ਕਹਾਣੀ : ਮਤਲਬੀ ਯਾਰ


ਮਿੱਤਰ ਉਹ ਜੋ ਮੁਸੀਬਤ ਵਿਚ ਕੰਮ ਆਵੇ


ਸੁਰਿੰਦਰ ਅਤੇ ਮਹਿੰਦਰ ਇਕ ਪਿੰਡ ਵਿਚ ਰਹਿੰਦੇ ਸਨ। ਉਹ ਬੜੇ ਪੱਕੇ ਮਿੱਤਰ ਸਨ। ਇਕ ਵਾਰ ਉਹ ਕਿਸੇ ਨੌਕਰੀ ਦੀ ਭਾਲ ਵਿਚ ਘਰੋਂ ਤੁਰ ਪਏ। ਦੋਹਾਂ ਨੇ ਮੁਸ਼ਕਲ ਵਿਚ ਇਕ ਦੂਜੇ ਦੀ ਮਦਦ ਕਰਨ ਦਾ ਇਕਰਾਰ ਕੀਤਾ।

ਤੁਰਦੇ-ਤੁਰਦੇ ਉਹ ਇਕ ਜੰਗਲ ਵਿਚ ਜਾ ਪੁੱਜੇ। ਉਨ੍ਹਾਂ ਨੇ ਆਪਣੇ ਵਲ ਇਕ ਜੰਗਲੀ ਰਿੱਛ ਆਉਂਦਾ ਦੇਖਿਆ। ਸੁਰਿੰਦਰ ਇਕ ਦਮ ਦਰੱਖ਼ਤ ਉੱਤੇ ਚੜ੍ਹ ਗਿਆ ਅਤੇ ਉਸ ਨੇ ਆਪਣੀ ਜਾਨ ਬਚਾ ਲਈ।

ਮਹਿੰਦਰ ਬੜਾ ਪਰੇਸ਼ਾਨ ਹੋਇਆ ਕਿ ਉਹ ਕੀ ਕਰੇ? ਉਸ ਦਾ ਜੀਵਨ ਖ਼ਤਰੇ ਵਿਚ ਸੀ। ਉਸ ਨੂੰ ਦਰੱਖ਼ਤ ‘ਤੇ ਚੜ੍ਹਨਾ ਨਹੀਂ ਸੀ ਆਉਂਦਾ। ਉਸ ਨੇ ਸਮਝ ਤੋਂ ਕੰਮ ਲਿਆ। ਉਹ ਸਾਹ ਘਸੀਟ ਕੇ ਧਰਤੀ ਉੱਤੇ ਲੰਮਾ ਪੈ ਗਿਆ। ਰਿੱਛ ਉਸ ਦੇ ਕੋਲ ਪੁੱਜਾ। ਉਸ ਨੇ ਮਹਿੰਦਰ ਨੂੰ ਸੁੰਘਿਆ ਅਤੇ ਉਸ ਦੇ ਕੰਨ ਨੂੰ ਮੂੰਹ ਲਾ ਕੇ ਦੇਖਿਆ। ਉਸ ਨੇ ਸਮਝਿਆ ਕਿ ਮਹਿੰਦਰ ਮੁਰਦਾ ਹੈ। ਉਹ ਉਸ ਨੂੰ ਛੱਡ ਕੇ ਚਲਾ ਗਿਆ।

ਸੁਰਿੰਦਰ ਦਰੱਖ਼ਤ ਤੋਂ ਉਤਰਿਆ। ਉਹ ਮਹਿੰਦਰ ਨੂੰ ਪੁੱਛਣ ਲੱਗਾ ਰਿੱਛ ਨੇ ਤੇਰੇ ਕੰਨ ਵਿਚ ਕੀ ਕਿਹਾ ਸੀ?” ਮਹਿੰਦਰ ਨੇ ਇਕ ਦਮ ਉੱਤਰ ਦਿੱਤਾ, ”ਰਿੱਛ ਨੇ ਮੈਨੂੰ ਨਸੀਹਤ ਦਿੰਦਿਆਂ ਕਿਹਾ ਸੀ ਕਿ ਮਤਲਬੀ ਮਿੱਤਰਾਂ ਤੋਂ ਹਮੇਸ਼ਾਂ ਦੂਰ ਰਹਿਣਾ ਚਾਹੀਦਾ ਹੈ।” ਇਹ ਸੁਣ ਕੇ ਸੁਰਿੰਦਰ ਬਹੁਤ ਸ਼ਰਮਿੰਦਾ ਹੋਇਆ। ਮਹਿੰਦਰ ਨੇ ਉਸ ਦੀ ਮਿੱਤਰਤਾ ਦਾ ਸਦਾ ਲਈ ਤਿਆਗ ਕਰ ਦਿੱਤਾ।

ਸਿੱਖਿਆ : ‘ਮਿੱਤਰ ਉਹ, ਜੋ ਮੁਸੀਬਤ ਵਿਚ ਕੰਮ ਆਵੇ।