ਕਹਾਣੀ ਦਾ ਸਾਰ : ਸਾਂਝ


ਪ੍ਰਸ਼ਨ : ਸੁਜਾਨ ਸਿੰਘ ਦੀ ਕਹਾਣੀ ‘ਸਾਂਝ’ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ : ‘ਸਾਂਝ’ ਕਹਾਣੀ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸੁਜਾਨ ਸਿੰਘ ਦੀ ਰਚਨਾ ਹੈ। ਇਸ ਕਹਾਣੀ ਵਿੱਚ ਕਹਾਣੀਕਾਰ ਨੇ ਇੱਕ ਪ੍ਰੋਫੈਸਰ ਅਤੇ ਇੱਕ ਸਾਈਕਲ ਸਵਾਰ ਪੇਂਡੂ ਨੌਜਵਾਨ ਵਿਚਕਾਰ ਹਮਦਰਦੀ ਦੀ ਭਾਵਨਾ ਦੀ ਸਾਂਝ ਨੂੰ ਪ੍ਰਗਟਾਇਆ ਹੈ। ਇਸ ਕਹਾਣੀ ਦਾ ਸਾਰ ਇਸ ਪ੍ਰਕਾਰ ਹੈ :

ਪ੍ਰੋਫ਼ੈਸਰ ਐੱਮ. ਐੱਲ. ਮਲ੍ਹੋਤਰਾ ਸਾਈਕਲ ਦੇ ਪੈਡਲ ‘ਤੇ ਪੈਰ ਰੱਖ ਕੇ ਇਸ ਤਰ੍ਹਾਂ ਸਾਈਕਲ ‘ਤੇ ਚੜ੍ਹਿਆ ਜਿਵੇਂ ਉਸ ਨੇ ਇਹ ਨਵਾਂ-ਨਵਾਂ ਚਲਾਉਣਾ ਸਿੱਖਿਆ ਹੋਵੇ। ਕਾਲਜੋਂ ਨਿਕਲਦਿਆਂ ਹੀ ਉਹ ਸੋਚਾਂ ਵਿੱਚ ਗੁੰਮ ਗਿਆ ਸੀ। ਸੜਕ ਟੁੱਟੀ ਪਈ ਸੀ। ਜ਼ੋਰ ਲੱਗਣ ਨਾਲ ਉਸ ਦੀ ਸੋਚ ਖਿੰਡ ਗਈ ਤੇ ਉਹ ਕਾਠੀ ’ਤੇ ਬਹਿ ਗਿਆ। ਉਹ ਇਤਿਹਾਸਿਕ ਗੁਰਦਵਾਰੇ ਦੇ ਗੇਟ ਅੱਗੋਂ ਲੰਘਿਆ ਜਿੱਥੇ ਸਵਾਰੀਆਂ ਬੱਸ ਦੀ ਇੰਤਜ਼ਾਰ ਕਰ ਰਹੀਆਂ ਸਨ। ਜੇਠ ਮਹੀਨੇ ਦੀ ਪਹਿਲੀ ਦੁਪਹਿਰ ਬੀਤ ਜਾਣ ਉਪਰੰਤ ਵੀ ਅੱਜ ਪੂਰੀ ਗਰਮੀ ਸੀ। ਪ੍ਰੋਫੈਸਰ ਨੂੰ ਪਸੀਨਾ ਆ ਗਿਆ। ਫਰਲਾਂਗ ਕੁ ਦੀ ਢਲਾਣ ਹੋਣ ਕਾਰਨ ਉਸ ਨੇ ਪੈਡਲ ਮਾਰਨੇ ਬੰਦ ਕਰ ਦਿੱਤੇ ਅਤੇ ਫਿਰ ਅਚਾਨਕ ਪੈਡਲ ਮਾਰ ਕੇ ਸਾਈਕਲ ਤੇਜ਼ ਕਰ ਲਿਆ। ਹਵਾ ਵੀ ਸੂਲ ਕੇ ਵਗਣ ਲੱਗੀ ਅਤੇ ਉਸ ਨੂੰ ਬਚਪਨ ਵਿੱਚ ਪੜ੍ਹੀ ਇੱਕ ਅੰਗਰੇਜ਼ੀ ਕਵਿਤਾ ‘ਸਾਈਕਲ ‘ਤੇ ਪਹਾੜੀ ਉੱਤੋਂ ਥੱਲੇ ਉੱਤਰਦਿਆਂ’ ਯਾਦ ਆ ਗਈ ਜਿਸ ਦੇ ਅੰਤ ‘ਤੇ ਇਹ ਲਿਖਿਆ ਹੋਇਆ ਸੀ ਕਿ ਜਿਹੜਾ ਵਿਅਕਤੀ ਮਿਹਨਤ ਨਾਲ ਅਤੇ ਜ਼ੋਰ ਲਾ ਕੇ ਪਹਾੜੀ ਦੀ ਚੋਟੀ ‘ਤੇ ਪੁੱਜ ਜਾਂਦਾ ਹੈ ਉਸ ਨੂੰ ਉੱਥੇ ਉਸ ਦੀ ਉਡੀਕ ਕਰਦੇ ਖੰਭ ਮਿਲਦੇ ਹਨ। ਪਰ ਪ੍ਰੋਫੈਸਰ ਸੋਚਣ ਲੱਗਾ ਜਿਵੇਂ ਉਸ ਨਾਲ ਅਜਿਹਾ ਨਹੀਂ ਸੀ ਹੋਇਆ। ਰੇਲਵੇ ਲਾਈਨ ਪਾਰ ਕਰਦਿਆਂ ਉਸ ਨੂੰ ਉਸ ਕਵਿਤਾ ਦੀ ਉਸ ਤੁਕ ਦੀ ਸਚਾਈ ਦਾ ਅਹਿਸਾਸ ਹੋ ਰਿਹਾ ਸੀ ਕਿ ‘ਹਰ ਪਹਾੜੀ ਦਾ, ਭਾਵੇਂ ਉਹ ਕਿੱਡੀ ਉੱਚੀ ਹੋਵੇ, ਅੰਤ ਜ਼ਰੂਰ ਹੁੰਦਾ ਹੈ।’

ਧੁੱਪ ਨਾਲ ਸੜਕ ਦੀ ਲੁੱਕ ਪਿਘਲੀ ਹੋਣ ਕਰਕੇ ਪ੍ਰੋਫੈਸਰ ਪਕੇਰੀ ਲੁੱਕ ਅਤੇ ਬਜਰੀ ਵਾਲੀ ਥਾਂ ਤੋਂ ਲੰਘਣ ਦੀ ਕੋਸ਼ਸ਼ ਕਰਦਾ। ਕਣਕਾਂ ਸਾਂਭੀਆਂ ਜਾਣ ਪਿੱਛੋਂ ਬਹੁਤੀਆਂ ਵਾਹੀਆਂ-ਅਣਵਾਹੀਆਂ ਪੈਲੀਆਂ ਜਿਵੇਂ ਅਗੇਤਰੇ ਮੀਂਹ ਦੀ ਉਡੀਕ ਵਿੱਚ ਸਨ। ਜੇਠ ਦੀ ਧੁੱਪ ਵਿੱਚ ਸੜਕ ਦੇ ਕੰਢੇ ਟਾਹਲੀਆਂ ਦੀ ਛਾਂ ਠੰਢ ਪਾ ਰਹੀ ਸੀ। ਅਜੇ ਤੱਕ ਬੱਸ ਤੋਂ ਇਲਾਵਾ ਪ੍ਰੋਫ਼ੈਸਰ ਦੇ ਲਾਗਿਓਂ ਕੋਈ ਨਹੀਂ ਸੀ ਲੰਘਿਆ। ਅਚਾਨਕ ਉਸ ਨੂੰ ਖੜ-ਖੜ ਦੀ ਅਵਾਜ਼ ਸੁਣਾਈ ਦਿੱਤੀ। ਇੱਕ ਕਿਸਾਨ-ਨੁਮਾ ਲਾਲ ਚੀਰੇ ਵਾਲਾ ਸਾਈਕਲ ਸਵਾਰ ਤੇਜ਼ੀ ਨਾਲ ਅੱਗ ਲੰਘ ਗਿਆ। ਪਹਿਲਾਂ ਤਾਂ ਪ੍ਰੋਫੈਸਰ ਨੇ ਸਾਈਕਲ ਤੇਜ਼ ਕਰ ਕੇ ਉਸ ਨੌਜਵਾਨ ਨਾਲੋਂ ਅੱਗੇ ਨਿਕਲ਼ਨ ਬਾਰੇ ਸੋਚਿਆ ਪਰ ਫਿਰ ਇਹ ਖ਼ਿਆਲ ਛੱਡ ਦਿੱਤਾ। ਪ੍ਰੋਫੈਸਰ ਸਾਈਕਲ ਦੀ ਕਾਢ ਦੇ ਮਹੱਤਵ ਬਾਰੇ ਸੋਚਣ ਲੱਗਾ। ਉਸ ਨੂੰ ਅਖ਼ਬਾਰ ਦੀ ਖ਼ਬਰ ਵਿੱਚ ਇੱਕ ਭਾਰਤੀ ਲੀਡਰ ਦੀ ਤਕਰੀਰ ਦਾ ਇੱਕ ਵਾਕ ਯਾਦ ਆਇਆ ਕਿ “ਜਿੱਥੇ ਦੂਜਿਆਂ ਦੇਸਾਂ ਵਿੱਚ ਸਪੂਤਨਿਕਾਂ, ਹਵਾਈ ਜਹਾਜ਼ਾਂ ਜਾਂ ਘੱਟੋ-ਘੱਟ ਕਾਰਾਂ ਦਾ ਜੁਗ ਆ ਗਿਆ ਹੈ ਉੱਥੇ ਭਾਰਤ ਹਾਲੀ ਮਸੀਂ ਸਾਈਕਲ ਦੇ ਜੁਗ ਤੱਕ ਪਹੁੰਚਿਆ ਹੈ।” ਪ੍ਰੋਫ਼ੈਸਰ ਸੋਚਣ ਲੱਗਾ ਕਿ ਕਈ ਲੋਕ ਅਜਿਹੇ ਵੀ ਹਨ ਜਿਨ੍ਹਾਂ ਕੋਲ ਸਾਈਕਲ ਵੀ ਨਹੀਂ ਹੈ। ਇਸ ਤਰ੍ਹਾਂ ਭਾਰਤ ਤਾਂ ਅਜੇ ਸਾਈਕਲ ਜੁਗ ਵਿੱਚ ਵੀ ਨਹੀਂ ਪਹੁੰਚਿਆ। ਫਿਰ ਸਾਈਕਲ-ਕਾਲ ਵੀ ਭਾਰਤ ਦੀ ਗ਼ਰੀਬੀ ਦਾ ਸੂਚਕ ਹੈ। ਪ੍ਰੋਫ਼ੈਸਰ ਨੂੰ ਆਪਣੇ ਪਹਿਰਾਵੇ ਵਿੱਚੋਂ ਗ਼ਰੀਬੀ ਝਲਕੀ। ਉਸ ਨੂੰ ਜਾਪਿਆ ਇਹ ਸਭ ਕੁਝ ਉਹਨਾਂ ਨੇ ਵੀ ਦੇਖ ਲਿਆ ਹੈ ਜਿਹੜੇ ਉਸ ਨੂੰ ਅਮੀਰ ਸਮਝ ਕੇ ਸਲਾਮਾਂ ਕਰਦੇ ਸਨ। ਅਸਲ ਵਿੱਚ ਪ੍ਰੋਫ਼ੈਸਰ ਨੂੰ ਵੱਡੀ ਉਮਰ ਵਿੱਚ ਇਹ ਨੌਕਰੀ ਮੁਢਲੀ ਤਨਖ਼ਾਹ ‘ਤੇ ਮਿਲੀ ਸੀ ਅਤੇ ਉਸ ਦਾ ਪਰਿਵਾਰ ਵੱਡਾ ਸੀ। ਦੂਜੇ ਬੰਨਿਓਂ ਆ ਰਹੀ ਬੱਸ ਨੂੰ ਰਸਤਾ ਦੇਣ ਲਈ ਪ੍ਰੋਫ਼ੈਸਰ ਅਤੇ ਦੂਜੇ ਸਾਈਕਲ ਸਵਾਰ ਨੂੰ ਸੜਕ ਤੋਂ ਥੱਲੇ ਉਤਰਨਾ ਪਿਆ। ਪ੍ਰੋਫੈਸਰ ਇਸ ‘ਤੇ ਆਪਣੀ ਬੇਇੱਜ਼ਤੀ ਮਹਿਸੂਸ ਕਰਦਾ ਹੋਇਆ ਸੋਚਦਾ ਹੈ ਕਿ ਜੇ ਉਸ ਕੋਲ ਕਾਰ ਹੁੰਦੀ ਤਾਂ ਉਸ ਨੂੰ ਪੂਰੀ ਸੜਕ ਤੋਂ ਥੱਲੇ ਨਾ ਉਤਰਨਾ ਪੈਂਦਾ। ਧੂੜ ਦੀ ਧੁੰਦ ਵਿੱਚੋਂ ਪ੍ਰੋਫ਼ੈਸਰ ਨੂੰ ਮਹਿਸੂਸ ਹੋਇਆ ਜਿਵੇਂ ਕਿਸਾਨ-ਨੁਮਾ ਸਾਈਕਲ-ਸਵਾਰ ਨੂੰ ਇੱਕ ਔਰਤ ਬੁਲਾਉਂਦੀ ਹੋਵੇ ਅਤੇ ਉਸ ਨੇ ਉਸ ਨੂੰ ਕੁਝ ਕਿਹਾ ਹੋਵੇ। ਪਰ ਸਾਈਕਲ-ਸਵਾਰ ਝੱਟ ਹੀ ਉਸ ਔਰਤ ਤੋਂ ਦੂਰ ਲੰਘ ਗਿਆ ਸੀ। ਜਦੋਂ ਪ੍ਰੋਫੈਸਰ ਰੁਮਾਲ ਨਾਲ ਪਸੀਨਾ ਪੂੰਝਦਾ ਉਸ ਔਰਤ ਦੇ ਬਰਾਬਰ ਪੁੱਜਾ ਤਾਂ ਔਰਤ ਨੇ ਆਖਿਆ, “ਬੇ ਬੀਰਾ, ਸਾਈਕਲ ਬਾਲਿਆ ਮੈਨੂੰ ਬੀ ਨਾਲ ਲੈ ਚੱਲ”। ਪਰ ਪ੍ਰੋਫ਼ੈਸਰ ਉਸ ਵੱਲ ਦੇਖ ਕੇ ਲੰਘ ਗਿਆ।

