ਕਾਰ ਵਿਹਾਰ ਦੇ ਪੱਤਰ


ਤੁਹਾਡੀ ਮੁਕਤਸਰ ਸ਼ਹਿਰ ਵਿਖੇ ਸਾਬਣ ਦੀ ਫ਼ੈਕਟਰੀ ਹੈ। ਬਟਾਲੇ ਵਿਖੇ ਕਿਸੇ ਟਰੇਡਿੰਗ ਫਰਮ ਨੂੰ ਆਪਣੇ ਡੀਲਰ ਵਜੋਂ ਸਾਬਣ ਦੀ ਏਜੰਸੀ ਲੈਣ ਦੀ ਪੇਸ਼ਕਸ਼ ਕਰੋ।


ਜਿੰਦਲ ਸੱਪ ਫੈਕਟਰੀ,

ਫਿਰੋਜ਼ਪੁਰ ਰੋਡ,

ਮੁਕਤਸਰ।

ਹਵਾਲਾ ਨੰਬਰ 416/2/18-19

20 ਮਾਰਚ, 20…..

ਸੇਵਾ ਵਿਖੇ,

ਮੈਸਰਜ਼ ਗੁਪਤਾ ਟਰੇਸ਼ਰਜ਼,

ਅਜੀਤ ਨਗਰ,

ਬਟਾਲਾ।

ਵਿਸ਼ਾ : ਸਾਬਣ ਦੀ ਏਜੰਸੀ ਦੀ ਪੇਸ਼ਕਸ਼ ਸਬੰਧੀ।

ਸ੍ਰੀਮਾਨ ਜੀ,

ਅਸੀਂ ਆਪ ਜੀ ਨੂੰ ਇਹ ਸੂਚਿਤ ਕਰਦਿਆਂ ਬੜੀ ਖ਼ੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਅਸੀਂ ਪਿਛਲੇ ਵੀਹ ਸਾਲਾਂ ਤੋਂ ਤ੍ਰਿਸ਼ੂਲ ਸਾਬਣ ਤਿਆਰ ਕਰ ਰਹੇ ਹਾਂ, ਜੋ ਕਈ ਖ਼ੂਬੀਆਂ ਨਾਲ ਭਰਪੂਰ ਹੈ। ਸਾਡੇ ਇਸ ਬਿਹਤਰੀਨ ਸਾਬਣ ਦੀ ਸਪਲਾਈ ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਕਈ ਨਾਮਵਰ ਸ਼ਹਿਰਾਂ ਤੇ ਇਲਾਕਿਆਂ ਵਿੱਚ ਹੋ ਰਹੀ ਹੈ। ਹਰ ਇੱਕ ਵਰਤੋਂ ਕਰਨ ਵਾਲੇ ਵੱਲੋਂ ਇਸ ਸਾਬਣ ਨੂੰ ਬਹੁਤ ਹੀ ਵਧੀਆ ਹੁੰਗਾਰਾ ਮਿਲਿਆ ਹੈ।

ਆਪ ਜੀ ਦੇ ਸ਼ਹਿਰ ਵਿੱਚ ਵੀ ਅਸੀਂ ਆਪਣੇ ਡੀਲਰ ਬਣਾਉਣਾ ਚਾਹੁੰਦੇ ਹਾਂ। ਜੇਕਰ ਆਪ ਸਾਡੇ ਡੀਲਰ (ਏਜੰਟ) ਬਣ ਕੇ ਆਪਣੇ ਇਲਾਕੇ ਵਿੱਚ ਸਾਡੇ ਵੱਲੋਂ ਤਿਆਰ ਕੀਤੇ ਗਏ ਸਾਬਣ ਦੀ ਵਿਕਰੀ ਕਰੋਗੇ, ਤਾਂ ਸਾਨੂੰ ਹਾਰਦਿਕ ਖ਼ੁਸ਼ੀ ਹੋਵੇਗੀ। ਅਸੀਂ ਆਪ ਜੀ ਨੂੰ ਵਿਸ਼ਵਾਸ ਦੁਆਉਂਦੇ ਹਾਂ ਕਿ ਆਪ ਨੂੰ ਕਿਸੇ ਵੀ ਕਿਸਮ ਦੀ ਸ਼ਿਕਾਇਤ ਨਹੀਂ ਆਉਣ ਦਿਆਂਗੇ। ਸਾਡੀ ਮਿੱਲ ਵੱਲੋਂ ਆਪ ਜੀ ਨੂੰ 25% ਛੋਟ ਛਪੀ ਕੀਮਤ ਉੱਪਰ ਦਿੱਤੀ ਜਾਵੇਗੀ। ਜੇਕਰ ਤੁਹਾਡੇ ਵੱਲੋਂ ਸਾਬਣ ਵਧੇਰੇ ਵੇਚਿਆ ਗਿਆ ਤਾਂ ਇਸ ਲਈ ਤੁਹਾਨੂੰ ਹੋਰ ਛੋਟ ਦੇ ਕੇ ਉਤਸ਼ਾਹਿਤ ਕੀਤਾ ਜਾਵੇਗਾ।

ਅਸੀਂ ਆਸ ਕਰਦੇ ਹਾਂ ਕਿ ਆਪ ਸਾਨੂੰ ਵੱਡਾ ਆਰਡਰ ਭੇਜ ਕੇ ਸਾਡੇ ਨਾਲ ਆਪਣੇ ਵਪਾਰਕ ਸਬੰਧ ਕਾਇਮ ਕਰੋਗੇ।

ਧੰਨਵਾਦ ਸਹਿਤ।

ਆਪ ਜੀ ਦਾ ਵਿਸ਼ਵਾਸਪਾਤਰ,

ਮੈਨੇਜਰ, ਅਮਰ ਨਾਥ।