ਕਹਾਣੀ : ਬੁਰੀ ਸੰਗਤ
ਬੁਰੀ ਸੰਗਤ ਤੋਂ ਇਕੱਲਾ ਚੰਗਾ
ਇਕ ਅਮੀਰ ਆਦਮੀ ਦਾ ਪੁੱਤਰ ਬੁਰੀ ਸੰਗਤ ਵਿਚ ਪੈ ਗਿਆ। ਉਸ ਨੂੰ ਆਪਣੇ ਪੁੱਤਰ ਦੀ ਇਸ ਆਦਤ ਦਾ ਬਹੁਤ ਦੁੱਖ ਹੋਇਆ। ਉਸ ਨੇ ਆਪਣੇ ਪੁੱਤਰ ਨੂੰ ਬਹੁਤ ਸਮਝਾਇਆ ਕਿ ਉਹ ਬੁਰੀ ਸੰਗਤ ਛੱਡ ਦੇਵੇ, ਪਰ ਪੁੱਤਰ ਉੱਤੇ ਕੋਈ ਅਸਰ ਨਾ ਹੋਇਆ। ਅੰਤ ਉਸ ਨੇ ਉਸ ਨੂੰ ਸਿੱਧੇ ਰਾਹ ਪਾਉਣ ਲਈ ਇਕ ਤਰੀਕਾ ਕੱਢਿਆ।
ਉਸ ਨੇ ਬਜ਼ਾਰੋਂ ਵਧੀਆ ਸੇਬਾਂ ਦੀ ਇਕ ਟੋਕਰੀ ਮੰਗਵਾਈ ਅਤੇ ਨਾਲ ਹੀ ਇਕ ਗ਼ਲਿਆ-ਸੜਿਆ ਸੇਬ ਮੰਗਵਾ ਲਿਆ। ਉਸ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਉਹ ਗਲੇ-ਸੜੇ ਸੇਬ ਨੂੰ ਬਾਕੀ ਚੰਗੇ ਸੇਬਾਂ ਦੇ ਵਿਚਕਾਰ ਰੱਖ ਦੇਵੇ। ਪੁੱਤਰ ਨੇ ਇਸੇ ਤਰ੍ਹਾਂ ਹੀ ਕੀਤਾ ਅਤੇ ਫੇਰ ਪਿਤਾ ਦੇ ਕਹੇ ਅਨੁਸਾਰ ਉਸ ਨੇ ਉਹ ਟੋਕਰੀ ਅਲਮਾਰੀ ਵਿਚ ਰੱਖ ਦਿੱਤੀ।
ਅਗਲੇ ਦਿਨ ਪਿਤਾ ਨੇ ਪੁੱਤਰ ਨੂੰ ਕਿਹਾ ਕਿ ਉਹ ਟੋਕਰੀ ਵਿਚੋਂ ਇਕ ਸੇਬ ਲਿਆਵੇ। ਪੁੱਤਰ ਨੇ ਅਲਮਾਰੀ ਖੋਲ੍ਹੀ। ਜਦੋਂ ਉਸ ਨੇ ਟੋਕਰੀ ਚੁੱਕੀ, ਤਾਂ ਦੇਖਿਆ ਕਿ ਉਸ ਵਿੱਚ ਸਾਰੇ ਸੇਬ ਖ਼ਰਾਬ ਹੋ ਚੁੱਕੇ ਸਨ। ਉਹ ਟੋਕਰੀ ਆਪਣੇ ਪਿਤਾ ਕੋਲ ਚੁੱਕ ਲਿਆਇਆ ਤੇ ਕਹਿਣ ਲੱਗਾ ਕਿ ਸਾਰੇ ਸੇਬ ਖ਼ਰਾਬ ਹੋ ਚੁੱਕੇ ਹਨ। ਪਿਤਾ ਨੇ ਉਸ ਨੂੰ ਸਮਝਾਉਂਦਿਆਂ ਕਿਹਾ ਕਿ ਇਕ ਖ਼ਰਾਬ ਸੇਬ ਨੇ ਸਾਰੇ ਸੇਬ ਖ਼ਰਾਬ ਕਰ ਦਿੱਤੇ ਹਨ। ਤੈਨੂੰ ਇਸ ਤੋਂ ਸਬਕ ਸਿੱਖਣਾ ਚਾਹੀਦਾ ਹੈ। ਤੈਨੂੰ ਬੁਰੀ ਸੰਗਤ ਦਾ ਤਿਆਗ ਕਰ ਦੇਣਾ ਚਾਹੀਦਾ ਹੈ, ਨਹੀਂ ਤਾਂ ਇਹ ਤੈਨੂੰ ਵੀ ਬੁਰਾ ਬਣਾ ਦੇਵੇਗੀ। ਪਿਤਾ ਦੀ ਸਿੱਖਿਆ ਪੁੱਤਰ ਦੇ ਮਨ ਉੱਤੇ ਅਸਰ ਕਰ ਗਈ ਅਤੇ ਉਸ ਨੇ ਬੁਰੀ ਸੰਗਤ ਦਾ ਤਿਆਗ ਕਰ ਦਿੱਤਾ।
ਸਿੱਖਿਆ : ‘ਬੁਰੀ ਸੰਗਤ ਨਾਲੋਂ ਇਕੱਲਾ ਭਲਾ’।