ਕਾਰਦਾਰ ਦੀ ਸਥਿਤੀ
ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਾਰਦਾਰ ਦੀ ਕੀ ਸਥਿਤੀ ਸੀ?
ਉੱਤਰ : ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਹਰ ਸੂਬੇ ਜਾਂ ਪ੍ਰਾਂਤ ਨੂੰ ਅੱਗੇ ਕਈ ਪਰਗਨਿਆਂ ਵਿੱਚ ਵੰਡਿਆ ਹੁੰਦਾ ਸੀ। ਪਰਗਨੇ ਦੇ ਮੁੱਖ ਅਧਿਕਾਰੀ ਨੂੰ ਕਾਰਦਾਰ ਕਹਿੰਦੇ ਸਨ। ਉਸ ਨੂੰ ਬਹੁਤ ਸਾਰੇ ਫ਼ਰਜ਼ ਨਿਭਾਉਣੇ ਪੈਂਦੇ ਸਨ। ਉਹ ਪਰਗਨੇ ਵਿੱਚ ਸ਼ਾਂਤੀ ਵਿਵਸਥਾ ਬਣਾਈ ਰੱਖਣ ਲਈ ਜ਼ਿੰਮੇਵਾਰ ਸੀ। ਉਹ ਪਰਗਨੇ ਵਿੱਚੋਂ ਭੂਮੀ ਦਾ ਲਗਾਨ ਇਕੱਠਾ ਕਰ ਕੇ ਕੇਂਦਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਂਦਾ ਸੀ।
ਉਹ ਪਰਗਨੇ ਦੀ ਆਮਦਨ ਅਤੇ ਖ਼ਰਚ ਦਾ ਪੂਰਾ ਹਿਸਾਬ ਰੱਖਦਾ ਸੀ। ਉਹ ਪਰਗਨੇ ਦੇ ਹਰ ਕਿਸਮ ਦੇ ਦੀਵਾਨੀ ਅਤੇ ਫ਼ੌਜਦਾਰੀ ਮੁਕੱਦਮਿਆਂ ਦੇ ਫੈਸਲੇ ਕਰਦਾ ਸੀ। ਉਹ ਦੋਸ਼ੀਆਂ ਨੂੰ ਸਜ਼ਾ ਵੀ ਦਿੰਦਾ ਸੀ।
ਕਾਰਦਾਰ ਆਪਣੇ ਇਲਾਕੇ ਦਾ ਆਬਕਾਰੀ ਅਤੇ ਸੀਮਾ ਕਰ ਅਫ਼ਸਰ ਵੀ ਹੁੰਦਾ ਸੀ। ਇਸ ਲਈ ਪਰਗਨੇ ਵਿੱਚੋਂ ਇਨ੍ਹਾਂ ਕਰਾਂ ਨੂੰ ਇਕੱਠਾ ਕਰਨਾ ਉਸ ਦਾ ਕਰਤੱਵ ਸੀ। ਉਹ ਕਰ ਨਾ ਦੇਣ ਵਾਲਿਆਂ ਵਿਰੁੱਧ ਕਾਰਵਾਈ ਵੀ ਕਰਦਾ ਸੀ। ਉਹ ਲੋਕ ਭਲਾਈ ਅਫ਼ਸਰ ਵੀ ਸੀ। ਇਸ ਲਈ ਉਹ ਪਰਗਨੇ ਦੇ ਲੋਕਾਂ ਦੇ ਹਿੱਤਾਂ ਦਾ ਪੂਰਾ ਖ਼ਿਆਲ ਰੱਖਦਾ ਸੀ।
ਇਸ ਸੰਬੰਧ ਵਿੱਚ ਉਹ ਪਰਗਨੇ ਦੇ ਸਾਰੇ ਰਸੂਖ ਰੱਖਣ ਵਾਲੇ ਵਿਅਕਤੀਆਂ ਨਾਲ ਮਿਲਦਾ-ਜੁਲਦਾ ਰਹਿੰਦਾ ਸੀ। ਉਹ ਪਰਗਨੇ ਵਿੱਚ ਵਾਪਰਨ ਵਾਲੀਆਂ ਸਾਰੀਆਂ ਮਹੱਤਵਪੂਰਨ ਘਟਨਾਵਾਂ ਦੀ ਜਾਣਕਾਰੀ ਰੱਖਦਾ ਸੀ ਕਿਉਂਕਿ ਉਹ ਇੱਕ ਲੇਖਾਕਾਰ ਵਜੋਂ ਵੀ ਕੰਮ ਕਰਦਾ ਸੀ।
ਉਹ ਪਰਗਨੇ ਵਿੱਚ ਬਣੇ ਹੋਏ ਸਰਕਾਰੀ ਅਨਾਜ ਭੰਡਾਰਾਂ ਵਿੱਚ ਅਨਾਜ ਜਮ੍ਹਾਂ ਕਰਵਾਉਂਦਾ ਸੀ। ਉਹ ਪਰਗਨੇ ਵਿੱਚ ਮਹਾਰਾਜੇ ਦੇ ਹੁਕਮਾਂ ਦੀ ਪਾਲਣਾ ਵੀ ਕਰਵਾਉਂਦਾ ਸੀ।