ਕਹਾਣੀ : ਆਜੜੀ ਅਤੇ ਬਘਿਆੜ



ਝੂਠੇ ਤੇ ਕੋਈ ਇਤਬਾਰ ਨਹੀਂ ਕਰਦਾ / ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜ੍ਹਦੀ


ਇਕ ਆਜੜੀ ਮੁੰਡਾ ਸੀ। ਉਹ ਆਪਣੇ ਪਿੰਡ ਤੋਂ ਬਾਹਰ ਆਪਣੀਆਂ ਭੇਡਾਂ ਚਾਰਨ ਜਾਂਦਾ ਹੁੰਦਾ ਸੀ। ਇਕ ਦਿਨ ਉਸ ਨੇ ਲੋਕਾਂ ਦਾ ਮਖ਼ੌਲ ਉਡਾਉਣਾ ਚਾਹੀਆ। ਉਹ ਇਕ ਉੱਚੇ ਦਰੱਖ਼ਤ ਉੱਤੇ ਚੜ੍ਹ ਗਿਆ ਅਤੇ ਉੱਚੀ-ਉੱਚੀ ਰੌਲਾ ਪਾਉਣ ਲੱਗਾ, ”ਬਘਿਆੜ ! ਬਘਿਆੜ! ਮੈਨੂੰ ਬਚਾਓ।” ਪਿੰਡ ਦੇ ਲੋਕਾਂ ਨੇ ਉਸ ਦੀਆਂ ਚੀਕਾਂ ਸੁਣੀਆਂ। ਲੋਕ ਆਪਣੇ ਕੰਮ-ਕਾਰ ਛੱਡ ਕੇ ਡਾਂਗਾਂ ਤੇ ਬਰਛੇ ਚੁੱਕ ਕੇ ਉਸ ਦੀ ਮਦਦ ਲਈ ਦੌੜੇ ਆਏ। ਜਦੋਂ ਉਹ ਉੱਥੇ ਪਹੁੰਚੇ, ਤਾਂ ਆਜੜੀ ਮੁੰਡਾ ਅੱਗੋਂ ਹੱਸਣ ਲੱਗ ਪਿਆ। ਉਨ੍ਹਾਂ ਉਸ ਨੂੰ ਪੁੱਛਿਆ, “ਬਘਿਆੜ ਕਿੱਥੇ ਹੈ?” ਆਜੜੀ ਮੁੰਡੇ ਨੇ ਉੱਤਰ ਦਿੱਤਾ ਕਿ ਉਸ ਨੇ ਸਿਰਫ਼ ਉਨ੍ਹਾਂ ਨਾਲ ਮਖ਼ੌਲ ਕੀਤਾ ਹੈ, ਬਘਿਆੜ ਕੋਈ ਨਹੀਂ ਆਇਆ। ਲੋਕਾਂ ਨੂੰ ਉਸ ਦੀ ਇਸ ਗੱਲ ‘ਤੇ ਬੜਾ ਗੁੱਸਾ ਆਇਆ। ਉਹ ਭਰੇ-ਪੀਤੇ ਵਾਪਸ ਮੁੜ ਗਏ।

ਅਗਲੇ ਦਿਨ ਜਦੋਂ ਆਜੜੀ ਮੁੰਡਾ ਭੇਡਾਂ ਚਾਰ ਰਿਹਾ ਸੀ, ਤਾਂ ਬਘਿਆੜ ਸਚਮੁੱਚ ਹੀ ਆ ਗਿਆ। ਉਹ ਉਸ ਦੀਆਂ ਭੇਡਾਂ ਨੂੰ ਮਾਰ-ਮਾਰ ਕੇ ਖਾਣ ਲੱਗਾ। ਮੁੰਡੇ ਨੇ ਬਹੁਤ ਰੌਲਾ ਪਾਇਆ। ਪਿੰਡ ਦੇ ਲੋਕਾਂ ਨੇ ਉਸ ਦੀਆਂ ਚੀਕਾਂ ਸੁਣੀਆਂ, ਪਰ ਕੋਈ ਵੀ ਉਸ ਦੀ ਮਦਦ ਲਈ ਨਾ ਆਇਆ। ਅੰਤ ਬਘਿਆੜ ਨੇ ਮੁੰਡੇ ਉੱਤੇ ਹਮਲਾ ਕਰ ਦਿੱਤਾ ਤੇ ਉਸ ਨੂੰ ਵੀ ਮਾਰ ਸੁੱਟਿਆ। ਇਸ ਤਰ੍ਹਾਂ ਵਾਰ-ਵਾਰ ਝੂਠ ਬੋਲਣ ਕਰਕੇ ਉਸ ਮੁੰਡੇ ਨੇ ਆਪਣੀ ਜਾਨ ਗੁਆ ਲਈ। ਸੱਚ ਹੈ, ਝੂਠੇ ‘ਤੇ ਕੋਈ ਇਤਬਾਰ ਨਹੀਂ ਕਰਦਾ।

ਸਿੱਖਿਆ : ‘ਝੂਠੇ ਤੇ ਕੋਈ ਇਤਬਾਰ ਨਹੀਂ ਕਰਦਾ’।