ਕਹਾਣੀ : ਸ਼ੇਰ ਅਤੇ ਚੂਹੀ


ਇਕ ਦਿਨ ਬਹੁਤ ਗਰਮੀ ਸੀ। ਇਕ ਸ਼ੇਰ ਦਰੱਖ਼ਤ ਦੀ ਛਾਂ ਹੇਠ ਸੁੱਤਾ ਪਿਆ ਸੀ। ਨੇੜੇ ਹੀ ਇਕ ਖੁੱਡ ਵਿੱਚ ਇਕ ਚੂਹੀ ਰਹਿੰਦੀ ਸੀ। ਚੂਹੀ ਆਪਣੀ ਖੁੱਡ ਵਿਚੋਂ ਬਾਹਰ ਨਿਕਲੀ ਅਤੇ ਸ਼ੇਰ ਉੱਤੇ ਚੜ੍ਹ ਕੇ ਟੱਪਣ ਲੱਗੀ। ਸ਼ੇਰ ਨੂੰ ਜਾਗ ਆ ਗਈ। ਉਸ ਨੂੰ ਬਹੁਤ ਗੁੱਸਾ ਆਇਆ। ਉਸ ਨੇ ਚੂਹੀ ਨੂੰ ਆਪਣੇ ਪੰਜੇ ਵਿੱਚ ਫੜ ਲਿਆ। ਉਹ ਚੂਹੀ ਨੂੰ ਮਾਰਨ ਹੀ ਲੱਗਾ ਸੀ ਕਿ ਚੂਹੀ ਨੇ ਕਿਹਾ, ”ਕਿਰਪਾ ਕਰ ਕੇ ਮੇਰੇ ਉੱਤੇ ਰਹਿਮ ਕਰੋ, ਮੈਥੋਂ ਭੁੱਲ ਹੋ ਗਈ ਹੈ। ਕਦੇ ਸਮਾਂ ਆਇਆ, ਤਾਂ ਮੈਂ ਤੁਹਾਡੀ ਮਿਹਰਬਾਨੀ ਦਾ ਬਦਲਾ ਚੁਕਾਵਾਂਗੀ।” ਸ਼ੇਰ ਨੇ ਉਸ ਉੱਤੇ ਤਰਸ ਖਾਧਾ ਅਤੇ ਉਸ ਨੂੰ ਛੱਡ ਦਿੱਤਾ।

ਕੁੱਝ ਦਿਨਾਂ ਮਗਰੋਂ ਇਕ ਸ਼ਿਕਾਰੀ ਨੇ ਸ਼ੇਰ ਨੂੰ ਆਪਣੇ ਜਾਲ ਵਿੱਚ ਫਸਾ ਲਿਆ। ਉਸ ਨੇ ਜਾਲ ਵਿਚੋਂ ਨਿਕਲਣ ਲਈ ਬਹੁਤ ਹੱਥ ਪੈਰ ਮਾਰੇ, ਪਰ ਵਿਅਰਥ। ਉਹ ਦੁੱਖ ਨਾਲ ਗਰਜਣ ਲੱਗਾ। ਉਸ ਦੀ ਅਵਾਜ਼ ਚੂਹੀ ਦੇ ਕੰਨੀਂ ਪਈ। ਚੂਹੀ ਆਪਣੀ ਖੁੱਡ ਵਿਚੋਂ ਬਾਹਰ ਨਿਕਲੀ। ਉਸ ਨੇ ਜਾਲ ਦੀਆਂ ਰੱਸੀਆਂ ਨੂੰ ਟੁੱਕਣਾ ਸ਼ੁਰੂ ਕਰ ਦਿੱਤਾ। ਜਲਦੀ ਹੀ ਸ਼ੇਰ ਜਾਲ ਵਿੱਚੋਂ ਬਾਹਰ ਨਿਕਲ ਆਇਆ। ਉਸ ਨੇ ਚੂਹੀ ਦਾ ਬਹੁਤ ਧੰਨਵਾਦ ਕੀਤਾ।

ਸਿੱਖਿਆ : ‘ਅੰਤ ਭਲੇ ਦਾ ਭਲਾ’।