ਕਾਰ ਵਿਹਾਰ ਦੇ ਪੱਤਰ
ਤੁਹਾਡੇ ਪਿੰਡ ਵਿੱਚ ਕਲੱਬ ਵੱਲੋਂ ਪੰਚਾਇਤ ਦੇ ਸਹਿਯੋਗ ਨਾਲ ਪੁਸਤਕਾਲਾ ਖੋਲ੍ਹਿਆ ਜਾ ਰਿਹਾ ਹੈ। ਲਾਇਬ੍ਰੇਰੀਅਨ ਵੱਲੋਂ ਪੁਸਤਕਾਂ ਮੰਗਵਾਉਣ ਲਈ ਭਿੰਨ-ਭਿੰਨ ਪੁਸਤਕ ਵਿਕਰੇਤਾਵਾਂ ਨੂੰ ਪੱਤਰ ਲਿਖੋ ਜਿਸ ਵਿੱਚ ਕੁਟੇਸ਼ਨਾਂ ਦੀ ਮੰਗ ਕੀਤੀ ਗਈ ਹੋਵੇ। ਇਸ ਪੱਤਰ ਵਿੱਚ ਕਿਸੇ ਇੱਕ ਵਿਕਰੇਤਾ ਨੂੰ ਸੰਬੋਧਨ ਕਰੋ।
ਨੌਜਵਾਨ ਸਮਾਜ-ਸੁਧਾਰ ਕਲੱਬ,
(ਪ੍ਰੋ. ਮੋਹਨ ਸਿੰਘ ਯਾਦਗਾਰੀ ਲਾਇਬ੍ਰੇਰੀ)
ਪਿੰਡ ਤੇ ਡਾਕਘਰ……………,
ਤਹਿਸੀਲ …………….,
ਜ਼ਿਲ੍ਹਾ…………..।
ਹਵਾਲਾ ਨੰਬਰ : 160-165
ਮਿਤੀ : 11 ਅਪਰੈਲ, 20…..
ਸੇਵਾ ਵਿਖੇ
ਮੈਨੇਜਰ ਸਾਹਿਬ,
ਐੱਸ. ਪੀ. ਬੁੱਕਸ
………….ਬਜ਼ਾਰ,
…………ਸ਼ਹਿਰ।
ਵਿਸ਼ਾ : ਲਾਇਬ੍ਰੇਰੀ-ਪੁਸਤਕਾਂ ਦੀ ਸਪਲਾਈ ਲਈ ਕੁਟੇਸ਼ਨਾਂ ਦੀ ਮੰਗ।
ਸ੍ਰੀਮਾਨ ਜੀ,
ਤੁਹਾਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਪਿੰਡ……. ਜ਼ਿਲ੍ਹਾ ……….. ਵਿਖੇ ਨੌਜਵਾਨ ਸਮਾਜ-ਸੁਧਾਰ ਕਲੱਬ ਵੱਲੋਂ ਪੰਚਾਇਤ ਦੇ ਸਹਿਯੋਗ ਨਾਲ ਪ੍ਰੋ. ਮੋਹਨ ਸਿੰਘ ਯਾਦਗਾਰੀ ਲਾਇਬ੍ਰੇਰੀ ਖੋਲ੍ਹੀ ਜਾ ਰਹੀ ਹੈ। ਇਹ ਪਿੰਡ ਜਲੰਧਰ-ਕਪੂਰਥਲਾ ਰੋਡ ‘ਤੇ ਜਲੰਧਰ ਤੋਂ ਲਗਪ ਪੰਜ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ ਅਤੇ ਮੁੱਖ ਸੜਕ ਤੋਂ ਲਗਪਗ ਇੱਕ ਕਿਲੋਮੀਟਰ ਉੱਤਰ ਵੱਲ ਹੈ। ਇਸ ਲਾਇਬ੍ਰੇਰੀ ਲਈ ਪੁਸਤਕਾਂ ਦੀ ਲੋੜ ਹੈ। ਕਿਰਪਾ ਕਰ ਕੇ ਅੱਗੇ ਦਿੱਤੀਆਂ ਕਿਸਮਾਂ ਦੀਆਂ ਪੁਸਤਕਾਂ ‘ਤੇ ਦਿੱਤੇ ਜਾਣ ਵਾਲੇ ਕਮਿਸ਼ਨ ਸੰਬੰਧੀ ਕੁਟੇਸ਼ਨਾਂ ਮਿਤੀ ……. ਤੱਕ ਭੇਜ ਕੇ ਧੰਨਵਾਦੀ ਬਣਾਓ:
1. ਪੰਜਾਬੀ ਅਤੇ ਹਿੰਦੀ ਦੀਆਂ ਪੁਸਤਕਾਂ।
(ਕਵਿਤਾ ਗਲਪ (ਨਾਵਲ ਅਤੇ ਕਹਾਣੀ), ਨਾਟਕ, ਆਮ ਜਾਣਕਾਰੀ)।
