CBSELetters (ਪੱਤਰ)NCERT class 10thPunjab School Education Board(PSEB)Punjabi Viakaran/ Punjabi Grammar

ਕਾਰ ਵਿਹਾਰ ਦੇ ਪੱਤਰ


ਤੁਹਾਡੇ ਸ਼ਹਿਰ ਦੀ ਨਾਮਵਰ ਗੈਸ ਏਜੰਸੀ ਨੇ ਗੈਸ ਸਿਲੰਡਰਾਂ ਦੀ ਹੋਮ ਡਲਿਵਰੀ ਲਈ ਟੈਂਪੂ ਦੇ ਮਾਲਕਾਂ ਦੀ ਮੰਗ ਲਈ ਅਖ਼ਬਾਰ ਵਿੱਚ ਇਸ਼ਤਿਹਾਰ ਦਿੱਤਾ ਹੈ। ਤੁਸੀਂ ਨਵੇਂ ਟੈਂਪੂ (ਛੋਟਾ ਹਾਥੀ) ਦੇ ਮਾਲਕ ਹੋ। ਇਸ ਸਬੰਧ ਵਿੱਚ ਆਪਣੀ ਪੇਸ਼ਕਸ਼ ਕਰਦੇ ਹੋਏ ਉਨ੍ਹਾਂ ਤੋਂ ਨਿਯਮਾਂ, ਸ਼ਰਤਾਂ ਤੇ ਰੇਟਾਂ ਆਦਿ ਬਾਰੇ ਜਾਣਕਾਰੀ ਲਈ ਸੂਚਨਾ ਦੀ ਮੰਗ ਲਈ ਪੱਤਰ ਲਿਖੋ ਤਾਂ ਜੋ ਤੁਹਾਡੀ ਉਨ੍ਹਾਂ ਨਾਲ ਵਪਾਰਕ ਸਾਂਝ ਬਣ ਸਕੇ।


ਸੇਵਾ ਵਿਖੇ,

ਮੈਨੇਜਰ ਸਾਹਿਬ,

ਭਾਰਤ ਗੈਸ ਏਜੰਸੀ,

ਜਲੰਧਰ।

ਵਿਸ਼ਾ : ਟੈਂਪੂ ਰਾਹੀਂ ਗੈਸ ਏਜੰਸੀ ਨਾਲ ਵਪਾਰਕ ਸਾਂਝ ਸਬੰਧੀ

ਸ੍ਰੀਮਾਨ ਜੀ,

ਸਨਿਮਰ ਬੇਨਤੀ ਹੈ ਕਿ ਮੈਨੂੰ 11 ਮਾਰਚ, 20… ਦੀ ਪੰਜਾਬੀ ਟ੍ਰਿਬਿਊਨ ਅਖ਼ਬਾਰ ਦੇ ਇਸ਼ਤਿਹਾਰ ਰਾਹੀਂ ਪਤਾ ਲੱਗਾ ਹੈ ਕਿ ਆਪ ਜੀ ਨੂੰ ਗੈਸ ਸਿਲੰਡਰਾਂ ਦੀ ਹੋਮ ਡਲਿਵਰੀ ਲਈ ਟੈਂਪੂ ਦੀ ਲੋੜ ਹੈ। ਮੈਂ ਨਵੇਂ ਟੈਂਪੂ ਦਾ ਮਾਲਕ ਹਾਂ। ਪਿਛਲੇ ਮਹੀਨੇ ਹੀ ਮੈਂ ਬੈਂਕ ਤੋਂ ਕਰਜ਼ਾ ਲੈ ਕੇ ਨਵਾਂ ਟੈਂਪੂ ਖਰੀਦਿਆ ਹੈ। ਇਸ ਰਾਹੀਂ ਮੈਂ ਕਿਸੇ ਵਪਾਰ ਦੀ ਤਲਾਸ਼ ਵਿੱਚ ਹਾਂ। ਮੇਰੇ ਕੋਲ ਦਸ ਸਾਲ ਦਾ ਡ੍ਰਾਈਵਿੰਗ ਤਜਰਬਾ ਤੇ ਲਾਇਸੈਂਸ ਵੀ ਹੈ। ਮੈਂ ਇਸੇ ਹੀ ਇਲਾਕੇ ਦਾ ਵਾਸੀ ਹਾਂ। ਜੇਕਰ ਆਪ ਦੀ ਕੰਪਨੀ ਵੱਲੋਂ ਮੈਨੂੰ ਰੁਜ਼ਗਾਰ ਦਾ ਮੌਕਾ ਪ੍ਰਾਪਤ ਹੋ ਜਾਂਦਾ ਹੈ ਤਾਂ ਮੈਂ ਤਹਿ ਦਿਲੋਂ ਆਪਣੀ ਜ਼ਿੰਮੇਵਾਰੀ ਨੂੰ ਵੀ ਨਿਭਾਵਾਂਗਾ ਤੇ ਆਪ ਜੀ ਦਾ ਧੰਨਵਾਦੀ ਵੀ ਹੋਵਾਂਗਾ।

ਕਿਰਪਾ ਕਰਕੇ ਆਪ ਮੈਨੂੰ ਹੋਰ ਲੋੜੀਂਦੀਆਂ ਸ਼ਰਤਾਂ, ਨਿਯਮਾਂ ਤੇ ਰੇਟਾਂ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦੇ ਦਿਓ ਤਾਂ ਜੋ ਸਾਡੀ ਵਪਾਰਕ ਸਾਂਝ ਵਿੱਚ ਕੋਈ ਰੁਕਾਵਟ ਨਾ ਆਵੇ।

ਧੰਨਵਾਦ ਸਹਿਤ।

ਆਪ ਜੀ ਦਾ ਵਿਸ਼ਵਾਸਪਾਤਰ,

ੳ. ਅ. ੲ.।