ਕਹਾਣੀ : ਮਾਂ ਦਾ ਅਹਿਸਾਨ
ਮਾਂ ਦਾ ਅਹਿਸਾਨ
ਬਹੁਤ ਪੁਰਾਣੇ ਸਮੇਂ ਦੀ ਗੱਲ ਹੈ, ਕਿਸੇ ਦੇਸ਼ ਤੇ ਇੱਕ ਰਾਜਾ ਰਾਜ ਕਰਦਾ ਸੀ। ਰਾਜਾ ਬਹੁਤ ਇਨਸਾਫ਼ ਪਸੰਦ ਕਰਦਾ ਸੀ। ਉਹ ਆਪਣੀ ਪਰਜਾ ਨੂੰ ਬਹੁਤ ਪਿਆਰ ਕਰਦਾ ਸੀ। ਉਹ ਆਪਣੀ ਪਰਜਾ ਨੂੰ ਖੁਸ਼ ਵੇਖਣਾ ਚਾਹੁੰਦਾ ਸੀ। ਪਰਜਾ ਵੀ ਰਾਜੇ ਦੀ ਬਹੁਤ ਇੱਜ਼ਤ ਕਰਦੀ ਸੀ। ਇਸ ਤੇ ਰਾਜੇ ਨੂੰ ਬਹੁਤ ਮਾਣ ਸੀ।
ਇੱਕ ਦਿਨ ਰਾਜਾ ਬਹੁਤ ਮਸਤੀ ਵਿੱਚ ਸੀ। ਉਹ ਆਪਣੀ ਮਾਤਾ ਨੂੰ ਦੱਸਣ ਲੱਗਾ ਕਿ ਉਸ ਦੀ ਪਰਜਾ ਬਹੁਤ ਖੁਸ਼ ਹੈ, ਇਸ ਲਈ ਉਹ ਵੀ ਬਹੁਤ ਖੁਸ਼ ਹੈ। ਰਾਜੇ ਨੇ ਆਪਣੀ ਮਾਂ ਨੂੰ ਹੰਕਾਰ ਵਿੱਚ ਕਿਹਾ ਕਿ ਤੁਸੀਂ ਜੋ ਮੰਗਣਾ ਹੈ ਮੰਗੋ। ਮੈਂ ਤੁਹਾਡਾ ਅਹਿਸਾਨ ਉਤਾਰਨਾ ਚਾਹੁੰਦਾ ਹਾਂ। ਮਹਾਰਾਣੀ ਨੂੰ ਆਪਣੇ ਪੁੱਤਰ ਦੀ ਇਹ ਗੱਲ ਸੁਣ ਕੇ ਬਹੁਤ ਹੈਰਾਨੀ ਹੋਈ। ਉਸਨੇ ਕਿਹਾ ਕਿ ਕੱਲ੍ਹ ਨੂੰ ਦੱਸਾਂਗੀ।
ਰਾਤ ਨੂੰ ਰਾਜੇ ਦੇ ਸੌਣ ਲਈ ਸੇਜ ਵਿਛਾਈ ਗਈ। ਮਾਤਾ ਜੀ ਨੇ ਸੇਜ ਦੀ ਥੋੜ੍ਹੀ ਜਗ੍ਹਾ ਪਾਣੀ ਨਾਲ ਗਿੱਲੀ ਕਰ ਦਿੱਤੀ। ਰਾਜਾ ਰਾਤ ਨੂੰ ਪੂਰੀ ਤਰ੍ਹਾਂ ਸੌਂ ਨਾ ਸਕਿਆ।ਉਸਨੂੰ ਸਿੱਲ ਬਹੁਤ ਬੁਰੀ ਲੱਗੀ। ਸਵੇਰੇ ਉੱਠਿਆ ਤਾਂ ਉਹ ਬਹੁਤ ਗੁੱਸੇ ਵਿੱਚ ਸੀ। ਮਾਤਾ ਜੀ ਸਭ ਕੁਝ ਸਮਝ ਗਏ। ਉਸਨੇ ਰਾਜੇ ਦੇ ਗੁੱਸੇ ਨੂੰ ਠੰਢਾ ਕੀਤਾ ਤੇ ਸਮਝਾਇਆ “ਜਦੋਂ ਤੂੰ ਛੋਟਾ ਜਿਹਾ ਸੀ ਤਾਂ ਆਪਾਂ ਇਕੱਠੇ ਸੌਂਦੇ ਸੀ ਤਾਂ ਤੂੰ ਬਿਸਤਰਾ ਗਿੱਲਾ ਕਰ ਦਿੰਦਾ ਸੀ। ਤੈਨੂੰ ਨੀਂਦ ਨਹੀਂ ਸੀ ਆਉਂਦੀ ਤੇ ਤੂੰ ਰੋਣ ਲੱਗਦਾ ਸੀ। ਇਸ ਗਿੱਲੀ ਥਾਂ ਤੇ ਮੈਂ ਸੌਂ ਜਾਂਦੀ ਸੀ ਤੇ ਤੈਨੂੰ ਸੁੱਕੀ ਤੇ ਪਾਉਂਦੀ ਸੀ, ਤੂੰ ਸੌਂ ਜਾਂਦਾ ਸੀ, ਪਰ ਮੈਂ ਜਾਗਦੀ ਰਹਿੰਦੀ ਸੀ। ਪੁੱਤਰ ! ਇਹ ਪਾਣੀ ਤੈਨੂੰ ਸਮਝਾਉਣ ਲਈ ਪਾਇਆ ਹੈ ਕਿ ਕੋਈ ਵੀ ਪੁੱਤਰ ਆਪਣੀ ਮਾਂ ਦੇ ਕੀਤੇ ਅਹਿਸਾਨ ਨੂੰ ਲਾਹ ਨਹੀਂ ਸਕਦਾ, ਭਾਵੇਂ ਉਹ ਕਿੰਨਾ ਵੀ ਵੱਡਾ ਰਾਜਾ ਕਿਉਂ ਨਾ ਹੋਵੇ।”
ਰਾਜੇ ਨੇ ਸਿਰ ਨੀਵਾਂ ਕਰਕੇ ਮਾਤਾ ਜੀ ਤੋਂ ਮੁਆਫ਼ੀ ਮੰਗੀ।