CBSEclass 11 PunjabiClass 9th NCERT PunjabiEducationLetters (ਪੱਤਰ)NCERT class 10thPunjab School Education Board(PSEB)

ਕਾਰ – ਵਿਹਾਰ ਦੇ ਪੱਤਰ

ਕਾਰ – ਵਿਹਾਰ ਦੇ ਪੱਤਰ (Business Letters)

ਜਾਣ ਪਛਾਣ :

ਉਹ ਪੱਤਰ ਜੋ ਕਾਰ-ਵਿਹਾਰ/ਕਾਰੋਬਾਰ/ਵਪਾਰ ਨਾਲ ਸੰਬੰਧਤ ਲਿਖੇ ਜਾਣ, ਉਨ੍ਹਾਂ ਨੂੰ ‘ਕਾਰ-ਵਿਹਾਰ ਦੇ ਪੱਤਰ’ ਕਿਹਾ ਜਾਂਦਾ ਹੈ, ਜਿਨ੍ਹਾਂ ਵਿੱਚ ਮਾਲ ਦੀ ਸਪਲਾਈ, ਕੋਈ ਸ਼ਿਕਾਇਤ ਜਾਂ ਵਪਾਰ ਸਬੰਧੀ ਜਾਣਕਾਰੀ ਆਦਿ ਵਿਸ਼ੇ ਹੋ ਸਕਦੇ ਹਨ। ਇਹ ਪੱਤਰ ਵਿਅਕਤੀ ਵੱਲੋਂ, ਅਧਿਕਾਰੀ ਜਾਂ ਫ਼ਰਮ ਵੱਲੋਂ ਵੀ ਲਿਖੇ ਜਾ ਸਕਦੇ ਹਨ; ਜਿਵੇਂ :

  • ਕਿਸੇ ਵਿਅਕਤੀ ਵਲੋਂ ਕਿਸੇ ਅਧਿਕਾਰੀ ਨੂੰ
  • ਕਿਸੇ ਫ਼ਰਮ ਵੱਲੋਂ ਕਿਸੇ ਅਧਿਕਾਰੀ ਨੂੰ
  • ਕਿਸੇ ਫ਼ਰਮ ਵੱਲੋਂ ਦੂਜੀ ਫ਼ਰਮ ਨੂੰ
  • ਕਿਸੇ ਅਧਿਕਾਰੀ ਵੱਲੋਂ ਕਿਸੇ ਵਿਅਕਤੀ/ਫ਼ਰਮ ਨੂੰ ਆਦਿ।

ਵਿਸ਼ੇਸ਼ਤਾ :

ਕਾਰ-ਵਿਹਾਰ ਦੇ ਪੱਤਰਾਂ ਵਿੱਚ ਕਿਸੇ ਵੀ ਕਿਸਮ ਦੇ ਮਾਲ ਦੀ ਸਪਲਾਈ ਲਈ ਆਰਡਰ; ਮਾਲ ਪਹੁੰਚਣ ਵਿੱਚ ਦੇਰੀ, ਖ਼ਰਾਬ ਮਾਲ ਸਬੰਧੀ ਸ਼ਿਕਾਇਤ, ਕੁਟੇਸ਼ਨਾਂ ਦੀ ਮੰਗ, ਏਜੰਸੀ ਲੈਣ ਸਬੰਧੀ ਜਾਣਕਾਰੀ, ਬੈਂਕਾਂ ਜਾਂ ਹੋਰ ਵਿੱਤੀ ਸੰਸਥਾਵਾਂ ਤੋਂ ਕਰਜ਼ੇ ਲੈਣ ਸਬੰਧੀ ਜਾਣਕਾਰੀ ਆਦਿ ਵਿਸ਼ੇ ਹੋ ਸਕਦੇ ਹਨ।

ਲੋੜ ਤੇ ਮਹੱਤਵ :

