ਕਹਾਣੀ : ਜਨਮ ਦਿਨ
ਲੇਖਕ : ਪ੍ਰੋ. ਸਵਿੰਦਰ ਸਿੰਘ ਉੱਪਲ
25-30 ਸ਼ਬਦਾਂ ਵਾਲੇ ਪ੍ਰਸ਼ਨ-ਉੱਤਰ
ਪ੍ਰਸ਼ਨ 1. ਜੁਗਲ ਪ੍ਰਸ਼ਾਦ ਨੂੰ ਆਪਣੇ ਸਭ ਤੋਂ ਛੋਟੇ ਮੁੰਡੇ ਜੋਤੀ ਨੂੰ ਅੰਗਰੇਜ਼ੀ ਸਕੂਲ ਵਿੱਚ ਦਾਖ਼ਲ ਕਰਵਾਉਣ ਦੀ ਕਿਉਂ ਸੁੱਝੀ?
ਉੱਤਰ : ਜੁਗਲ ਪ੍ਰਸ਼ਾਦ ਆਪਣੇ ਛੋਟੇ ਮੁੰਡੇ ਜੋਤੀ ਨੂੰ ਮੁੱਢ ਤੋਂ ਹੀ ਅੰਗਰੇਜ਼ੀ ਸਕੂਲ ਵਿੱਚ ਪੜ੍ਹਾਈ ਕਰਵਾਉਣਾ ਚਾਹੁੰਦਾ ਸੀ ਕਿਉਂਕਿ ਅੰਗਰੇਜ਼ੀ ਸਕੂਲਾਂ ਵਿੱਚ ਨਵੀਂਆਂ ਵਿਓਂਤਾਂ ਅਨੁਸਾਰ ਪੜ੍ਹਾਈ ਕਰਵਾਈ ਜਾਂਦੀ ਸੀ।
ਪ੍ਰਸ਼ਨ 2. ਜੁਗਲ ਪ੍ਰਸ਼ਾਦ ਦੀ ਪਤਨੀ ਦੇਵਕੀ, ਜੋਤੀ ਨੂੰ ਅੰਗਰੇਜ਼ੀ ਸਕੂਲ ਵਿੱਚ ਦਾਖ਼ਲ ਕਰਵਾਉਣ ਦੀ ਗੱਲ ਸੁਣ ਕੇ ਸੋਚੀਂ ਕਿਉਂ ਪੈ ਗਈ?
ਉੱਤਰ : ਜੁਗਲ ਪ੍ਰਸ਼ਾਦ ਦੀ ਤਨਖ਼ਾਹ ਪੰਜ ਰੁਪਏ ਵਧੀ ਸੀ। ਉਹ ਇਸ ਵਧੀ ਤਨਖ਼ਾਹ ਨਾਲ ਘਰ ਦੀਆਂ ਕਈ ਥੁੜਾਂ ਅਤੇ ਜ਼ਰੂਰਤਾਂ ਨੂੰ ਪੂਰਾ ਕਰਨਾ ਚਾਹੁੰਦੀ ਸੀ। ਇਸ ਕਰਕੇ ਉਹ ਸੋਚੀਂ ਪੈ ਗਈ।
ਪ੍ਰਸ਼ਨ 3. ਜੁਗਲ ਪ੍ਰਸ਼ਾਦ ਅੰਗਰੇਜ਼ੀ ਸਕੂਲਾਂ ਨੂੰ ਵਧੀਆ ਕਿਉਂ ਸਮਝਦਾ ਸੀ ?