2. ਪੰਜਾਬੀ ਅਤੇ ਹਿੰਦੀ ਵਿੱਚ ਆਮ ਜਾਣਕਾਰੀ ਦੀਆਂ ਪੁਸਤਕਾਂ।
3. ਖੇਤੀਬਾੜੀ ਅਤੇ ਸਹਾਇਕ ਧੰਦਿਆਂ ਨਾਲ ਸੰਬੰਧਿਤ ਪੁਸਤਕਾਂ।
4. ਖੇਡਾਂ, ਸਿਹਤ, ਬੱਚਿਆਂ ਦੀ ਸੰਭਾਲ ਅਤੇ ਰਸੋਈ ਸਿੱਖਿਆ ਨਾਲ ਸੰਬੰਧਿਤ ਪੁਸਤਕਾਂ।
5. ਪੰਜਾਬੀ ਲੋਕ-ਸਾਹਿਤ ਅਤੇ ਸਾਹਿਤ-ਆਲੋਚਨਾ ਦੀਆਂ ਪੁਸਤਕਾਂ।
6. ਬੱਚਿਆਂ ਦੀਆਂ ਪੁਸਤਕਾਂ (ਬਾਲ-ਸਾਹਿਤ)
7. ਸ਼ਬਦ-ਕੋਸ਼ ਅਤੇ ਹਵਾਲਾ-ਗ੍ਰੰਥ।
ਕੁਟੇਸ਼ਨਾਂ ਮੋਹਰਬੰਦ ਲਿਫ਼ਾਫ਼ੇ ਵਿੱਚ ਨਿਸ਼ਚਿਤ ਮਿਤੀ ਤੱਕ ਲਾਇਬ੍ਰੇਰੀਅਨ ਨੂੰ ਭੇਜੀਆਂ ਜਾਣ। ਵੱਖ-ਵੱਖ ਤਰ੍ਹਾਂ ਦੀਆਂ ਪੁਸਤਕਾਂ ‘ਤੇ ਛੋਟ-ਦਰ ਪ੍ਰਤਿਸ਼ਤ ਦਾ ਸਪਸ਼ਟ ਵੇਰਵਾ ਦਿੱਤਾ ਜਾਵੇ। ਨਿਸ਼ਚਿਤ ਮਿਤੀ ਤੋਂ ਬਾਅਦ ਵਿੱਚ ਪ੍ਰਾਪਤ ਹੋਈਆਂ ਕੁਟੇਸ਼ਨਾਂ ਪ੍ਰਵਾਨ ਨਹੀਂ ਕੀਤੀਆਂ ਜਾਣਗੀਆਂ। ਪੁਸਤਕਾਂ ਦੀ ਸਪਲਾਈ ਸੰਬੰਧੀ ਹੇਠ ਦਿੱਤੀਆਂ ਸ਼ਰਤਾਂ ਹੋਣਗੀਆਂ :
1. ਲਾਇਬ੍ਰੇਰੀ ਵਿੱਚ ਪੁਸਤਕਾਂ ਪਹੁੰਚਾਉਣ ਦੀ ਜ਼ੁੰਮੇਵਾਰੀ ਉਸ ਫ਼ਰਮ ਦੀ ਹੋਵੇਗੀ ਜਿਸ ਨੂੰ ਪੁਸਤਕਾਂ ਦੀ ਸਪਲਾਈ ਦਾ ਆਰਡਰ ਦਿੱਤਾ ਜਾਵੇਗਾ।
2. ਆਰਡਰ ਕੀਤੀਆਂ ਸਾਰੀਆਂ ਪੁਸਤਕਾਂ ਸਾਫ਼-ਸੁਥਰੀ ਹਾਲਤ ਵਿੱਚ ਸਪਲਾਈ ਕਰਨੀਆਂ ਹੋਣਗੀਆਂ।
3. ਪੁਸਤਕਾਂ ਦੇ ਨਵੀਨਤਮ ਸੰਸਕਰਨ ਹੀ ਪ੍ਰਵਾਨ ਕੀਤੇ ਜਾਣਗੇ।
4. ਪੁਸਤਕ ਦੀ ਕੇਵਲ ਛਪੀ ਹੋਈ ਕੀਮਤ ਹੀ ਸਵੀਕਾਰ ਕੀਤੀ ਜਾਵੇਗੀ। ਹੱਥ ਨਾਲ ਕੱਟ ਕੇ ਵਧਾਈ ਹੋਈ ਕੀਮਤ ਜਾਂ ਚੇਪੀ ਲਾ ਕੇ ਲਿਖੀ ਕੀਮਤ ਪ੍ਰਵਾਨ ਨਹੀਂ ਕੀਤੀ ਜਾਵੇਗੀ।
5. ਕੁਟੇਸ਼ਨਾਂ ਵਾਲੇ ਮੋਹਰਬੰਦ ਲਿਫ਼ਾਫ਼ੇ ਉੱਤੇ ‘ਲਾਇਬ੍ਰੇਰੀ-ਪੁਸਤਕਾਂ ਦੀ ਸਪਲਾਈ ਲਈ ਕੁਟੇਸ਼ਨਾਂ” ਲਿਖਿਆ ਹੋਵੇ।
ਆਸ ਹੈ ਤੁਸੀਂ ਸਮੇਂ ਸਿਰ ਉੱਤਰ ਦਿਓਗੇ।
ਤੁਹਾਡਾ ਵਿਸ਼ਵਾਸਪਾਤਰ,
ਗੁਰਪ੍ਰੀਤ ਸਿੰਘ
ਲਾਇਬ੍ਰੇਰੀਅਨ।