ਕਹਾਣੀ : ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ
ਲਾਲਚ ਬੁਰੀ ਬਲਾ ਹੈ
ਇਕ ਆਦਮੀ ਕੋਲ ਇਕ ਬੜੀ ਅਦਭੁਤ ਮੁਰਗੀ ਹੁੰਦੀ ਸੀ। ਉਹ ਹਰ ਰੋਜ਼ ਸੋਨੇ ਦਾ ਇਕ ਆਂਡਾ ਦਿੰਦੀ ਹੁੰਦੀ ਸੀ। ਉਹ ਆਦਮੀ ਉਨ੍ਹਾਂ ਆਂਡਿਆਂ ਨੂੰ ਵੇਚ-ਵੇਚ ਕੇ ਥੋੜ੍ਹੇ ਸਮੇਂ ਵਿਚ ਹੀ ਬਹੁਤ ਅਮੀਰ ਹੋ ਗਿਆ। ਪਰੰਤੂ ਉਹ ਬਹੁਤ ਲਾਲਚੀ ਆਦਮੀ ਸੀ। ਉਹ ਮੁਰਗੀ ਦੇ ਇਕ ਆਂਡੇ ਨਾਲ ਸੰਤੁਸ਼ਟ ਨਹੀਂ ਸੀ। ਉਹ ਚਾਹੁੰਦਾ ਸੀ ਕਿ ਝਟਪਟ ਕਾਰਾਂ, ਕੋਠੀਆਂ ਤੇ ਕਾਰਖ਼ਾਨਿਆਂ ਦਾ ਮਾਲਕ ਬਣ ਜਾਵੇ। ਉਹ ਰਾਤ-ਦਿਨ ਉਨ੍ਹਾਂ ਦੀ ਪ੍ਰਾਪਤੀ ਦੇ ਸਾਧਨਾਂ ਬਾਰੇ ਤਰੀਕੇ ਸੋਚਦਾ ਰਹਿੰਦਾ। ਪਰੰਤੂ ਮੂਰਖ ਹੋਣ ਕਰਕੇ ਉਹ ਧਨ ਕਮਾਉਣ ਦੇ ਢੰਗ-ਤਰੀਕੇ ਨਹੀਂ ਸੀ ਸੋਚ ਸਕਦਾ।
ਇਕ ਦਿਨ ਉਸ ਨੇ ਸੋਚਿਆ ਕਿਉਂ ਨਾ ਉਹ ਮੁਰਗੀ ਦਾ ਢਿੱਡ ਚੀਰ ਕੇ ਉਸ ਵਿਚੋਂ ਸੋਨੇ ਦੇ ਸਾਰੇ ਆਂਡੇ ਇੱਕੋ ਵਾਰੀ ਹੀ ਕੱਢ ਲਵੇ। ਇਸ ਪ੍ਰਕਾਰ ਉਹ ਇਕੋ ਦਿਨ ਵਿਚ ਹੀ ਬੇਹੱਦ ਅਮੀਰ ਬਣ ਜਾਵੇਗਾ ਅਤੇ ਆਰਾਮ ਤੇ ਮਾਣ ਦਾ ਜੀਵਨ ਜੀਵੇਗਾ। ਉਸ ਨੇ ਇਕ ਤੇਜ਼ ਛੁਰੀ ਚੁੱਕੀ ਅਤੇ ਮੁਰਗੀ ਦੇ ਮਗਰ ਦੌੜ ਪਿਆ। ਛੇਤੀ ਹੀ ਮੁਰਗੀ ਉਸ ਦੇ ਹੱਥ ਆ ਗਈ। ਉਸ ਨੇ ਇਕ ਦਮ ਛੁਰੀ ਮਾਰ ਕੇ ਉਸ ਦਾ ਢਿੱਡ ਪਾੜ ਦਿੱਤਾ। ਪਰੰਤੂ ਉਸ ਨੂੰ ਢਿੱਡ ਵਿਚੋਂ ਸਿਵਾਏ ਖ਼ੂਨ ਦੇ ਹੋਰ ਕੁਝ ਵੀ ਨਾ ਮਿਲਿਆ। ਇਸ ਦੇ ਨਾਲ ਹੀ ਮੁਰਗੀ ਮਰ ਗਈ। ਇਸ ਤਰ੍ਹਾਂ ਉਹ ਮੂਰਖ ਲਾਲਚ ਵਿਚ ਫਸ ਕੇ ਹਰ ਰੋਜ਼ ਮਿਲਣ ਵਾਲੇ ਸੋਨੇ ਦੇ ਆਂਡੇ ਤੋਂ ਹੱਥ ਧੋ ਬੈਠਾ।
ਸਿੱਖਿਆ : ਲਾਲਚ ਬੁਰੀ ਬਲਾ ਹੈ।