ਕਹਾਣੀ : ਖ਼ਰਗੋਸ਼ ਅਤੇ ਸ਼ੇਰ


ਇਕ ਜੰਗਲ ਵਿਚ ਇਕ ਸ਼ੇਰ ਰਹਿੰਦਾ ਸੀ। ਉਹ ਬਹੁਤ ਜ਼ਾਲਮ ਸੀ। ਉਹ ਹਰ ਰੋਜ਼ ਬਹੁਤ ਸਾਰੇ ਪਸ਼ੂਆਂ ਨੂੰ ਮਾਰ ਦਿੰਦਾ ਸੀ। ਜੰਗਲ ਦੇ ਪਸ਼ੂ ਉਸ ਤੋਂ ਬਹੁਤ ਦੁਖੀ ਸਨ। ਇਕ ਦਿਨ ਜੰਗਲ ਦੇ ਸਾਰੇ ਪਸ਼ੂਆਂ ਨੇ ਇਕ ਸਭਾ ਕੀਤੀ। ਉਨ੍ਹਾਂ ਇਹ ਫ਼ੈਸਲਾ ਕੀਤਾ ਕਿ ਉਹ ਆਪਣੇ ਆਪ ਸ਼ੇਰ ਨੂੰ ਇਕ ਪਸ਼ੂ ਰੋਜ਼ ਭੇਜ ਦਿਆ ਕਰਨਗੇ। ਇਸ ਤਰ੍ਹਾਂ ਬਾਕੀ ਪਸ਼ੂ ਆਰਾਮ ਨਾਲ ਜੰਗਲ ਵਿਚ ਫਿਰ ਸਕਿਆ ਕਰਨਗੇ। ਸ਼ੇਰ ਇਸ ਗੱਲ ਨਾਲ ਸਹਿਮਤ ਹੋ ਗਿਆ।

ਇਸ ਪ੍ਰਕਾਰ ਕੰਮ ਚਲਦਾ ਰਿਹਾ। ਹਰ ਰੋਜ਼ ਇਕ ਪਸ਼ੂ ਆਪਣੇ ਆਪ ਸ਼ੇਰ ਕੋਲ ਭੇਜ ਦਿੱਤਾ ਜਾਂਦਾ ਅਤੇ ਸ਼ੇਰ ਆਪਣੀ ਭੁੱਖ ਮਿਟਾ ਲੈਂਦਾ।

ਇਕ ਦਿਨ ਇਕ ਖ਼ਰਗੋਸ਼ ਦੀ ਵਾਰੀ ਆਈ। ਉਸ ਨੇ ਸ਼ੇਰ ਨੂੰ ਮਾਰਨ ਦਾ ਤਰੀਕਾ ਸੋਚ ਲਿਆ। ਉਹ ਹੌਲੀ-ਹੌਲੀ ਸ਼ੇਰ ਵਲ ਤੁਰ ਪਿਆ। ਤ੍ਰਿਕਾਲਾਂ ਪਈਆਂ, ਤਾਂ ਉਹ ਸ਼ੇਰ ਕੋਲ ਪੁੱਜਾ। ਸ਼ੇਰ ਸਵੇਰ ਦਾ ਭੁੱਖਾ ਸੀ। ਉਸ ਨੇ ਬੜੇ ਗੁੱਸੇ ਨਾਲ ਖ਼ਰਗੋਸ਼ ਤੋਂ ਉਸ ਦੇ ਦੇਰ ਨਾਲ ਆਉਂਣ ਦਾ ਕਾਰਨ ਪੁੱਛਿਆ। ਖ਼ਰਗੋਸ਼ ਨੇ ਬੜੀ ਅਧੀਨਗੀ ਨਾਲ ਕਿਹਾ, ‘ਉਸ ਨੂੰ ਰਾਹ ਵਿਚ ਇਕ ਹੋਰ ਸ਼ੇਰ ਨੇ ਘੇਰ ਲਿਆ ਸੀ ਅਤੇ ਉਹ ਕਹਿ ਰਿਹਾ ਸੀ ਕਿ ਇਸ ਜੰਗਲ ਦਾ ਰਾਜਾ ਉਹ ਹੈ।”

ਇਹ ਸੁਣ ਕੇ ਸ਼ੇਰ ਗੁੱਸੇ ਨਾਲ ਲਾਲ ਹੋ ਗਿਆ। ਉਸ ਨੂੰ ਆਪਣੀ ਭੁੱਖ ਭੁੱਲ ਗਈ। ਉਸ ਨੇ ਖ਼ਰਗੋਸ਼ ਨੂੰ ਪੁੱਛਿਆ, ”ਉਹ ਸ਼ੇਰ ਕਿੱਥੇ ਹੈ?” ਖ਼ਰਗੋਸ਼ ਸ਼ੇਰ ਨੂੰ ਲੈ ਕੇ ਇਕ ਪੁਰਾਣੇ ਖੂਹ ‘ਤੇ ਪੁੱਜਾ। ਖ਼ਰਗੋਸ਼ ਨੇ ਕਿਹਾ, ‘ਸ਼ੇਰ ਇਸ ਖੂਹ ਵਿਚ ਹੈ।” ਜਦੋਂ ਸ਼ੇਰ ਨੇ ਖੂਹ ਵਿਚ ਝਾਕਿਆ, ਤਾਂ ਉਸ ਨੂੰ ਆਪਣਾ ਪਰਛਾਵਾਂ ਦਿਸਿਆ। ਉਸ ਨੇ ਸਮਝਿਆ ਕਿ ਇਹੋ ਹੀ ਦੂਜਾ ਸ਼ੇਰ ਹੈ। ਉਸ ਨੂੰ ਦੇਖ ਕੇ ਸ਼ੇਰ ਗਰਜਿਆ। ਖੂਹ ਵਿਚੋਂ ਵੀ ਗਰਜਣ ਦੀ ਆਵਾਜ਼ ਆਈ। ਇਹ ਸੁਣ ਕੇ ਸ਼ੇਰ ਨੇ ਉਸ ਉੱਤੇ ਹਮਲਾ ਕਰਨ ਲਈ ਖੂਹ ਵਿਚ ਛਾਲ ਮਾਰ ਦਿੱਤੀ ਤੇ ਮਰ ਗਿਆ।

ਸਿੱਖਿਆ : “ਬੁੱਧੀ ਨਾਲ ਵੱਡੀ ਤੋਂ ਵੱਡੀ ਔਕੜ ਨੂੰ ਦੂਰ ਕੀਤਾ ਜਾ ਸਕਦਾ ਹੈ।”