ਉੱਤਰ : ਜੁਗਲ ਪ੍ਰਸ਼ਾਦ ਸਮਝਦਾ ਸੀ ਕਿ ਅਜਿਹੇ ਸਕੂਲਾਂ ਵਿੱਚ ਬੱਚਿਆਂ ਦੀ ਸ਼ਖ਼ਸੀਅਤ ਨੂੰ ਵਿਕਸਿਤ ਕਰਨ ਲਈ ਲੋੜੀਂਦੇ ਅਵਸਰ ਦਿੱਤੇ ਜਾਂਦੇ ਹਨ ਅਤੇ ਅਜਿਹੇ ਸਕੂਲ ਬੱਚਿਆਂ ਵਿੱਚ ਉਤਸ਼ਾਹ ਅਤੇ ਵਿਸ਼ਵਾਸ ਭਰ ਦਿੰਦੇ ਹਨ।
ਪ੍ਰਸ਼ਨ 4. ਅੰਗਰੇਜ਼ੀ ਸਕੂਲਾਂ ਵਿੱਚ ਬੱਚਾ ਪੜਾਉਣਾ ਆਮ ਆਦਮੀ ਲਈ ਇੱਕ ਸੌਖਾ ਕੰਮ ਕਿਉਂ ਨਹੀਂ ਹੈ?
ਉੱਤਰ : ਅੰਗਰੇਜ਼ੀ ਸਕੂਲਾਂ ਵਿੱਚ ਦਾਖ਼ਲਾ ਅਤੇ ਫ਼ੀਸ ਬਹੁਤ ਜ਼ਿਆਦਾ ਹੁੰਦੇ ਹਨ ਅਤੇ ਇਸ ਤੋਂ ਇਲਾਵਾ ਇਹਨਾਂ ਸਕੂਲਾਂ ਦੀ ਵਰਦੀ, ਖੇਡਾਂ ਦੀ ਫ਼ੀਸ, ਖਾਣ-ਪੀਣ ਦੇ ਪੈਸੇ ਆਦਿ ਕੁਝ ਅਜਿਹੇ ਖ਼ਰਚੇ ਹੁੰਦੇ ਹਨ ਜੋ ਆਮ ਆਦਮੀ ਦਾ ਕਚੂਮਰ ਕੱਢ ਦਿੰਦੇ ਹਨ।
ਪ੍ਰਸ਼ਨ 5. ਜੁਗਲ ਪ੍ਰਸ਼ਾਦ ਨੇ ਅੰਗਰੇਜ਼ੀ ਸਕੂਲ ਦੀ ਦਾਖ਼ਲਾ ਫ਼ੀਸ ਦਾ ਪ੍ਰਬੰਧ ਕਿਵੇਂ ਕੀਤਾ?
ਉੱਤਰ : ਅੰਗਰੇਜ਼ੀ ਸਕੂਲ ਦੀ ਦਾਖ਼ਲਾ ਫ਼ੀਸ ਚਾਲੀ ਰੁਪਏ ਸੀ। ਉਸ ਕੋਲ ਚਾਲੀ ਰੁਪਏ ਨਹੀਂ ਸਨ, ਇਸ ਕਰਕੇ ਉਸ ਨੇ ਇੱਧਰ ਉੱਧਰੋਂ ਮੰਗ-ਤੰਗ ਕੇ ਬੜੀ ਮੁਸ਼ਕਲ ਨਾਲ ਚਾਲੀ ਰੁਪਏ ਇਕੱਠੇ ਕੀਤੇ ਅਤੇ ਮੁੰਡੇ ਦਾ ਦਾਖ਼ਲਾ ਅੰਗਰੇਜ਼ੀ ਸਕੂਲ ਵਿੱਚ ਕਰਵਾਇਆ।
ਪ੍ਰਸ਼ਨ 6. ਅੰਗਰੇਜ਼ੀ ਸਕੂਲ ਵਿੱਚ ਦਾਖ਼ਲ ਕਰਵਾਉਣ ਤੋਂ ਬਾਅਦ ਜੁਗਲ ਪ੍ਰਸ਼ਾਦ ਆਪਣੇ ਮੁੰਡੇ ਜੋਤੀ ਬਾਰੇ ਕੀ ਸੋਚਦਾ ਸੀ?
ਉੱਤਰ : ਜੁਗਲ ਪ੍ਰਸ਼ਾਦ ਸੋਚਦਾ ਸੀ ਕਿ ਜੋਤੀ ਇਹੋ ਜਿਹੇ ਸਾਫ਼-ਸੁੱਥਰੇ ਵਾਤਾਵਰਨ ਵਿੱਚ ਪੜ੍ਹ ਕੇ ਬਹੁਤ ਲਾਇਕ ਬਣੇਗਾ ਅਤੇ ਭਾਰਤ ਦਾ ਇੱਕ ਬਹੁਤ ਵੱਡਾ ਤੇ ਚੰਗਾ ਅਫ਼ਸਰ ਬਣ ਜਾਵੇਗਾ ਅਤੇ ਭਾਰਤ ਦੀ ਸੇਵਾ ਕਰੇਗਾ।
ਪ੍ਰਸ਼ਨ 7. ਜੋਤੀ ਦੇ ਨੈਣ-ਨਕਸ਼ ਕਿਹੋ ਜਿਹੇ ਸਨ ਅਤੇ ਉਸ ਦੀ ਅਧਿਆਪਕਾ ‘ਤੇ ਇਸ ਦਾ ਕੀ ਅਸਰ ਪਿਆ?
ਉੱਤਰ : ਜੋਤੀ ਲਾਇਕ ਹੋਣ ਦੇ ਨਾਲ-ਨਾਲ ਰੱਜ ਕੇ ਸੋਹਣਾ ਵੀ ਸੀ। ਉਸ ਦੀ ਮੈਡਮ ਉਸ ਨੂੰ ਸਾਫ਼ ਤੇ ਚਿੱਟੇ ਕੱਪੜਿਆਂ ਵਿੱਚ ਚਮਕਦੇ ਵੇਖ ਕੇ ਉਸ ਨੂੰ ਬਹੁਤ ਪਿਆਰ ਕਰਦੀ ਸੀ ਅਤੇ ਉਸ ਦਾ ਉਚੇਚਾ ਧਿਆਨ ਰੱਖਦੀ ਸੀ।
ਪ੍ਰਸ਼ਨ 8. ਪ੍ਰਿੰਸੀਪਲ ਨੇ ਜੁਗਲ ਪ੍ਰਸ਼ਾਦ ਨੂੰ ਕਿਸ ਗੱਲ ਦੀ ਵਧਾਈ ਘੱਲੀ?
ਉੱਤਰ : ਪਿਛਲੇ ਮਹੀਨੇ ਜਦੋਂ ਜੋਤੀ ਦਾ ਇਮਤਿਹਾਨ ਹੋਇਆ ਤਾਂ ਉਹ ਪੂਰੀ ਜਮਾਤ ਵਿਚ ਪਹਿਲੇ ਨੰਬਰ ‘ਤੇ ਆਇਆ ਸੀ। ਇਸ ‘ਤੇ ਪ੍ਰਿੰਸੀਪਲ ਨੇ ਜੁਗਲ ਪ੍ਰਸ਼ਾਦ ਨੂੰ ਜੋਤੀ ਵਰਗੇ ਲਾਇਕ ਸਪੁੱਤਰ ਦਾ ਪਿਓ ਹੋਣ ‘ਤੇ ਵਧਾਈ ਘੱਲੀ ਸੀ।
ਪ੍ਰਸ਼ਨ 9. ਜੁਗਲ ਪ੍ਰਸ਼ਾਦ ਆਪਣੇ ਆਪ ਨੂੰ ਖ਼ੁਸ਼-ਕਿਸਮਤ ਕਿਉਂ ਸਮਝਦਾ ਸੀ?
ਉੱਤਰ : ਜੋਤੀ ਦੀ ਲਿਆਕਤ ਨੂੰ ਵੇਖ ਕੇ ਅਤੇ ਉਸ ਦੇ ਇਮਤਿਹਾਨ ਵਿੱਚੋਂ ਪਹਿਲਾ ਦਰਜਾ ਹਾਸਲ ਕਰਨ ‘ਤੇ ਜੁਗਲ ਪ੍ਰਸ਼ਾਦ ਆਪਣੇ ਆਪ ਨੂੰ ਬਹੁਤ ਖ਼ੁਸ਼-ਕਿਸਮਤ ਸਮਝਦਾ ਸੀ ਅਤੇ ਇਸ ਬਾਰੇ ਆਪਣੇ ਕਲਰਕ ਸਾਥੀਆਂ ਨਾਲ ਵੀ ਗੱਲਾਂ ਕਰਦਾ ਸੀ।
ਪ੍ਰਸ਼ਨ 10. ਜੋਤੀ ਹੱਥ ਭੇਜੀ ਚਿੱਠੀ ਵਿੱਚ ਪ੍ਰਿੰਸੀਪਲ ਨੇ ਕੀ ਲਿਖ ਕੇ ਭੇਜਿਆ?
ਉੱਤਰ : ਪ੍ਰਿੰਸੀਪਲ ਨੇ ਚਿੱਠੀ ਵਿੱਚ ਲਿਖਿਆ ਕਿ ਨਾਗਰਿਕ ਸਭਾ ਵੱਲੋਂ ਪ੍ਰਾਂਤ ਦੇ ਮੰਤਰੀ ਸ੍ਰੀ ਜਵਾਲਾ ਪ੍ਰਸ਼ਾਦ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ। ਸ਼ਹਿਰ ਦੇ ਚੁਣੇ ਹੋਏ ਸਕੂਲਾਂ ਦੇ ਦੋ ਲਾਇਕ ਬੱਚਿਆਂ ਜਿਹਨਾਂ ਵਿੱਚ ਇੱਕ ਜੋਤੀ ਹੈ, ਨਾਲ ਮਿਲਣਗੇ। ਜੋਤੀ ਮੰਤਰੀ ਜੀ ਨੂੰ ਹਾਰ ਪਹਿਨਾਵੇਗਾ।
ਪ੍ਰਸ਼ਨ 11. ਦੇਵਕੀ ਦੀ ਖ਼ੁਸ਼ੀ ਕਾਵੂਰ ਕਿਉਂ ਹੋ ਗਈ?
ਉੱਤਰ : ਮੰਤਰੀ ਜੀ ਦੇ ਪ੍ਰੋਗਰਾਮ ਵਿੱਚ ਜਾਣ ਵਾਸਤੇ ਜੋਤੀ ਨੂੰ ਚਿੱਟੀ ਕਮੀਜ਼, ਚਿੱਟੀ ਨਿੱਕਰ, ਚਿੱਟੀਆਂ ਜੁਰਾਬਾਂ ਅਤੇ ਸੁਨਹਿਰੀ ਹਾਰ ਚਾਹੀਦਾ ਸੀ। ਦੇਵਕੀ ਇਹ ਸੋਚ ਕੇ ਉਦਾਸ ਹੋ ਗਈ ਕਿ ਇਹਨਾਂ ਚੀਜ਼ਾਂ ਲਈ ਪੈਸੇ ਦਾ ਪ੍ਰਬੰਧ ਕਿੱਥੋਂ ਹੋਵੇਗਾ?
ਪ੍ਰਸ਼ਨ 12. ਦੇਵਕੀ ਅਤੇ ਜੁਗਲ ਪ੍ਰਸ਼ਾਦ ਜੋਤੀ ਲਈ ਲੋੜੀਂਦੀਆਂ ਵਸਤੂਆਂ ਦਾ ਇੰਤਜ਼ਾਮ ਕਰਨ ਲਈ ਕੀ ਕਰਦੇ ਹਨ?
