ਆਪ ਜੀ ਦਾ ਵਿਸ਼ਵਾਸਪਾਤਰ,
ੳ. ਅ. ੲ.।