ਅੱਧੀ ਫ਼ਰਲਾਂਗ ਅੱਗੇ ਜਾ ਕੇ ਪ੍ਰੋਫ਼ੈਸਰ ਸਾਈਕਲ ਪਿਛਾਂਹ ਵੱਲ ਮੋੜ ਕੇ ਸੋਚਣ ਲੱਗਾ ਕਿ ਲਾਲ ਚੀਰੇ ਵਾਲੇ ਸਾਈਕਲ-ਸਵਾਰ ਨੇ ਮਾਈ ਨੂੰ ਸ਼ਹਿਰ ਤੱਕ ਕਿਉਂ ਨਾ ਚੜ੍ਹਾਇਆ। ਉਸ ਨੂੰ ਉਹ ਸਾਈਕਲ-ਸਵਾਰ ਪੱਥਰ-ਦਿਲ ਜਾਪਿਆ। ਪ੍ਰੋਫੈਸਰ ਨੇ ਇਹ ਮਹਿਸੂਸ ਕੀਤਾ ਕਿ ਉਹ ਆਪ ਵੀ ਚੰਗਾ ਨਹੀਂ ਜੋ ਮੁਹਤਾਜ ਬੁੱਢੀ ਨੂੰ ਛੱਡ ਕੇ ਅੱਗੇ ਨਿਕਲ ਗਿਆ ਸੀ। ਮਾਈ ਨੂੰ ਪੁੱਛਣ ‘ਤੇ ਉਸ ਨੂੰ ਪਤਾ ਲੱਗਾ ਕਿ ਉਸ ਨੇ ਸਹੇੜੇ ਜਾਣਾ ਸੀ। ਮਾਈ ਦੇ ਗੰਦੇ ਕੱਪੜੇ ਦੇਖ ਕੇ ਪ੍ਰੋਫੈਸਰ ਦਾ ਮਨ ਮਿਚਕ ਗਿਆ। ਉਸ ਨੇ ਮਾਈ ਨੂੰ ਕਿਹਾ ਕਿ ਉਸ ਨੇ ਤਾਂ ਸ਼ਹਿਰ ਜਾਣਾ ਹੈ ਜੋ ਇੱਥੋਂ ਮਸਾਂ ਇੱਕ ਮੀਲ ਹੈ। ਮਾਈ ਨੇ ਪ੍ਰੋਫੈਸਰ ਨੂੰ ਕਿਹਾ ਕਿ ਉਹ ਉਸ ਨੂੰ ਉੱਥੇ ਤੱਕ ਹੀ ਲੈ ਚੱਲੇ। ਪ੍ਰੋਫੈਸਰ ਨੇ ਮਾਈ ਨੂੰ ਇੱਕ ਬਾਂਹ ਦਾ ਸਹਾਰਾ ਦੇ ਕੇ ਕੈਰੀਅਰ ‘ਤੇ ਬਿਠਾ ਲਿਆ। ਮਾਈ ਦਾ ਗੰਦਾ ਥੈਲਾ ਉਸ ਨੂੰ ਹੈਂਡਲ ਨਾਲ ਲਟਕਾਉਣਾ ਪਿਆ।

ਪ੍ਰੋਫ਼ੈਸਰ ਨੇ ਝੱਟ ਹੀ ਇਹ ਪਤਾ ਕਰ ਲਿਆ ਕਿ ਉਸ ਬੁੱਢੀ ਦਾ ਕੋਈ ਅੰਗ-ਸਾਕ ਨਹੀਂ ਸੀ। ਪਿੰਡ ਵਿੱਚ ਉਸ ਦੀ ਕੇਵਲ ਇੱਕ ਝੁੱਗੀ ਸੀ। ਜੇ ਆਂਢ-ਗੁਆਂਢ ਵਾਲੇ ਆਪੇ ਹੀ ਉਸ ਨੂੰ ਖਾਣ ਲਈ ਕੁਝ ਨਾ ਦਿੰਦੇ ਤਾਂ ਉਹ ਕਿਸੇ ਤੋਂ ਮੰਗਣ ਨਹੀਂ ਸੀ ਜਾਂਦੀ। ਸੰਗਰਾਂਦ ਵਾਲੇ ਦਿਨ ਉਹ ਚੌਦਾਂ-ਪੰਦਰਾਂ ਮੀਲ ਤੁਰ ਕੇ ਗੁਰਦਵਾਰੇ ਆਈ ਸੀ।