ਉੱਤਰ : ਦੇਵਕੀ ਬੱਚਿਆਂ ਦੀਆਂ ਬੁਗਨੀਆਂ ਤੋੜ ਕੇ ਵਿੱਚੋਂ ਸਵਾ ਰੁਪਏ ਦੇ ਕਰੀਬ ਪੈਸੇ ਕੱਢਦੀ ਹੈ ਅਤੇ ਜੁਗਲ ਪ੍ਰਸ਼ਾਦ ਆਪਣੇ ਕਿਸੇ ਮਿੱਤਰ ਕੋਲੋਂ ਮਿੰਨਤਾ-ਤਰਲੇ ਕਰ ਕੇ ਤਿੰਨ ਰੁਪਏ ਦਾ ਪ੍ਰਬੰਧ ਕਰਦਾ ਹੈ।
ਪ੍ਰਸ਼ਨ 13. ਜੁਗਲ ਪ੍ਰਸ਼ਾਦ ਗਰੀਬ ਅਤੇ ਅਮੀਰ ਵਿਚਲੇ ਫ਼ਰਕ ਨੂੰ ਆਪਣੀ ਸੋਚ ਰਾਹੀਂ ਕਿਵੇਂ ਦਰਸਾਉਂਦਾ ਹੈ?
ਉੱਤਰ : ਜੁਗਲ ਪ੍ਰਸ਼ਾਦ ਸੋਚਦਾ ਹੈ ਕਿ ਗ਼ਰੀਬਾਂ ਨੂੰ ਇੰਨਾ ਵੀ ਹੱਕ ਨਹੀਂ ਕਿ ਉਹ ਆਪਣੇ ਹੋਣਹਾਰ ਲੜਕੇ ਦੀ ਨਿੱਕੀ ਜਿਹੀ ਖ਼ੁਸ਼ੀ ਨੂੰ ਖ਼ਰੀਦ ਸਕਣ ਜਦ ਕਿ ਅਮੀਰ ਹਜ਼ਾਰਾਂ ਰੁਪਏ ਐਵੇਂ ਹੀ ਅੱਯਾਸ਼ੀ ਵਿੱਚ ਰੋੜ੍ਹ ਦਿੰਦੇ ਹਨ।
ਪ੍ਰਸ਼ਨ 14. ਦੇਵਕੀ ਨੇ ਜੁਗਲ ਪ੍ਰਸ਼ਾਦ ਨੂੰ ਥੋੜ੍ਹੇ ਪੈਸਿਆਂ ਵਿੱਚ ਹੀ ਕੰਮ ਸਾਰਨ ਦੀ ਕਿਹੜੀ ਤਰਕੀਬ ਦੱਸੀ?
ਉੱਤਰ : ਦੇਵਕੀ ਨੇ ਜੁਗਲ ਪ੍ਰਸ਼ਾਦ ਨੂੰ ਤਰਕੀਬ ਦੱਸਦੇ ਹੋਏ ਕਿਹਾ ਕਿ ਉਹ ਫਟੀ ਹੋਈ ਸਫ਼ੈਦ ਚਾਦਰ ਵਿੱਚੋਂ ਜੋਤੀ ਦੀ ਕਮੀਜ਼ ਸਿਉਂ ਲਵੇਗੀ ਪਰ ਚਿੱਟੀ ਨਿੱਕਰ, ਕੱਪੜਾ ਬਜ਼ਾਰੋਂ ਲੈ ਕੇ ਹੀ ਦਰਜੀ ਕੋਲੋਂ ਸਵਾਉਣੀ ਪਵੇਗੀ।
ਪ੍ਰਸ਼ਨ 15. ਘਰ ਮੁੜਦੇ ਹੋਏ ਜੋਤੀ ਅਤੇ ਜੁਗਲ ਪ੍ਰਸ਼ਾਦ ਕਿਉਂ ਖ਼ੁਸ਼ ਸਨ?