ਕਾਰ-ਵਿਹਾਰ ਦੇ ਪੱਤਰ ਅਜੋਕੇ ਸਮੇਂ ਦੀ ਮੁੱਢਲੀ ਲੋੜ ਹਨ ਕਿਉਂਕਿ ਪਹਿਲੇ ਸਮਿਆਂ ਵਿੱਚ ਨਿੱਜੀ ਤੌਰ ‘ਤੇ ਵਪਾਰ ਹੁੰਦਾ ਸੀ ਉਹ ਵੀ ਸੀਮਤ ਲੋਕਾਂ ਵੱਲੋਂ ਜਦਕਿ ਅਜੋਕੇ ਦੌਰ ਵਿੱਚ ਵਪਾਰ ਦੇ ਬੇਅੰਤ ਮੌਕੇ ਹਨ। ਆਵਾਜਾਈ ਦੀਆਂ ਸਹੂਲਤਾਂ ਵੀ ਵਧ ਗਈਆਂ ਹਨ। ਵਪਾਰ ਤਾਂ ਹੁਣ ਆਨ ਲਾਈਨ ਵੀ ਹੋ ਰਿਹਾ ਹੈ। ਇਸ ਲਈ ਅਸੀਂ ਭਰੋਸੇਯੋਗ ਵਿਅਕਤੀਆਂ/ਕੰਪਨੀਆਂ/ਫ਼ਰਮਾਂ ਆਦਿ ਨਾਲ ਪੱਤਰਾਂ ਰਾਹੀਂ ਵੀ ਸੰਪਰਕ ਸਥਾਪਤ ਕਰ ਸਕਦੇ ਹਾਂ। ਪੱਤਰ ਲਿਖਤੀ ਸਬੂਤ ਹੁੰਦੇ ਹਨ। ਕਿਸੇ ਕਿਸਮ ਦੀ ਨਾ-ਸਮਝੀ ਦਾ ਸੁਆਲ ਨਹੀਂ ਰਹਿ ਜਾਂਦਾ। ਅਡਵਾਂਸ ਵਿੱਚ ਮਾਲ ਸਬੰਧੀ ਪੱਤਰ ਲਿਖ ਕੇ ਵਕਤ ਵੀ ਬਚ ਜਾਂਦਾ ਹੈ ਤੇ ਪੈਸਿਆਂ ਦੇ ਲੈਣ ਦੇਣ ਵਿੱਚ ਵੀ ਪ੍ਰਮੁੱਖਤਾ ਆ ਜਾਂਦੀ ਹੈ।


ਕਾਰ ਵਿਹਾਰ ਦੇ ਪੱਤਰ ਲਿਖਣ ਲਈ ਧਿਆਨ ਯੋਗ ਨੁਕਤੇ :

ਕਾਰ-ਵਿਹਾਰ ਦੇ ਪੱਤਰ ਲਿਖਣ ਦਾ ਵੀ ਆਪਣਾ ਇੱਕ ਵੱਖਰਾ ਢੰਗ ਹੁੰਦਾ ਹੈ, ਜੋ ਨਿੱਜੀ ਜਾਂ ਦਫ਼ਤਰੀ ਪੱਤਰਾਂ ਨਾਲੋਂ ਭਿੰਨ ਹੁੰਦਾ ਹੈ। ਇਸ ਲਈ ਕਾਰ-ਵਿਹਾਰ ਦੇ ਪੱਤਰ ਲਿਖਣ ਲਈ ਕੁਝ ਕੁ ਜ਼ਰੂਰੀ ਨੁਕਤਿਆਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ; ਜਿਵੇਂ :

1. ਵਪਾਰ ਨਾਲ ਸੰਬੰਧਤ ਹੋਣ ਕਰਕੇ ਕਾਰ-ਵਿਹਾਰ ਦੇ ਪੱਤਰ ਰਸਮੀ ਹੁੰਦੇ ਹਨ। ਇਸ ਲਈ ਇਨ੍ਹਾਂ ਵਿੱਚ ਕੋਈ ਭਾਵਕਤਾ ਜਾਂ ਬੇਲੋੜਾ ਵਿਸਥਾਰ ਲਿਖਣ ਦੀ ਜ਼ਰੂਰਤ ਨਹੀਂ ਹੁੰਦੀ। ਕੇਵਲ ਵਿਸ਼ੇ ਸਬੰਧੀ ਸਿੱਧਾ ਵੇਰਵਾ ਹੀ ਲਿਖਣਾ ਚਾਹੀਦਾ ਹੈ।

2. ਕਾਰ – ਵਿਹਾਰ ਦੇ ਪੱਤਰਾਂ ਦਾ ਉਦੇਸ਼ ਬਿਲਕੁਲ ਸਪਸ਼ੱਟ ਤੇ ਪੱਕਾ ਹੋਣਾ ਚਾਹੀਦਾ ਹੈ।

3. ਇਨ੍ਹਾਂ ਪੱਤਰਾਂ ਦੀ ਭਾਸ਼ਾ ਸਰਲ ਹੋਣੀ ਚਾਹੀਦੀ ਹੈ ਤਾਂ ਜੋ ਅਸਾਨੀ ਨਾਲ ਸਮਝ ਆ ਸਕੇ।

4. ਇਨ੍ਹਾਂ ਪੱਤਰਾਂ ਵਿੱਚ ਨਿਯਮਾਂ/ਸ਼ਰਤਾਂ ਆਦਿ ਦੀ ਜਾਣਕਾਰੀ ਸਪੱਸ਼ਟ ਹੋਣੀ ਚਾਹੀਦੀ ਹੈ ਤਾਂ ਜੋ ਕਿਸੇ ਕਿਸਮ ਦੀ ਕੋਈ ਵੀ ਪਰੇਸ਼ਾਨੀ ਨਾ ਆ ਸਕੇ।

