ਕਾਰ ਵਿਹਾਰ ਦੇ ਪੱਤਰ
ਸਤਿਗੁਰ ਮੈਡੀਕਲ ਸਟੋਰ ਦਿਲਕੁਸ਼ਾ ਮਾਰਕੀਟ, ਜਲੰਧਰ ਵੱਲੋਂ ਐਸ.ਐਸ.ਆਰ. ਕੰਪਨੀ ਸੋਲਨ ਨੂੰ ਪੱਤਰ ਲਿਖ ਕੇ ਸ਼ਿਕਾਇਤ ਕਰੋ ਕਿ ਜੋ ਦਵਾਈਆਂ ਉਹਨਾਂ ਨੂੰ ਭੇਜੀਆਂ ਹਨ, ਕੁਝ ਖਰਾਬ ਪੈਕਟਾਂ ਕਰਕੇ ਘੱਟ ਮਾਤਰਾ ਵਿੱਚ ਮਿਲੀਆਂ ਹਨ ਤੇ ਕੁਝ ਕੁ ਦਵਾਈਆਂ ਦੀ ਮਿਆਦ ਖ਼ਤਮ ਹੋ ਚੁੱਕੀ ਹੈ। ਕੰਪਨੀ ਨੂੰ ਉਹਨਾਂ ਦਵਾਈਆਂ ਦੀ ਜਗ੍ਹਾ ਨਵੀਆਂ ਦਵਾਈਆਂ ਭੇਜਣ ਲਈ ਪੱਤਰ ਲਿਖੋ।
ਸਤਿਗੁਰ ਮੈਡੀਕਲ ਸਟੋਰ,
ਦਿਲਕੁਸ਼ਾ ਮਾਰਕੀਟ,
ਜਲੰਧਰ।
ਮਿਤੀ : 20-6-20………
ਸੇਵਾ ਵਿਖੇ,
ਮੈਸਰਜ਼ ਐਸ.ਐਸ.ਆਰ. ਕੰਪਨੀ,
ਨਜ਼ਦੀਕ ਬਾਬਾ ਬਾਲਕ ਨਾਥ ਮੰਦਰ,
ਸੋਲਨ।
ਵਿਸ਼ਾ : ਖਰਾਬ ਦਵਾਈਆਂ ਦੀ ਜਗ੍ਹਾ ਨਵੀਆਂ ਦਵਾਈਆਂ ਦੀ ਮੰਗ।
ਸ਼੍ਰੀਮਾਨ ਜੀ,
ਮਿਤੀ 16 ਜੂਨ, 20….. ਦੇ ਆਰਡਰ ਦੇ ਭੁਗਤਾਨ ਸੰਬੰਧੀ ਤੁਹਾਡੇ ਵੱਲੋਂ ਭੇਜੀ ਗਈ ਬਿਲਟੀ ਛੁਡਾ ਲਈ ਗਈ ਹੈ ਪਰ ਉਹਨਾਂ ਵਿੱਚ ਕੁਝ ਕੁ ਦਵਾਈਆਂ ਦੇ ਪੈਕਟ ਖਰਾਬ ਅਤੇ ਮਿਕਦਾਰ ਵਿੱਚ ਘੱਟ ਨਿਕਲੇ ਤੇ ਕੁਝ ਦਵਾਈਆਂ ਦੀ ਮਿਆਦ ਖ਼ਤਮ ਹੋ ਚੁੱਕੀ ਸੀ। ਮਿਕਦਾਰ ਪੈਕਟਾਂ ਵਾਲੀ ਦਵਾਈ ਘੱਟ ਅਤੇ ਸਿੱਲੀ ਹੋਈ ਨਿਕਲੀ ਹੈ। ਉਹ ਕਿਸੇ ਵੀ ਖਰੀਦਦਾਰ (ਗਾਹਕ) ਨੂੰ ਵੇਚੀ ਨਹੀਂ ਜਾ ਸਕਦੀ। ਸੋ ਕਿਰਪਾ ਕਰਕੇ ਉਹਨਾਂ ਦਵਾਈਆਂ ਨੂੰ ਬਦਲਣ ਦੀ ਕਿਰਪਾਲਤਾ ਕਰੋ। ਜਦੋਂ ਆਪ ਜੀ ਦਾ ਕੋਈ ਕਾਮਾ ਨਵੀਆਂ ਦਵਾਈਆਂ ਲੈ ਕੇ ਆਏਗਾ, ਅਸੀਂ ਉਹ ਦਵਾਈਆਂ ਉਸ ਦੇ ਹਵਾਲੇ ਕਰ ਦੇਵਾਂਗੇ।
ਆਪ ਜੀ ਅੱਗੇ ਸਾਡਾ ਸੁਝਾਅ ਹੈ ਕਿ ਇਹਨਾਂ ਦਵਾਈਆਂ ਦੀ ਪੈਕਿੰਗ ਪਲਾਸਟਿਕ ਦੇ ਪੈਕਟਾਂ ਤੇ ਗੱਤੇ ਦੇ ਡੱਬੇ ਵਿੱਚ ਸੁਚੱਜੇ ਢੰਗ ਨਾਲ ਕੀਤੀ ਜਾਵੇ। ਇਸ ਤਰ੍ਹਾਂ ਕਰਨ ਨਾਲ ਦਵਾਈਆਂ ਦਾ ਵੀ ਨੁਕਸਾਨ ਨਹੀਂ ਹੋਵੇਗਾ ਤੇ ਵਿਕਰੀ ਵਿੱਚ ਵੀ ਵਾਧਾ ਹੋਵੇਗਾ। ਜਿਵੇਂ ਹੀ ਨਵੀਆਂ ਦਵਾਈਆਂ ਸਾਡੇ ਕੋਲ ਪਹੁੰਚਣਗੀਆਂ ਬਿੱਲ ਦਾ ਭੁਗਤਾਨ ਤੁਰੰਤ ਕਰ ਦਿੱਤਾ ਜਾਵੇਗਾ।
ਧੰਨਵਾਦ ਸਹਿਤ।
ਆਪ ਜੀ ਦਾ ਵਿਸ਼ਵਾਸਪਾਤਰ,
ਅਮਰਦੀਪ ਸਿੰਘ
ਮੈਨੇਜਰ।