ਉੱਤਰ : ਘਰ ਮੁੜਦੇ ਹੋਏ ਜੋਤੀ ਇਸ ਲਈ ਖ਼ੁਸ਼ ਸੀ ਕਿ ਉਸ ਲਈ ਨਵੇਂ ਬੂਟ, ਜੁਰਾਬਾਂ ਅਤੇ ਨਿੱਕਰ ਦਾ ਕੱਪੜਾ ਖ਼ਰੀਦਿਆ ਗਿਆ ਸੀ ਅਤੇ ਜੁਗਲ ਪ੍ਰਸ਼ਾਦ ਇਹ ਸੋਚ ਕੇ ਖ਼ੁਸ਼ ਸੀ ਕਿ ਉਹ ਹਰ ਹਾਲ ਵਿੱਚ ਹੁਣ ਜੋਤੀ ਨੂੰ ਮੰਤਰੀ ਜੀ ਦੇ ਸਮਾਗਮ ਵਿੱਚ ਭੇਜ ਸਕੇਗਾ।
ਪ੍ਰਸ਼ਨ 16. ਜੁਗਲ ਪ੍ਰਸ਼ਾਦ ਆਪਣੇ ਆਪ ਨੂੰ ਕਿਸ ਗੱਲ ਦੀ ਸ਼ਾਬਾਸ਼ੀ ਦੇ ਰਿਹਾ ਸੀ?
ਉੱਤਰ : ਜੁਗਲ ਪ੍ਰਸ਼ਾਦ ਦਿਲ ਹੀ ਦਿਲ ਵਿੱਚ ਆਪਣੇ ਆਪ ਨੂੰ ਕਮ-ਅਜ਼-ਕਮ ਇੱਕ ਮੁੰਡੇ ਨੂੰ ਤਾਂ ਚੰਗੇ ਸਕੂਲ ਵਿੱਚ ਦਾਖ਼ਲ ਕਰਾਉਣ ਦੀ ਸ਼ਾਬਾਸ਼ੀ ਦੇ ਰਿਹਾ ਸੀ। ਉਹ ਸੋਚ ਰਿਹਾ ਸੀ ਕਿ ਜਿਹੜੀ ਸ਼ਾਨ ਉਸ ਦੇ ਚਾਰ ਮੁੰਡਿਆਂ-ਕੁੜੀਆਂ ਨੇ ਵੀ ਰਲ ਕੇ ਨਹੀਂ ਸੀ ਵਧਾਈ, ਉਹ ਇਕੱਲੇ ਜੋਤੀ ਨੇ ਵਧਾ ਵਿਖਾਈ।
ਪ੍ਰਸ਼ਨ 17. ਜੁਗਲ ਪ੍ਰਸ਼ਾਦ ਨੂੰ ਨਾਗਰਿਕ ਸਭਾ ਦੇ ਦਫ਼ਤਰ ਵਿੱਚੋਂ ਨਿਮੰਤਰਨ-ਪੱਤਰ ਕਿਉਂ ਨਾ ਮਿਲ ਸਕਿਆ?
ਉੱਤਰ : ਉਸ ਸਮਾਗਮ ਵਿੱਚ ਵੱਡੇ-ਵੱਡੇ ਰਾਜਨੀਤਕ ਆਗੂ, ਅਮੀਰ ਲੱਖ-ਪਤੀਏ, ਵੱਡੇ-ਵੱਡੇ ਅਫ਼ਸਰ ਅਤੇ ਕੁਝ ਸੱਦੇ ਗਏ ਬੱਚੇ ਹੀ ਜਾ ਸਕਦੇ ਸਨ। ਜੁਗਲ-ਪ੍ਰਸ਼ਾਦ ਇੱਕ ਸਧਾਰਨ ਜਿਹਾ ਆਦਮੀ ਸੀ, ਇਸ ਕਰਕੇ ਉਸ ਨੂੰ ਨਿਮੰਤਰਨ-ਪੱਤਰ ਨਾ ਮਿਲ ਸਕਿਆ।
ਪ੍ਰਸ਼ਨ 18. ਪ੍ਰਿੰਸੀਪਲ ਨੇ ਜੋਤੀ ਦੁਆਰਾ ਮੰਤਰੀ ਜੀ ਨੂੰ ਹਾਰ ਨਾ ਪਹਿਨਾਉਣ ਦਾ ਕੀ ਕਾਰਨ ਦੱਸਿਆ?