5. ਕੁਟੇਸ਼ਨਾਂ ਆਦਿ ਭੇਜਣ ਸਮੇਂ ਰੇਟ, ਪੈਕਿੰਗ, ਡਾਕ ਖ਼ਰਚ, ਪਹੁੰਚ ਆਦਿ ਬਾਰੇ ਸਪਸ਼ੱਟ ਜਾਣਕਾਰੀ ਦਿੱਤੀ ਹੋਣੀ ਚਾਹੀਦੀ ਹੈ ਤਾਂ ਜੋ ਕਿਸੇ ਧਿਰ ਦੀ ਕੋਈ ਅਸਪਸ਼ੱਟਤਾ ਨਾ ਰਹਿ ਸਕੇ।

6. ਆਰਡਰ ਭੇਜਣ ਵੇਲ਼ੇ ਜਾਂ ਕੀਮਤ ਆਦਿ ਦੱਸਣ ਵੇਲ਼ੇ ਲਿਖਤੀ ਹਿੰਦਸਿਆਂ ਖਾਸ ਕਰਕੇ ਸਿਫ਼ਰਾਂ ਨੂੰ ਧਿਆਨ ਨਾਲ ਵੇਖ ਕੇ ਲਿੱਖਣਾ ਚਾਹੀਦਾ ਹੈ; ਜਿਵੇਂ – 100 ਦੀ ਥਾਂ 1000 ਪੈ ਜਾਵੇ ਤਾਂ ਸਭ ਚੌਪਟ ਹੋ ਸਕਦਾ ਹੈ। ਇਸ ਲਈ ਇਨ੍ਹਾਂ ਨੂੰ ਅੰਕਾਂ ਦੇ ਨਾਲ਼ – ਨਾਲ਼ ਸ਼ਬਦਾਂ ਵਿੱਚ ਵੀ ਲਿੱਖਣਾ ਚਾਹੀਦਾ ਹੈ; ਜਿਵੇਂ 2000 ਨੂੰ (ਦੋ ਹਜ਼ਾਰ)।

7. ਕਾਰ – ਵਿਹਾਰ ਦੇ ਪੱਤਰਾਂ ਵਿੱਚ ਪੱਤਰਾਂ ਦਾ ਹਵਾਲਾ ਨੰਬਰ, ਮਿਤੀ ਦੇਣ ਦੀ ਵੀ ਲੋੜ ਪੈਂਦੀ ਹੈ। ਫਰਮਾਂ ਵੱਲੋਂ ਫਰਮਾਂ ਨੂੰ ਇਹੋ – ਜਿਹੇ ਪੱਤਰ ਲਿਖਣ ਸਮੇਂ ਹਵਾਲਾ ਨੰਬਰ ਤੇ ਮਿਤੀ ਜ਼ਰੂਰੀ ਹੁੰਦੇ ਹਨ ਜਦਕਿ ਵਿਅਕਤੀ ਵੱਲੋਂ ਅਧਿਕਾਰੀ / ਫ਼ਰਮ ਨੂੰ ਪੱਤਰ ਲਿਖਣ ਵੇਲ਼ੇ ਕੇਵਲ ਮਿਤੀ ਵੀ ਦੱਸੀ ਜਾ ਸਕਦੀ ਹੈ।

8. ਵੱਖ – ਵੱਖ ਵਿਸ਼ਿਆਂ ਬਾਰੇ ਵੱਖ – ਵੱਖ ਪੱਤਰ ਲਿਖਣੇ ਚਾਹੀਦੇ ਹਨ ਕਿਉਂਕਿ ਹਰ ਇੱਕ ਦਾ ਰਿਕਾਰਡ ਵੱਖ ਵੱਖ ਸਾਂਭਿਆ ਜਾਣਾ ਹੁੰਦਾ ਹੈ ਤੇ ਲੱਭਣ ਵਿੱਚ ਵੀ ਅਸਾਨੀ ਹੁੰਦੀ ਹੈ।

