ਕਹਾਣੀ ਰਚਨਾ: ਸਿਆਣਾ ਖ਼ਰਗੋਸ਼
ਸਿਆਣਾ ਖ਼ਰਗੋਸ਼
ਇੱਕ ਵਾਰੀ ਦੀ ਗੱਲ ਹੈ ਕਿ ਇੱਕ ਜੰਗਲ ਵਿੱਚ ਇੱਕ ਸ਼ੇਰ ਰਹਿੰਦਾ ਸੀ। ਉਹ ਬੜਾ ਹੀ ਜ਼ਾਲਮ ਸੀ। ਉਹ ਹਰ ਰੋਜ਼ ਬਹੁਤ ਸਾਰੇ ਪਸ਼ੂਆਂ ਨੂੰ ਮਾਰ ਕੇ ਖਾ ਜਾਂਦਾ ਸੀ। ਜੰਗਲ ਦੇ ਪਸ਼ੂ ਉਸ ਤੋਂ ਬਹੁਤ ਪਰੇਸ਼ਾਨ ਸਨ। ਇੱਕ ਦਿਨ ਜੰਗਲ ਦੇ ਸਾਰੇ ਜਾਨਵਰਾਂ ਨੇ ਇੱਕ ਸਭਾ ਕੀਤੀ। ਉਨ੍ਹਾਂ ਨੇ ਸ਼ੇਰ ਦੇ ਜ਼ੁਲਮਾਂ ਬਾਰੇ ਚਰਚਾ ਕੀਤੀ ਤੇ ਇਹ ਫੈਸਲਾ ਲਿਆ ਕਿ ਉਹ ਸ਼ੇਰ ਕੋਲ ਹਰ ਰੋਜ਼ ਇੱਕ ਜਾਨਵਰ ਨੂੰ ਭੇਜ ਦਿਆ ਕਰਨਗੇ। ਇਸ ਤਰ੍ਹਾਂ ਬਾਕੀ ਪਸ਼ੂ ਅਰਾਮ ਨਾਲ ਜੰਗਲ ਵਿੱਚ ਫਿਰ ਸਕਣਗੇ। ਉਨ੍ਹਾਂ ਨੇ ਸ਼ੇਰ ਨੂੰ ਸਾਰੀ ਗੱਲ ਦੱਸੀ ਅਤੇ ਸ਼ੇਰ ਵੀ ਉਨ੍ਹਾਂ ਦੇ ਫੈਸਲੇ ਨਾਲ ਸਹਿਮਤ ਹੋ ਗਿਆ। ਇਸ ਪ੍ਰਕਾਰ ਹੁਣ ਹਰ ਰੋਜ਼ ਇੱਕ ਜਾਨਵਰ ਆਪਣੇ ਆਪ ਸ਼ੇਰ ਕੋਲ ਪੁੱਜ ਜਾਂਦਾ ਤੇ ਸ਼ੇਰ ਉਸਨੂੰ ਖਾ ਕੇ ਆਪਣੀ ਭੁੱਖ ਮਿਟਾ ਲੈਂਦਾ।
ਇੱਕ ਦਿਨ ਇੱਕ ਖ਼ਰਗੋਸ਼ ਦੀ ਵਾਰੀ ਆਈ। ਉਸਨੇ ਸ਼ੇਰ ਤੋਂ ਸਦਾ ਲਈ ਛੁਟਕਾਰਾ ਪਾਉਣ ਦਾ ਤਰੀਕਾ ਸੋਚ ਲਿਆ। ਉਹ ਹੌਲੀ-ਹੌਲੀ ਸ਼ੇਰ ਵੱਲ ਤੁਰ ਪਿਆ ਅਤੇ ਕਾਫ਼ੀ ਦੇਰ ਨਾਲ ਉਸ ਕੋਲ ਪਹੁੰਚਿਆ। ਸ਼ੇਰ ਸਵੇਰ ਦਾ ਭੁੱਖਾ ਸੀ। ਉਹ ਖ਼ਰਗੋਸ਼ ਨੂੰ ਵੇਖਦੇ ਸਾਰ ਹੀ ਗੁੱਸੇ ਵਿੱਚ ਬੋਲਿਆ, “ਤੂੰ ਟਿੱਡਿਆ। ਐਨੀ ਦੇਰ ਨਾਲ ਕਿਉਂ ਆਇਆ ਹੈਂ।” ਖ਼ਰਗੋਸ਼ ਨੇ ਬੜੀ ਹਲੀਮੀ ਨਾਲ ਆਖਿਆ, “ਹਜ਼ੂਰ, ਕੀ ਦੱਸਾਂ! ਰਸਤੇ ਵਿੱਚ ਇੱਕ ਹੋਰ ਸ਼ੇਰ ਨੇ ਮੇਰਾ ਰਸਤਾ ਰੋਕ ਲਿਆ ਸੀ। ਉਸਨੇ ਆਖਿਆ ਕਿ ਉਹ ਹੀ ਜੰਗਲ ਦਾ ਰਾਜਾ ਹੈ ਤੇ ਇਸ ਲਈ ਹੁਣ ਉਹ ਹੀ ਉਸਨੂੰ ਖਾਵੇਗਾ।ਮੈਂ ਤਾਂ ਹਜ਼ੂਰ ਬੜੀ ਮੁਸ਼ਕਲ ਨਾਲ ਆਪਣੀ ਜਾਨ ਛੁਡਾ ਕੇ ਆਇਆ ਹਾਂ।”
ਇਹ ਸਭ ਕੁਝ ਸੁਣ ਕੇ ਸ਼ੇਰ ਲਾਲ ਪੀਲਾ ਹੁੰਦਾ ਬੋਲਿਆ, “ਕਿੱਥੇ ਹੈ ਉਹ ਸ਼ੇਰ ? ਮੈਨੂੰ ਉਸ ਕੋਲ ਲੈ ਕੇ ਚੱਲ ਮੈਂ ਉਸਦੀ ਚੰਗੀ ਭੁਗਤ ਸੁਆਰਾਂਗਾ।” ਖ਼ਰਗੋਸ਼ ਸ਼ੇਰ ਨੂੰ ਆਪਣੇ ਨਾਲ ਲੈ ਕੇ ਤੁਰ ਪਿਆ। ਰਸਤੇ ਵਿੱਚ ਉਹ ਇੱਕ ਪੁਰਾਣੇ ਖੂਹ ‘ਤੇ ਪੁੱਜਾ। ਖ਼ਰਗੋਸ਼ ਨੇ ਆਖਿਆ, “ਹਜ਼ੂਰ ਦੂਜਾ ਸ਼ੇਰ ਇਸੇ ਖੂਹ ਵਿੱਚ ਹੈ।” ਜਦੋਂ ਸ਼ੇਰ ਨੇ ਖੂਹ ਵਿੱਚ ਝਾਕਿਆ ਤਾਂ ਉਸਨੂੰ ਆਪਣਾ ਪਰਛਾਵਾਂ ਦਿਸਿਆ। ਉਸਨੇ ਆਪਣੇ ਹੀ ਪਰਛਾਵੇਂ ਨੂੰ ਦੂਸਰਾ ਸ਼ੇਰ ਸਮਝ ਲਿਆ। ਉਹ ਉਸ ਉੱਤੇ ਗਰਜਿਆ ਤੇ ਖੂਹ ਵਿੱਚੋਂ ਵੀ ਗਰਜਣ ਦੀ ਅਵਾਜ਼ ਆਈ। ਇਹ ਸੁਣ ਕੇ ਸ਼ੇਰ ਨੇ ਉਸ ਉੱਤੇ ਹਮਲਾ ਕਰਨ ਲਈ ਖੂਹ ਵਿੱਚ ਛਾਲ ਮਾਰ ਦਿੱਤੀ ਅਤੇ ਪਾਣੀ ਵਿੱਚ ਡੁੱਬ ਕੇ ਮਰ ਗਿਆ। ਹੁਣ ਖ਼ਰਗੋਸ਼ ਖ਼ੁਸ਼ੀ – ਖ਼ੁਸ਼ੀ ਜੰਗਲ ਵਿੱਚ ਮੁੜ ਆਇਆ ਤੇ ਸਾਰਿਆਂ ਨੂੰ ਸ਼ੇਰ ਦੇ ਮਰਨ ਦੀ ਖ਼ਬਰ ਦੱਸੀ। ਸਾਰੇ ਜਾਨਵਰ ਖ਼ਰਗੋਸ਼ ਦੀ ਸਿਆਣਪ ਤੇ ਬਹੁਤ ਖ਼ੁਸ਼ ਸਨ ।
ਸਿੱਖਿਆ : ਬੁੱਧੀ ਨਾਲੋਂ ਬਲ ਵਧੇਰੇ ਬਲਵਾਨ ਹੁੰਦਾ ਹੈ।