ਕਾਰ ਵਿਹਾਰ ਦੇ ਪੱਤਰ
ਛਾਬੜਾ ਕਰਿਆਨਾ ਸਟੋਰ ਗੁਰਦਾਸਪੁਰ ਨੇ ਮੈਸਰਜ਼ ਆਰਗੈਨਿਕ ਫੂਡ ਲਿਮਿਟਿਡ ਜਲੰਧਰ ਤੋਂ ਕੁਝ ਕਰਿਆਨੇ ਦਾ ਸਾਮਾਨ ਮੰਗਵਾਇਆ ਸੀ, ਜਿਹੜਾ ਕਿ ਠੀਕ-ਠਾਕ ਪਹੁੰਚ ਗਿਆ ਹੈ। ਪੱਤਰ ਲਿਖ ਕੇ ਉਕਤ ਫਰਮ ਦਾ ਧੰਨਵਾਦ ਕਰਨ ਦੇ ਨਾਲ ਬਣਦਾ ਭੁਗਤਾਨ ਕਰੋ।
ਛਾਬੜਾ ਕਰਿਆਨਾ ਸਟੋਰ,
ਨੇੜੇ ਬੱਸ ਅੱਡਾ,
ਗੁਰਦਾਸਪੁਰ।
ਹਵਾਲਾ ਨੰ. 70154
ਮਿਤੀ : 30-5-20…..
ਸੇਵਾ ਵਿਖੇ,
ਮੈਸਰਜ਼ ਆਰਗੈਨਿਕ ਫੂਡ ਲਿਮਿਟਿਡ,
ਹੁਸ਼ਿਆਰਪੁਰ ਰੋਡ,
ਜਲੰਧਰ।
ਵਿਸ਼ਾ : ਮਾਲ ਦੀ ਪਹੁੰਚ ਅਤੇ ਭੁਗਤਾਨ ਸਬੰਧੀ।
ਸ਼੍ਰੀ ਮਾਨ ਜੀ,
ਅਸੀਂ ਆਪ ਜੀ ਨੂੰ ਮਿਤੀ 10-5-20….. ਨੂੰ ਹਵਾਲਾ ਨੰ. 70154 ਤਹਿਤ ਕਰਿਆਨੇ ਦਾ ਸਾਮਾਨ ਮੰਗਵਾਉਣ ਲਈ ਪੱਤਰ ਲਿਖਿਆ ਸੀ।
ਆਪ ਜੀ ਦੁਆਰਾ ਸਾਡੇ ਆਰਡਰ ਅਨੁਸਾਰ 4 ਕੁਇੰਟਲ ਗੁੜ, 100 ਲੀਟਰ ਸਰ੍ਹੋਂ ਦਾ ਤੇਲ, 90 ਕਿਲੋਗ੍ਰਾਮ ਹਲਦੀ, 50 ਕਿਲੋਗ੍ਰਾਮ ਪੀਸੀ ਹੋਈ ਲਾਲ ਮਿਰਚ, 80 ਕਿਲੋਗ੍ਰਾਮ ਧਨੀਆ, 4 ਕਿਲੋਗ੍ਰਾਮ ਸੌਂਫ, 4 ਕੁਇੰਟਲ ਆਟਾ, 50 ਕਿਲੋਗ੍ਰਾਮ ਧੋਤੀ ਮੂੰਗੀ, 40 ਕਿਲੋਗ੍ਰਾਮ ਕਾਲੇ ਛੋਲੇ, 30 ਕਿਲੋਗ੍ਰਾਮ ਰਾਜਮਾਂਹ, 35 ਕਿਲੋਗ੍ਰਾਮ ਦੇਸੀ ਘਿਓ, 20 ਕਿਲੋਗ੍ਰਾਮ ਮਿਕਸ ਅਚਾਰ, 10 ਕਿਲੋਗ੍ਰਾਮ ਔਲੇ ਦਾ ਮੁਰੱਬਾ ਅਤੇ 30 ਕਿਲੋਗ੍ਰਾਮ ਵੇਸਣ ਠੀਕ-ਠਾਕ ਪਹੁੰਚ ਗਿਆ ਹੈ। ਇਸ ਪੱਤਰ ਦੇ ਨਾਲ ਆਪ ਜੀ ਨੂੰ ਬਣਦਾ ਭੁਗਤਾਨ ਬੈਂਕ ਡਰਾਫਟ ਦੁਆਰਾ ਕਰ ਰਹੇ ਹਾਂ। ਆਪ ਜੀ ਦੁਆਰਾ ਭੇਜੇ ਗਏ ਉਤਪਾਦ ਵਜ਼ਨ ਬਿਲਕੁਲ ਠੀਕ ਹਨ। ਸ਼ੁੱਧਤਾ ਕਰਕੇ ਖਪਤਕਾਰਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਧੰਨਵਾਦ ਸਹਿਤ।
ਆਪ ਜੀ ਦਾ ਵਿਸ਼ਵਾਸਪਾਤਰ,
ਸੁਰਜੀਤ ਸਿੰਘ।