ਕਹਾਣੀ ਰਚਨਾ : ਸ਼ਹਿਦ ਦੀ ਮੱਖੀ ਅਤੇ ਘੁੱਗੀ
ਸ਼ਹਿਦ ਦੀ ਮੱਖੀ ਅਤੇ ਘੁੱਗੀ
ਇੱਕ ਵਾਰੀ ਦੀ ਗੱਲ ਹੈ ਕਿ ਇੱਕ ਸ਼ਹਿਦ ਦੀ ਮੱਖੀ ਉੱਡਦੀ ਜਾ ਰਹੀ ਸੀ। ਹਵਾ ਦਾ ਵਹਾਅ ਤੇਜ਼ ਸੀ ਜਿਸ ਕਾਰਨ ਉਹ ਆਪਣੇ ਆਪ ਨੂੰ ਸੰਭਾਲ ਨਾ ਸਕੀ ਅਤੇ ਇੱਕ ਨਦੀ ਵਿੱਚ ਡਿੱਗ ਪਈ। ਉਸਨੇ ਬਾਹਰ ਨਿਕਲਣ ਲਈ ਬਥੇਰਾ ਯਤਨ ਕੀਤਾ, ਪਰ ਖੰਭ ਗਿੱਲੇ ਹੋਣ ਦੇ ਕਾਰਨ ਉਹ ਬਾਹਰ ਨਾ ਨਿਕਲ ਸਕੀ।
ਇੱਕ ਘੁੱਗੀ ਨੇ ਉਸਨੂੰ ਨਦੀ ਵਿੱਚ ਡਿੱਗਦੇ ਵੇਖ ਲਿਆ ਸੀ। ਇਸ ਲਈ ਉਹ ਉਸਨੂੰ ਬਚਾਉਣਾ ਚਾਹੁੰਦੀ ਸੀ। ਉਸਨੇ ਇੱਕ ਰੁੱਖ ਤੋਂ ਇੱਕ ਪੱਤਾ ਤੋੜਿਆ ਅਤੇ ਸ਼ਹਿਦ ਦੀ ਮੱਖੀ ਦੇ ਅੱਗੇ ਰੱਖ ਦਿੱਤਾ। ਸ਼ਹਿਦ ਦੀ ਮੱਖੀ ਪੱਤੇ ਉੱਤੇ ਚੜ੍ਹ ਗਈ ਅਤੇ ਕੁਝ ਹੀ ਮਿੰਟਾਂ ਬਾਅਦ ਉੱਡ ਗਈ। ਉਸਨੇ ਘੁੱਗੀ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਕੁਝ ਦਿਨਾਂ ਬਾਅਦ ਘੁੱਗੀ ਇੱਕ ਰੁੱਖ ਤੇ ਮਸਤੀ ਵਿੱਚ ਬੈਠੀ ਹੋਈ ਸੀ। ਉਸ ਦੌਰਾਨ ਇੱਕ ਸ਼ਿਕਾਰੀ ਆਇਆ ਤੇ ਉਸਨੇ ਘੁੱਗੀ ਨੂੰ ਰੁੱਖ ਤੇ ਬੈਠਿਆਂ ਵੇਖਿਆ। ਉਸਨੇ ਉਸ ਵੱਲ ਆਪਣੀ ਬੰਦੂਕ ਨਾਲ ਨਿਸ਼ਾਨਾ ਵਿੰਨਿਆ। ਉਸੇ ਮੌਕੇ ਤੇ ਸ਼ਹਿਦ ਦੀ ਮੱਖੀ ਨੇ ਸ਼ਿਕਾਰੀ ਅਤੇ ਘੁੱਗੀ ਵੱਲ ਵੇਖਿਆ। ਉਹ ਸਾਰੀ ਗੱਲ ਸਮਝ ਗਈ ਅਤੇ ਝੱਟਪਟ ਸ਼ਿਕਾਰੀ ਦੀ ਬਾਂਹ ਤੇ ਡੰਗ ਮਾਰ ਦਿੱਤਾ। ਸ਼ਿਕਾਰੀ ਦਰਦ ਨਾਲ ਕਰਾਹ ਉੱਠਿਆ ਅਤੇ ਉਸਦਾ ਨਿਸ਼ਾਨਾ ਉੱਕ ਗਿਆ। ਇੰਝ ਘੁੱਗੀ ਦੀ ਜਾਨ ਬੱਚ ਗਈ।
ਘੁੱਗੀ ਸ਼ਹਿਦ ਦੀ ਮੱਖੀ ਦੀ ਮਿਹਰਬਾਨੀ ‘ਤੇ ਬਹੁਤ ਖ਼ੁਸ਼ ਹੋਈ। ਉਸਨੇ ਉਸਦਾ ਧੰਨਵਾਦ ਕੀਤਾ ਅਤੇ ਦੋਵੇਂ ਇੱਕ ਦੂਜੇ ਵੱਲ ਵੇਖ ਕੇ ਮੁਸਕਰਾ ਪਈਆਂ।
ਸਿੱਖਿਆ : ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ।