ਕਾਰ ਵਿਹਾਰ ਦੇ ਪੱਤਰ
ਤੁਹਾਡੇ ਕਸਬੇ ਵਿੱਚ ਦੋ ਪਹੀਆ ਵਾਹਨ ਦੀ ਮੰਗ ਦਿਨੋਂ ਦਿਨ ਵਧ ਰਹੀ ਹੈ ਜਿਸ ਦੇ ਚਲਦਿਆਂ ਹੀਰੋ ਮੋਟਰਜ਼ ਦਿੱਲੀ ਤੋਂ ਏਜੰਸੀ ਲੈਣ ਲਈ ਆਪਣੀ ਯੋਗਤਾ ਤੇ ਸਮਰੱਥਾ ਦੱਸਦੇ ਹੋਏ ਪੱਤਰ ਲਿਖੋ।
ਬਾਬਾ ਮੋਟਰਜ਼,
ਚੀਮਾ ਮੰਡੀ, ਜ਼ਿਲ੍ਹਾ ਸੰਗਰੂਰ।
ਹਵਾਲਾ ਨੰਬਰ, 121
ਮਿਤੀ : 30-9-20……
ਸੇਵਾ ਵਿਖੇ,
ਮੁੱਖ ਪ੍ਰਬੰਧਕ,
ਹੀਰੋ ਮੋਟਰਜ਼,
ਬਸੰਤ ਵਿਹਾਰ, ਨਵੀਂ ਦਿੱਲੀ।
ਵਿਸ਼ਾ : ਦੋ ਪਹੀਆ ਵਾਹਨਾਂ ਹੀਰੋ ਬਾਈਕਸ ਦੀ ਏਜੰਸੀ ਲੈਣ ਬਾਰੇ।
ਸ਼੍ਰੀ ਮਾਨ ਜੀ,
ਉਪਰੋਕਤ ਵਿਸ਼ੇ ਦੇ ਸਬੰਧ ‘ਚ ਬੇਨਤੀ ਕੀਤੀ ਜਾਂਦੀ ਹੈ ਕਿ ਸਾਡੇ ਇਲਾਕੇ ਵਿੱਚ ਤੁਹਾਡੀ ਕੰਪਨੀ ਦੇ ਬਣੇ ਦੋ ਪਹੀਆ ਵਾਹਨਾਂ ਦੀ ਦਿਨੋ-ਦਿਨ ਮੰਗ ਵਧਦੀ ਜਾ ਰਹੀ ਹੈ। ਇਸ ਲਈ ਮੈਂ ਸੋਚਦਾ ਹਾਂ ਕਿ ਆਪਣੇ ਕਸਬੇ ਵਿੱਚ ‘ਆਪਦੇ ਹੀਰੋ ਬਾਈਕਾਂ’ ਦੀ ਏਜੰਸੀ ਖੋਲ੍ਹੀ ਜਾਵੇ। ਇਸ ਸਬੰਧ ਵਿਚ ਹੇਠ ਲਿਖੇ ਨੁਕਤੇ ਆਪ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ :
(ੳ) ਮੇਰੇ ਨਗਰ ਦੀ ਅਬਾਦੀ ਦਸ ਹਜ਼ਾਰ ਦੇ ਲਗਭਗ ਹੈ।
(ਅ) ਕੋਈ ਹੋਰ ਸ਼ਹਿਰ ਜਾਂ ਮੰਡੀ ਇਸ ਕਸਬੇ ਦੇ ਨਜ਼ਦੀਕ ਨਹੀਂ, ਜਿਸ ਕਰਕੇ ਨਵੀਂ ਏਜੰਸੀ ਖੁੱਲ੍ਹਣ ਨਾਲ ਪਹਿਲਾਂ ਸਥਾਪਿਤ ਕਾਰੋਬਾਰ ਪ੍ਰਭਾਵਿਤ ਨਹੀਂ ਹੋਵੇਗਾ।
(ੲ) ਮੇਰੇ ਕੋਲ ਏਜੰਸੀ ਖੋਲ੍ਹਣ ਲਈ ਮੁੱਖ ਸੜਕ ‘ਤੇ ਦੋ ਕਨਾਲ ਜ਼ਮੀਨ ਹੈ, ਜਿਸ ਦੀ ਰਜਿਸਟਰੀ ਮੇਰੇ ਨਾਂ ‘ਤੇ ਹੈ।
(ਸ) ਮੇਰੀ ਯੋਗਤਾ, ਐੱਮ.ਬੀ.ਏ. ਮਾਰਕੀਟਿੰਗ ਹੈ, ਜਿਸ ਕਰਕੇ ਗਾਹਕਾਂ ਨਾਲ ਵਿਹਾਰ ਕਰਨ ਦੀ ਕੋਈ ਸਮੱਸਿਆ ਨਹੀਂ ਆਵੇਗੀ। ਮੇਰੇ ਕੋਲ ਬੱਚਤ ਖਾਤੇ ਵਿਚ ਲਗਭਗ 50 ਲੱਖ ਰੁਪਏ ਜਮ੍ਹਾਂ ਹਨ।
(ਹ) ਮੈਨੂੰ ਦੱਸਿਆ ਜਾਵੇ ਕਿ ਏਜੰਸੀ ਦੇਣ ਲਈ ਜਗ੍ਹਾ, ਸਕਿਉਰਿਟੀ ਆਦਿ ਲਈ ਕੰਪਨੀ ਦੀਆਂ ਕੀ-ਕੀ ਸ਼ਰਤਾਂ ਹਨ?
ਆਸ ਹੈ ਕਿ ਆਪ ਵਲੋਂ ਉਪਰੋਕਤ ਤੱਥਾਂ ਦੇ ਅਧਾਰ ‘ਤੇ ਮੈਨੂੰ ਬਾਈਕਾਂ ਦੀ ਏਜੰਸੀ ਦੇਣ ਦੀ ਕ੍ਰਿਪਾਲਤਾ ਕਰੋਗੇ। ਮੈਂ ਕੰਪਨੀ ਦੇ ਨੇਮਾਂ ਦਾ ਪੂਰਾ ਪਾਬੰਦ ਹੋਵਾਂਗਾ।
ਧੰਨਵਾਦ ਸਹਿਤ।
ਆਪ ਦਾ ਵਿਸ਼ਵਾਸਪਾਤਰ,
ਕਰਮ ਸਿੰਘ।