ਉੱਤਰ : ਪ੍ਰਿੰਸੀਪਲ ਨੇ ਦੱਸਿਆ ਕਿ ਸੇਠ ਲਖਪਤ ਰਾਏ ਨੇ ਜੋਤੀ ਦੀ ਥਾਂ ਆਪਣੇ ਪੁੱਤਰ ਦਾ ਨਾਂ ਬਦਲਵਾ ਲਿਆ ਹੈ। ਪ੍ਰਿੰਸੀਪਲ ਦੇ ਨਾਂਹ ਕਰਨ ‘ਤੇ ਉਸ ਨੇ ਚੇਅਰਮੈਨ ਨੂੰ ਆਖ ਕੇ ਇਹ ਕੰਮ ਕਰਵਾ ਲਿਆ।
ਪ੍ਰਸ਼ਨ 19. ਪ੍ਰਿੰਸੀਪਲ ਕੋਲੋਂ ਜੋਤੀ ਦੁਆਰਾ ਮੰਤਰੀ ਜੀ ਨੂੰ ਹਾਰ ਨਾ ਪਹਿਨਾਉਣ ਦੀ ਗੱਲ ਸੁਣ ਕੇ ਜੁਗਲ ਪ੍ਰਸ਼ਾਦ ਦਾ ਕੀ ਹਾਲ ਹੋਇਆ?
ਉੱਤਰ : ਜੁਗਲ ਪ੍ਰਸ਼ਾਦ ਨੂੰ ਇਹ ਗੱਲ ਸੁਣ ਕੇ ਲੱਗਾ ਜਿਵੇਂ ਧਰਤੀ ਪਾਟ ਗਈ ਹੋਵੇ, ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਸ ਨੂੰ ਇੰਜ ਲੱਗ ਰਿਹਾ ਸੀ ਕਿ ਜਿਵੇਂ ਕਿਸੇ ਨੇ ਉਸ ਦੇ ਤਨ-ਬਦਨ ਵਿੱਚ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ ਹੋਵੇ।
ਪ੍ਰਸ਼ਨ 20. ਜੁਗਲ ਪ੍ਰਸ਼ਾਦ ਨੇ ਕੜਕਦੇ ਹੋਏ ਕੀ ਕਿਹਾ?
ਉੱਤਰ : ਜੁਗਲ ਪ੍ਰਸ਼ਾਦ ਨੇ ਕੜਕਦੇ ਹੋਏ ਕਿਹਾ ਕਿ “ਅੱਜ ਉਸ ਮੰਤਰੀ ਦਾ ਨਹੀਂ ਸਗੋਂ ਮੇਰਾ ਅਤੇ ਮੇਰੀ ਸੁੱਤੀ ਹੋਈ ਤਾਕਤ ਅਤੇ ਹੌਸਲੇ ਦਾ ਜਨਮ ਦਿਨ ਹੈ। ਹੁਣ ਮੈਂ ਦੇਖਾਂਗਾ ਕਿ ਕੋਈ ਕਿਵੇਂ ਕਿਸੇ ਗ਼ਰੀਬ ਦੇ ਅਰਮਾਨਾਂ ਨੂੰ ਪੈਰਾਂ ਹੇਠਾਂ ਕੁਚਲਦਾ ਹੈ?”