ਪ੍ਰੋਫ਼ੈਸਰ ਮਾਈ ਨੂੰ ਆਪਣੇ ਘਰ ਲੈ ਜਾਣ ਬਾਰੇ ਸੋਚਣ ਲੱਗਾ ਪਰ ਆਪਣੇ ਵੱਡੇ ਟੱਬਰ ਦੀ ਆਰਥਿਕ ਮੰਦਹਾਲੀ ਕਾਰਨ ਅਜਿਹਾ ਨਾ ਕਰ ਸਕਿਆ। ਫਿਰ ਉਸ ਨੇ ਸੋਚਿਆ ਕਿ ਉਹ ਉਸ ਨੂੰ ਬੱਸ ‘ਤੇ ਬਿਠਾ ਦੇਵੇ। ਪਰ ਉਸ ਦੀ ਜੇਬ ਵਿੱਚ ਤਾਂ ਕੇਵਲ ਤੀਹ ਨਵੇਂ ਪੈਸੇ ਸਨ। ਇਹਨਾਂ ਪੈਸਿਆਂ ਨਾਲ ਤਾਂ ਉਸ ਬੁੱਢੀ ਨੂੰ ਉਸ ਦੀ ਮੰਜ਼ਲ ਦੇ ਅੱਧ ਤੱਕ ਵੀ ਨਹੀਂ ਸੀ ਪਹੁੰਚਾਇਆ ਜਾ ਸਕਦਾ। ਫਿਰ ਪ੍ਰੋਫੈਸਰ ਬੁੱਢਿਆਂ ਦੇ ਮੰਗਤੇ ਬਣਨ ਬਾਰੇ ਸੋਚਣ ਲੱਗਾ। ਉਸ ਨੇ ਕੁਝ ਪੈਸੇ ਲੋਕਾਂ ਕੋਲੋਂ ਮੰਗ ਕੇ ਅਤੇ ਕੁਝ ਆਪ ਪਾ ਕੇ ਮਾਈ ਨੂੰ 1 ਟਿਕਟ ਲੈ ਕੇ ਦੇਣ ਦੀ ਸੋਚੀ ਪਰ ਇਸ ਤਰ੍ਹਾਂ ਆਪਣੀ ਆਰਥਿਕ ਹਾਲਤ ਦੇ ਜ਼ਾਹਿਰ ਹੋਣ ਦੇ ਡਰੋਂ ਪ੍ਰੋਫੈਸਰ ਅਜਿਹਾ ਨਾ ਕਰ ਸਕਿਆ। ਉਹ ਮਾਈ ਨੂੰ ਧੁਰ ਛੱਡ ਕੇ ਆਉਣ ਬਾਰੇ ਸੋਚਣ ਲੱਗਾ ਪਰ ਉਸ ਦਾ ਆਪਣਾ ਬੁਢੇਪਾ ਤੇ ਲੈਕਚਰ ਤਿਆਰ ਕਰਨ ਦੀ ਸਮੱਸਿਆ ਰਾਹ ਵਿੱਚ ਅੜ ਗਈ। ਸ਼ਹਿਰ ਪਹੁੰਚਣ ਉਪਰੰਤ ਪ੍ਰੋਫੈਸਰ ਨੇ ਮਾਈ ਨੂੰ ਨਾ ਚਾਹੁੰਦਿਆਂ ਵੀ ਸਾਈਕਲ ਤੋਂ ਉਤਾਰ ਦਿੱਤਾ। ਕਮੇਟੀ ਦੀ ਚੌਕੀ ਦਾ ਬਾਬੂ ਘਿਰਨਾ ਭਰੀ ਨਜ਼ਰ ਨਾਲ ਪ੍ਰੋਫ਼ੈਸਰ ਵੱਲ ਦੇਖ ਰਿਹਾ ਸੀ। ਬਾਗ਼ਾਂ ਵਾਲੇ ਦੀ ਬੱਸ ਮੋੜ ‘ਤੇ ਖੜ੍ਹੀ ਹੋ ਕੇ ਚੱਲ ਪਈ ਪਰ ਪ੍ਰੋਫ਼ੈਸਰ ਬੁੱਢੀ ਨੂੰ ਬੱਸ ਚੜ੍ਹਾਉਣ ਦੀ ਨੇਕੀ ਕਰਨ ਦੀ ਇੱਛਾ ਨੂੰ ਆਪਣੀ ਆਰਥਿਕ ਮਜਬੂਰੀ ਕਾਰਨ ਅਮਲੀ ਰੂਪ ਨਾ ਦੇ ਸਕਿਆ। ਉਸ ਨੇ ਜਦ ਘਰ ਜਾਣ ਲਈ ਸਾਈਕਲ ਮੋੜਿਆ ਤਾਂ ਉਹੀ ਲਾਲ ਚੀਰੇ ਵਾਲਾ ਸਾਈਕਲ-ਸਵਾਰ ਸ਼ਹਿਰੋਂ ਵਾਪਸ ਆ ਰਿਹਾ ਸੀ। ਕੰਮ ਜਲਦੀ ਮੁੱਕ ਜਾਣ ਕਾਰਨ ਉਹ ਜਲਦੀ ਵਾਪਸ ਆ ਗਿਆ ਸੀ। ਉਸ ਨੇ ਮਾਈ ਨੂੰ ਕਿਹਾ, “ਚੱਲ ਬੈਠ, ਮੈਂ ਤੇ ਬਾਗ਼ਾ ਵਾਲੇ ਤੀਕ ਜਾਣਾ। ਤੈਨੂੰ ਦੋ ਪੈਰ ‘ਗਾਂਹ ਸਹੇੜੇ ਈ ਛੱਡ ਆਉਂ।” ਪ੍ਰੋਫੈਸਰ ਨੇ ਮਾਈ ਨੂੰ ਚੁੱਕ ਕੇ ਲਾਲ ਚੀਰੇ ਵਾਲ਼ੇ ਦੇ ਸਾਈਕਲ ਦੇ ਕੈਰੀਅਰ ‘ਤੇ ਬਿਠਾ ਦਿੱਤਾ। ਸਾਈਕਲ ਸਵਾਰ ਨੇ ਪ੍ਰੋਫ਼ੈਸਰ ਸਾਹਿਬ ਵੱਲ ਇਸ ਤਰ੍ਹਾਂ ਤੱਕਿਆ ਜਿਵੇਂ ਜਿਸ ਨੂੰ ਉਹ ਓਪਰਾ ਸਮਝਦਾ ਸੀ ਉਹ ਉਸ ਦਾ ਆਪਣਾ ਹੀ ਨਿਕਲ ਆਇਆ ਹੋਵੇ। ਅੱਖਾਂ ਹੀ ਅੱਖਾਂ ਨਾਲ ਉਸ ਨੇ ਪ੍ਰੋਫ਼ੈਸਰ ਨਾਲ ਸਾਂਝ ਪਾ ਲਈ। ਇਸ ਸਾਂਝ ਵਿੱਚ ਪ੍ਰੋਫ਼ੈਸਰ ਨੂੰ ਇਸ ਤਰ੍ਹਾਂ ਜਾਪਿਆ ਜਿਵੇਂ ਉਸ ਨੇ ਆਪਣਾ ਘਾਟਾ ਪੂਰਾ ਕਰ ਲਿਆ ਹੋਵੇ।

ਇਸ ਤਰ੍ਹਾਂ ‘ਸਾਂਝ’ ਕਹਾਣੀ ਵਿੱਚ ਸੁਜਾਨ ਸਿੰਘ ਨੇ ਦੋ ਵਿਅਕਤੀਆਂ ਵਿਚਲੀ ਹਮਦਰਦੀ ਦੀ ਸਾਂਝ ਨੂੰ ਪ੍ਰਗਟਾਇਆ ਹੈ।