ਕਹਾਣੀ : ਵਸਦੇ ਰਹੋ ਉਜੜ ਜਾਵੋ
ਇਕ ਵਾਰੀ ਗੁਰੂ ਨਾਨਕ ਦੇਵ ਜੀ ਮਰਦਾਨੇ ਨੂੰ ਨਾਲ ਲੈ ਕੇ ਇਕ ਪਿੰਡ ਵਿਚ ਪੁੱਜੇ। ਉੱਥੋਂ ਦੇ ਲੋਕਾਂ ਨੇ ਗੁਰੂ ਜੀ ਨੂੰ ਨਾ ਰੋਟੀ-ਪਾਣੀ ਪੁੱਛਿਆ ਅਤੇ ਨਾ ਹੀ ਰਾਤ ਕੱਟਣ ਲਈ ਕੋਈ ਥਾਂ ਦਿੱਤੀ। ਗੁਰੂ ਜੀ ਤੇ ਮਰਦਾਨੇ ਨੇ ਭੁੱਖਣ-ਭਾਣੇ ਰਹਿ ਕੇ ਪਿੰਡ ਤੋਂ ਬਾਹਰ ਰਾਤ ਕੱਟੀ। ਜਦੋਂ ਸਵੇਰ ਵੇਲੇ ਗੁਰੂ ਜੀ ਉੱਥੋਂ ਅੱਗੇ ਤੁਰਨ ਲੱਗੇ, ਤਾਂ ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਅਸੀਸ ਦਿੱਤੀ ‘ਵਸਦੇ ਰਹੋ।’
ਅਗਲੇ ਦਿਨ ਸ਼ਾਮ ਵੇਲੇ ਗੁਰੂ ਜੀ ਕਿਸੇ ਹੋਰ ਪਿੰਡ ਵਿਚ ਪੁੱਜੇ। ਉੱਥੋਂ ਦੇ ਲੋਕਾਂ ਨੇ ਗੁਰੂ ਜੀ ਦਾ ਬਹੁਤ ਆਦਰ-ਸਤਿਕਾਰ ਕੀਤਾ। ਉਨ੍ਹਾਂ ਨੇ ਗੁਰੂ ਜੀ ਤੇ ਮਰਦਾਨੇ ਦੀ ਸ਼ਰਧਾ ਤੇ ਪਿਆਰ ਨਾਲ ਤਿਆਰ ਕੀਤੇ ਖਾਣੇ ਨਾਲ ਸੇਵਾ ਕੀਤੀ ਅਤੇ ਮਸੀਤ ਵਿਚ ਉਨ੍ਹਾਂ ਦੇ ਆਰਾਮ ਕਰਨ ਲਈ ਪਲੰਘਾ ਉੱਪਰ ਨਵੇਂ ਬਿਸਤਰੇ ਵਿਛਾਏ। ਉਹ ਅੱਧੀ ਰਾਤ ਤਕ ਬੈਠ ਕੇ ਗੁਰੂ ਜੀ ਦੇ ਬਚਨ ਸੁਣਦੇ ਵੇਲੇ ਉਨ੍ਹਾਂ ਗੁਰੂ ਜੀ ਨੂੰ ਬੜੇ ਸਤਿਕਾਰ ਨਾਲ ਵਿਦਾ ਕੀਤਾ। ਗੁਰੂ ਜੀ ਨੇ ਵਿਦਾਇਗੀ ਸਮੇਂ ਕਿਹਾ, ‘ਉੱਜੜ ਜਾਵੋ।
ਗੁਰੂ ਜੀ ਦੇ ਇਹ ਸ਼ਬਦ ਸੁਣ ਕੇ ਮਰਦਾਨਾ ਬੜਾ ਹੈਰਾਨ ਹੋਇਆ। ਉਸ ਨੇ ਗੁਰੂ ਜੀ ਨੂੰ ਪੁੱਛਿਆ ਕਿ ਇਹ ਕੀ ਨਿਆ ਹੈਂ? ਕਲ੍ਹ ਬੁਰਾ ਸਲੂਕ ਕਰਨ ਵਾਲੇ ਪਿੰਡ-ਵਾਸੀਆਂ ਨੂੰ ਤੁਸੀਂ ‘ਵਸਦੇ ਰਹਿਣ’ ਦੀ ਅਸੀਸ ਦਿੱਤੀ ਸੀ। ਪਰੰਤੂ ਇਨ੍ਹਾਂ ਬੰਦਿਆਂ ਲਈ ‘ਉੱਜੜ ਜਾਣ’ ਦਾ ਬਚਨ ਕਿਹਾ ਹੈ। ਗੁਰੂ ਜੀ ਹੱਸ ਪਏ ਤੇ ਮਰਦਾਨੇ ਨੂੰ ਕਹਿਣ ਲੱਗੇ, “ਭੈੜੇ ਬੰਦੇ ਇਕ ਪਿੰਡ ਵਿਚ ਹੀ ਟਿਕੇ ਰਹਿਣ, ਤਾਂ ਚੰਗਾ ਹੈ ਕਿਉਂਕਿ ਜੇਕਰ ਉਹ ਉੱਥੋਂ ਕਿਸੇ ਹੋਰ ਥਾਂ ਜਾਣਗੇ, ਉਹ ਹੋਰ ਥਾਂਵਾਂ ਉੱਪਰ ਵੀ ਭੈੜ ਖਿਲਾਰਨਗੇ, ਪਰੰਤੂ ਚੰਗੇ ਬੰਦੇ ਜੇਕਰ ਇਕ ਪਿੰਡ ਵਿੱਚੋਂ ਉਜੜਨਗੇ, ਤਾਂ ਜਿੱਥੇ ਵੀ ਉਹ ਜਾਣਗੇ ਉੱਥੇ ਦੇ ਲੋਕਾਂ ਨੂੰ ਚੰਗੇ ਬਣਾਉਣਗੇ। ਇਸੇ ਕਰਕੇ ਹੀ ਮੈਂ ਉਨ੍ਹਾਂ ਭੈੜਿਆਂ ਨੂੰ ‘ਵਸਦੇ ਰਹਿਣ’ ਅਤੇ ਚੰਗਿਆਂ ਨੂੰ ‘ਉੱਜੜ ਜਾਣ’ ਦੀਆਂ ਅਸੀਸਾਂ ਦਿੱਤੀਆਂ ਹਨ।”