9. ਅਜਿਹੇ ਪੱਤਰ ਲਿਖਣ ਸਮੇਂ ਸ਼ਿਸ਼ਟਾਚਾਰ ਤੋਂ ਕੰਮ ਲੈਣਾ ਚਾਹੀਦਾ ਹੈ ਭਾਵ ਸਰਲ ਭਾਸ਼ਾ ਦੇ ਨਾਲ਼ – ਨਾਲ਼ ਸ਼ਬਦਾਵਲੀ ਵੀ ਅਜਿਹੀ ਹੋਵੇ ਕਿ ਕਿਸੇ ਗੁੱਸੇ ਨਰਾਜ਼ਗੀ ਦੀ ਗੁੰਜਾਇਸ਼ ਨਾ ਰਹੇ; ਜਿਵੇਂ – ਕਿਸੇ ਮਾਲ ਦੀ ਖ਼ਰਾਬੀ ਸੰਬੰਧੀ ਸ਼ਿਕਾਇਤ ਕਰਨੀ ਹੋਵੇ ਤਾਂ ਵੀ ਸਲੀਕੇ ਨਾਲ਼ ਸ਼ਬਦ ਵਰਤਣੇ ਚਾਹੀਦੇ ਹਨ ਤਾਂ ਜੋ ਅੱਗੇ ਤੋਂ ਵੀ ਸੁਖਾਵੇਂ ਸੰਬੰਧ ਬਣੇ ਰਹਿਣ।


ਕਾਰ – ਵਿਹਾਰ ਦੇ ਪੱਤਰ ਲਿਖਣ ਦਾ ਢੰਗ :

ਕਾਰ – ਵਿਹਾਰ ਦੇ ਪੱਤਰ ਨੂੰ ਹੇਠ ਲਿਖੇ ਹਿੱਸਿਆਂ ਵਿੱਚ ਵੰਡ ਕੇ ਲਿਖਿਆ ਜਾਂਦਾ ਹੈ –

1. ਪੱਤਰ ਲਿਖਣ ਵਾਲੇ ਦਾ ਪਤਾ : ਪੰਨੇ ਦੇ ਸੱਜੇ ਹੱਥ ਨੁੱਕਰ ਵਿੱਚ ਪੱਤਰ ਲਿਖਣ ਵਾਲੇ ਦਾ ਪਤਾ, ਟੈਲੀਫ਼ੋਨ ਨੰਬਰ, ਪੱਤਰ ਦਾ ਹਵਾਲਾ ਨੰਬਰ ਤੇ ਮਿਤੀ ਲਿਖੀ ਜਾਂਦੀ ਹੈ।

2. ਸੰਬੰਧਤ ਸੰਸਥਾ ਦਾ ਪਤਾ : ਪੰਨੇ ਦੇ ਖੱਬੇ ਪਾਸੇ ਉਸ ਵਿਅਕਤੀ/ਫ਼ਰਮ/ਸੰਸਥਾ ਦਾ ਪਤਾ, ਜਿਸ ਨੂੰ ਪੱਤਰ ਲਿਖਿਆ ਜਾਣਾ ਹੋਵੇ।

3. ਵਿਸ਼ਾ : ਸੰਬੰਧਤ ਵਿਅਕਤੀ ਦੇ ਪਤੇ ਤੋਂ ਹੇਠਾਂ ‘ਵਿਸ਼ਾ’ ਸਿਰਲੇਖ ਲਿਖ ਕੇ ਇੱਕ ਲਾਈਨ ਵਿੱਚ ਵਿਸ਼ਾ ਲਿੱਖਣਾ ਚਾਹੀਦਾ ਹੈ।

4. ਸੰਬੋਧਨੀ ਸ਼ਬਦ : ਇਸ ਤੋਂ ਹੇਠਾਂ ਸੰਬੰਧਤ ਵਿਅਕਤੀਆਂ ਲਈ ਆਦਰਸੂਚਕ ਸੰਬੋਧਨੀ ਸ਼ਬਦ ਲਿਖਣੇ ਚਾਹੀਦੇ ਹਨ।

5. ਵਿਸ਼ੇ ਦਾ ਵੇਰਵਾ : ਇਸ ਤੋਂ ਬਾਅਦ ਪੱਤਰ ਦੇ ਵਿਸ਼ੇ ਸੰਬੰਧੀ ਵੇਰਵਾ/ਵਿਸਥਾਰ ਲਿੱਖਣਾ ਚਾਹੀਦਾ ਹੈ।

6. ਅੰਤਮ ਭਾਗ : ਪੱਤਰ ਦੇ ਅੰਤਮ ਭਾਗ ਵਿੱਚ ਸੱਜੇ ਹੱਥ ‘ਤੁਹਾਡਾ ਵਿਸ਼ਵਾਸਪਾਤਰ’ ਲਿਖਣ ਤੋਂ ਬਾਅਦ ਪੱਤਰ ਕਰਤਾ ਦੇ ਦਸਤਖ਼ਤ ਤੇ ਉਸ ਫ਼ਾਰਮ ਆਦਿ ਦਾ ਨਾਂ ਜਿਸ ਵੱਲੋਂ ਪੱਤਰ ਲਿਖਿਆ ਗਿਆ ਹੁੰਦਾ ਹੈ।