ਕਹਾਣੀ ਰਚਨਾ : ਮੂਰਖ ਬਾਰਾਸਿੰਗਾ
ਮੂਰਖ ਬਾਰਾਸਿੰਗਾ
ਇੱਕ ਵਾਰੀ ਦੀ ਗੱਲ ਹੈ ਕਿ ਇੱਕ ਬਾਰਾਸਿੰਗਾ ਨਦੀ ‘ਤੇ ਪਾਣੀ ਪੀਣ ਲਈ ਗਿਆ। ਉਸਨੇ ਪਾਣੀ ਪੀਂਦੇ ਹੋਏ ਨਦੀ ਵਿੱਚੋਂ ਆਪਣੇ ਸਿੰਗਾਂ ਦਾ ਪਰਛਾਵਾਂ ਵੇਖਿਆ। ਉਸਨੂੰ ਆਪਣੇ ਸਿੰਗ ਬਹੁਤ ਸੁੰਦਰ ਲੱਗੇ ਤੇ ਉਹ ਉਨ੍ਹਾਂ ਦੀ ਤਰੀਫ਼ ਕਰਨ ਲੱਗ ਪਿਆ। ਪਰ ਕੁਝ ਹੀ ਚਿਰਾਂ ਬਾਅਦ ਉਸਦੀ ਨਿਗਾਹ ਆਪਣੀਆਂ ਪਤਲੀਆਂ ਲੱਤਾਂ ਵੱਲ ਗਈ। ਉਹ ਉਨ੍ਹਾਂ ਨੂੰ ਵੇਖ ਕੇ ਉਦਾਸ ਹੋ ਗਿਆ ਅਤੇ ਉਨ੍ਹਾਂ ਦੀ ਕਰੂਪਤਾ ਬਾਰੇ ਸੋਚਣ ਲੱਗ ਪਿਆ। ਉਹ ਰੱਬ ਨੂੰ ਉਲਾਂਭਾ ਦਿੰਦਾ ਹੋਇਆ ਆਖਣ ਲੱਗਾ, “ਰੱਬਾ-ਰੱਬਾ, ਤੂੰ ਮੈਨੂੰ ਸਿੰਗ ਤਾਂ ਬੜੇ ਖੂਬਸੂਰਤ ਦਿੱਤੇ ਹਨ, ਪਰ ਲੱਤਾਂ ਕਮਜ਼ੋਰ ਅਤੇ ਬਦਸੂਰਤ ਦਿੱਤੀਆਂ ਹਨ। ਤੂੰ ਮੇਰੇ ਨਾਲ ਇਨਸਾਫ਼ ਨਹੀਂ ਕੀਤਾ।”
ਇਸੇ ਦੌਰਾਨ ਉਸਦੇ ਕੰਨੀਂ ਸ਼ਿਕਾਰੀ ਕੁੱਤਿਆਂ ਦੀ ਅਵਾਜ਼ ਪਈ। ਉਸਨੂੰ ਉਹ ਕੁੱਤੇ ਆਪਣੇ ਨੇੜੇ ਹੁੰਦੇ ਜਾਪੇ। ਉਹ ਉੱਥੋਂ ਤੇਜ਼ ਰਫ਼ਤਾਰ ਨਾਲ ਦੌੜਿਆ। ਜਲਦੀ ਹੀ ਉਹ ਜੰਗਲ ਵਿੱਚ ਪਹੁੰਚ ਗਿਆ, ਪਰ ਸ਼ਿਕਾਰੀ ਕੁੱਤਿਆਂ ਦੇ ਭੌਂਕਣ ਦੀ ਅਵਾਜ਼ ਅਜੇ ਵੀ ਉਸਦੇ ਕੰਨੀਂ ਪੈ ਰਹੀ ਸੀ। ਉਹ ਫਿਰ ਤੇਜ਼ ਦੌੜਿਆ ਪਰ ਅੱਗੇ ਜਾ ਕੇ ਉਸ ਦੇ ਸਿੰਗ ਜੰਗਲੀ ਝਾੜੀਆਂ ਵਿੱਚ ਉਲਝ ਗਏ। ਉਸਨੇ ਸਿੰਗਾਂ ਨੂੰ ਛੁਡਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਸਭ ਵਿਅਰਥ। ਉਹ ਥਰ-ਥਰ ਕੰਬਣ ਲੱਗ ਪਿਆ, ਕਿਉਂਕਿ ਹੁਣ ਉਸਨੂੰ ਆਪਣੀ ਮੌਤ ਨਿਸ਼ਚਤ ਜਾਪੀ।
ਜਲਦੀ ਹੀ ਸ਼ਿਕਾਰੀ ਕੁੱਤੇ ਵੀ ਉੱਥੇ ਉਸ ਕੋਲ ਪੁੱਜ ਗਏ। ਉਹ ਬਾਰਾਸਿੰਗੇ ਉੱਤੇ ਟੁੱਟ ਕੇ ਪੈ ਗਏ ਅਤੇ ਉਸਨੂੰ ਪਾੜ ਕੇ ਖਾ ਗਏ। ਵਿਚਾਰਾ ਬਾਰਾਸਿੰਗਾ ਜਿਨ੍ਹਾਂ ਸਿੰਗਾਂ ਦੀ ਸਿਫ਼ਤ ਕਰਦਾ ਸੀ, ਉਹੀ ਉਸਦੀ ਮੌਤ ਦਾ ਕਾਰਨ ਬਣ ਗਏ।
ਸਿੱਖਿਆ : ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ।