ਕਹਾਣੀ ਰਚਨਾ : ਭੁੱਖੀ ਲੂੰਬੜ


ਭੁੱਖੀ ਲੂੰਬੜ


ਬਹੁਤ ਪੁਰਾਣੀ ਗੱਲ ਹੈ ਕਿ ਦੂਰ ਕਿਸੇ ਜੰਗਲ ਵਿੱਚ ਇੱਕ ਲੂੰਮੜੀ ਰਹਿੰਦੀ ਸੀ। ਇੱਕ ਵਾਰ ਉਸਨੂੰ ਬਹੁਤ ਭੁੱਖ ਲੱਗੀ ਹੋਈ ਸੀ। ਉਹ ਭੋਜਨ ਦੀ ਭਾਲ ਵਿੱਚ ਇੱਧਰ-ਉੱਧਰ ਘੁੰਮਣ ਲੱਗੀ, ਪਰੰਤੂ ਉਸਨੂੰ ਭੋਜਨ ਕਿਤਿਓ ਨਾ ਮਿਲਿਆ। ਥੱਕ-ਹਾਰ ਕੇ ਉਹ ਇੱਕ ਦਰੱਖ਼ਤ ਥੱਲੇ ਆ ਕੇ ਬੈਠ ਗਈ। ਕੁਝ ਦੇਰ ਅਰਾਮ ਕਰਨ ਤੋਂ ਬਾਅਦ ਜਦੋਂ ਉਸਨੇ ਉਤਾਂਹ ਵੱਲ ਵੇਖਿਆ ਤਾਂ ਉਸਨੂੰ ਇੱਕ ਕਾਂ ਵਿਖਾਈ ਦਿੱਤਾ ਜਿਸ ਦੇ ਮੂੰਹ ਵਿੱਚ ਇੱਕ ਪਨੀਰ ਦਾ ਟੁਕੜਾ ਸੀ। ਪਨੀਰ ਦਾ ਟੁਕੜਾ ਵੇਖ ਕੇ ਲੂੰਮੜੀ ਦੇ ਮੂੰਹ ਵਿੱਚ ਪਾਣੀ ਭਰ ਆਇਆ। ਉਹ ਕਾਂ ਕੋਲੋਂ ਪਨੀਰ ਦਾ ਟੁਕੜਾ ਪ੍ਰਾਪਤ ਕਰਨ ਲਈ ਵਿਉਤਾਂ ਸੋਚਣ ਲੱਗੀ।

ਅਚਾਨਕ ਉਸਨੂੰ ਇੱਕ ਵਿਉਂਤ ਸੁੱਝੀ। ਉਸਨੇ ਕਾਂ ਦੀਆਂ ਝੂਠੀਆਂ ਸਿਫ਼ਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹ ਕਾਂ ਨੂੰ ਕਹਿਣ ਲੱਗੀ, “ਵੀਰ ਕਾਵਾਂ! ਤੇਰੀ ਅਵਾਜ਼ ਬੜੀ ਮਿੱਠੀ ਹੈ। ਮੈਂ ਕਿੰਨੀ ਦੂਰ ਤੋਂ ਤੇਰੀ ਅਵਾਜ਼ ਸੁਣਨ ਲਈ ਆਈ ਹਾਂ। ਕਿਰਪਾ ਕਰਕੇ ਆਪਣੀ ਮਿੱਠੀ ਜਿਹੀ ਅਵਾਜ਼ ਵਿੱਚ ਇੱਕ ਗੀਤ ਸੁਣਾ।”

ਲੂੰਮੜੀ ਦੇ ਮੂੰਹੋਂ ਆਪਣੀ ਸਿਫ਼ਤ ਸੁਣ ਕੇ ਕਾਂ ਖ਼ੁਸ਼ ਹੋ ਗਿਆ। ਜਦੋਂ ਲੂੰਮੜੀ ਨੇ ਦੋ-ਤਿੰਨ ਵਾਰ ਸਿਫ਼ਤ ਕੀਤੀ ਤਾਂ ਕਾਂ ਕੋਲੋਂ ਰਿਹਾ ਨਾ ਗਿਆ। ਜਿਉਂ ਹੀ ਉਸਨੇ ਗੀਤ ਸੁਣਾਉਣ ਲਈ ਮੂੰਹ ਖੋਲ੍ਹਿਆ, ਉਸਦਾ ਪਨੀਰ ਦਾ ਟੁਕੜਾ ਥੱਲੇ ਡਿੱਗ ਪਿਆ। ਲੂੰਮੜੀ ਨੇ ਪਨੀਰ ਦਾ ਟੁਕੜਾ ਖਾਧਾ ਤੇ ਤੁਰਦੀ ਬਣੀ। ਜਦੋਂ ਕਾਂ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ, ਉਦੋਂ ਬੜੀ ਦੇਰ ਹੋ ਚੁੱਕੀ ਸੀ।

ਸਿੱਖਿਆ : ਝੂਠੀ ਪ੍ਰਸ਼ੰਸਾ ਤੋਂ ਬਚੋ।