CBSEEducationPunjab School Education Board(PSEB)Story Writing (ਕਹਾਣੀ ਰਚਨਾ)

ਕਹਾਣੀ : ਈਮਾਨਦਾਰੀ ਸਭ ਤੋਂ ਚੰਗੀ ਨੀਤੀ ਹੈ



ਈਮਾਨਦਾਰੀ ਦਾ ਫਲ ਮਿੱਠਾ ਹੁੰਦਾ ਹੈ


ਇਕ ਪਿੰਡ ਵਿਚ ਇਕ ਗ਼ਰੀਬ ਲੱਕੜਹਾਰਾ ਰਹਿੰਦਾ ਸੀ। ਉਹ ਬਹੁਤ ਈਮਾਨਦਾਰ ਸੀ। ਉਹ ਹਰ ਰੋਜ਼ ਜੰਗਲ ਵਿਚ ਲੱਕੜਾਂ ਕੱਟਣ ਲਈ ਜਾਂਦਾ ਹੁੰਦਾ ਸੀ। ਇਕ ਦਿਨ ਉਹ ਜੰਗਲ ਵਿਚ ਨਦੀ ਦੇ ਕੰਢੇ ਉੱਤੇ ਪੁੱਜਾ ਅਤੇ ਇਕ ਦਰੱਖ਼ਤ ਨੂੰ ਕੱਟਣ ਲੱਗ ਪਿਆ। ਅਜੇ ਉਸ ਨੇ ਦਰੱਖ਼ਤ ਦੇ ਮੁੱਢ ਵਿਚ ਪੰਜ-ਸੱਤ ਕੁਹਾੜੇ ਹੀ ਮਾਰੇ ਸਨ ਕਿ ਉਸ ਦਾ ਕੁਹਾੜਾ ਹੱਥੋਂ ਛੁੱਟ ਕੇ ਨਦੀ ਵਿਚ ਡਿਗ ਪਿਆ। ਨਦੀ ਦਾ ਪਾਣੀ ਬਹੁਤ ਡੂੰਘਾ ਸੀ। ਲੱਕੜਹਾਰੇ ਨੂੰ ਨਾ ਤਰਨਾ ਆਉਂਦਾ ਸੀ ਤੇ ਨਾ ਟੁੱਭੀ ਲਾਉਣੀ। ਉਹ ਬਹੁਤ ਪਰੇਸ਼ਾਨ ਹੋਇਆ, ਪਰ ਕਰ ਕੁੱਝ ਨਹੀਂ ਸੀ ਸਕਦਾ। ਉਹ ਬੈਠ ਕੇ ਰੋਣ ਲੱਗ ਪਿਆ। ਇੰਨੇ ਨੂੰ ਪਾਣੀ ਦੇਵਤਾ ਉਸ ਦੇ ਸਾਹਮਣੇ ਪ੍ਰਗਟ ਹੋਇਆ ਅਤੇ ਉਸ ਨੇ ਲੱਕੜਹਾਰੇ ਨੂੰ ਰੋਣ ਦਾ ਕਾਰਨ ਪੁੱਛਿਆ। ਵਿਚਾਰੇ ਲੱਕੜਹਾਰੇ ਨੇ ਉਸ ਨੂੰ ਆਪਣੀ ਸਾਰੀ ਦੁੱਖ ਭਰੀ ਕਹਾਣੀ ਸੁਣਾਈ। ਦੇਵਤੇ ਨੇ ਪਾਣੀ ਵਿਚ ਚੁੱਭੀ ਮਾਰੀ ਅਤੇ ਇਕ ਸੋਨੇ ਦਾ ਕੁਹਾੜਾ ਕੱਢ ਲਿਆਂਦਾ। ਲੱਕੜਹਾਰੇ ਨੇ ਕਿਹਾ ਕਿ ਇਹ ਉਸ ਦਾ ਕੁਹਾੜਾ ਨਹੀਂ, ਇਸ ਕਰਕੇ ਉਹ ਇਹ ਨਹੀਂ ਲਵੇਗਾ। ਦੇਵਤੇ ਨੇ ਫਿਰ ਪਾਣੀ ਵਿਚ ਚੁੱਭੀ ਮਾਰੀ ਤੇ ਇਕ ਚਾਂਦੀ ਦਾ ਕੁਹਾੜਾ ਕੱਢ ਲਿਆਂਦਾ। ਲੱਕੜਹਾਰੇ ਨੇ ਕਿਹਾ ਕਿ ਇਹ ਵੀ ਉਸ ਦਾ ਕੁਹਾੜਾ ਨਹੀਂ, ਉਸ ਦਾ ਕੁਹਾੜਾ ਲੋਹੇ ਦਾ ਹੈ, ਇਸ ਕਰਕੇ ਉਹ ਚਾਂਦੀ ਦਾ ਕੁਹਾੜਾ ਨਹੀਂ ਲਵੇਗਾ। ਇਸ ਪਿੱਛੋਂ ਦੇਵਤੇ ਨੇ ਤੀਜੀ ਵਾਰੀ ਪਾਣੀ ਵਿਚ ਚੁੱਭੀ ਮਾਰੀ ਅਤੇ ਲੋਹੇ ਦਾ ਕੁਹਾੜਾ ਕੱਢ ਲਿਆਂਦਾ। ਲੱਕੜਹਾਰਾ ਆਪਣਾ ਕੁਹਾੜਾ ਦੇਖ ਕੇ ਬਹੁਤ ਖ਼ੁਸ਼ ਹੋਇਆ ਤੇ ਕਹਿਣ ਲੱਗਾ, “ਇਹ ਹੀ ਮੇਰਾ ਕੁਹਾੜਾ ਹੈ। ਮੈਨੂੰ ਇਹ ਦੇ ਦੇਵੋ।’ ਲੱਕੜਹਾਰੇ ਦੀ ਈਮਾਨਦਾਰੀ ਨੂੰ ਦੇਖ ਕੇ ਪਾਣੀ ਦਾ ਦੇਵਤਾ ਬਹੁਤ ਖ਼ੁਸ਼ ਹੋਇਆ ਅਤੇ ਉਸ ਨੇ ਲੱਕੜਹਾਰੇ ਨੂੰ ਬਾਕੀ ਦੋਨੋਂ ਕੁਹਾੜੇ ਵੀ ਇਨਾਮ ਵਜੋਂ ਦੇ ਦਿੱਤੇ।