ਕਵਿਤਾ : ਮਾਂ ਰੱਬ ਦਾ ਰੂਪ


ਇਸ ਧਰਤੀ ਤੇ ਚਾਨਣ ਹੋਇਆ,

ਦੂਰ-ਦੂਰ ਤੱਕ ਮਮਤਾ ਛਾਈ।

ਧਰਤੀ ਤੇ ਅਵਤਾਰ ਲੈਣ ਲਈ,

ਮਾਂ ਦੀ ਰੱਬ ਨੇ ਤਸਵੀਰ ਬਣਾਈ।

ਜਦ ਵੀ ਮਾਂ ਧਰਤੀ ਤੇ ਆਈ,

ਮੀਲਾਂ ਤੱਕ ਖੁਸ਼ਹਾਲੀ ਛਾਈ।

ਰੁੱਖਾਂ ਝੁੱਕ ਸੁਆਗਤ ਕੀਤਾ,

ਨਦੀ ਨੇ ਤਾਲ ‘ਚ ਸਰਗਮ ਗਾਈ॥

ਮਾਂ ਦੀਆਂ ਅੱਖਾਂ ਮਮਤਾ ਭਰੀਆਂ,

ਬੁੱਲ੍ਹਾਂ ਤੇ ਵੀ ਲਾਲੀ ਛਾਈ।

ਨੂਰ ਹੀ ਨੂਰ ਏ, ਚਿਹਰਾ ਉਸਦਾ,

ਜਿਉਂ ਵਾਦੀ ਹਰਿਆਲੀ ਛਾਈ।

ਮਾਂ ਨੇ ਜੰਮਿਆ ਮਾਂ ਨੇ ਪਾਲਿਆ,

ਮਾਂ ਨੇ ਦੁੱਖ-ਸੁੱਖ ਸੰਭਾਲਿਆ।

ਜਦ-ਜਦ ਕੋਈ ਬਿਪਤਾ ਆਈ,

ਤਦ-ਤਦ ਮਾਂ ਹੀ ਹੋਈ ਸਹਾਈ।

ਮਾਂ ਵਰਗਾ ਕੋਈ ਹੋਰ ਹੋ ਨਹੀਂ ਸਕਦਾ,

ਮਾਂ ਦਾ ਰਿਣ ਕੋਈ ਲਾਹ ਨਹੀਂ ਸਕਦਾ।

ਮਾਂ ਦੀ ਪੂਜਾ ਰੱਬ ਦੀ ਪੂਜਾ,

ਮਾਂ ਹੀ ਰੱਬ ਦਾ ਰੂਪ ਹੈ ਦੂਜਾ।