ਕਵਿਤਾ : ਮਾਂ ਬਿਨਾਂ ਬੱਚੇ ਦਾ ਜੀਵਨ ਅਧੂਰਾ
ਮਾਂ ਹੁੰਦੀ ਏ ਮਾਂ ਵੇ ਲੋਕੋ,
ਮਾਂ ਵਰਗੀ ਨਹੀਂ ਠੰਢੀ ਛਾਂ ਲੋਕੋ।
ਹੁੰਦਾ ਰੋਸ਼ਨ ਰਾਹ ਹਨ੍ਹੇਰਾ, ਮਾਂ ਦੀ ਮਮਤਾ ਨੂੰ ਜਾਣੇ ਜਿਹੜਾ।
ਆਪਣੇ ਸੁੱਖ ਤਿਆਗ ਕੇ ਕਰਦੀ ਪੂਰੇ ਚਾਅ,
ਮਿੱਟੀ ਨਾਲ ਮਿੱਟੀ ਹੋ ਕੇ ਤੁਰਦੀ ਕੰਡਿਆਲੇ ਰਾਹ।
ਮਾਂ ਬਿਨਾਂ ਘੁੱਪ ਹਨੇਰਾ, ਡਿੱਗੇ ਨੂੰ ਉਠਾਵੇ ਕਿਹੜਾ।
ਬਚਪਨ ਵਿੱਚ ਜੇ ਮਰ ਜਾਏ ਮਾਂ,
ਵਿਲਕਦੇ ਬਾਲਾਂ ਤੋਂ ਟੁਕੜੇ ਖੋ ਲੈਂਦੇ ਕਾਂ।
ਮਾਂ ਬਿਨ ਕੋਈ ਨਾ ਲਾਡ ਲਡਾਵੇ, ਨਾ ਕੋਈ ਸਿੱਧੇ ਰਾਹੇ ਪਾਵੇ।
ਦੱਬੇ ਘੁੱਟੇ ਰਹਿ ਜਾਂਦੇ, ਕਦੇ ਨਾ ਪੂਰੇ ਹੁੰਦੇ ਅਰਮਾਨ,
ਆਪਣੇ ਪਰਾਏ ਹੋ ਜਾਂਦੇ, ਜੇ ਆ ਜਾਏ ਮਤਰੇਈ ਮਾਂ।
ਹੁੰਦਾ ਹਾਲ ਵਾਂਗ ਫ਼ਕੀਰਾਂ, ਜਾਮਾਂ ਲੀਰਾਂ-ਲੀਰਾਂ,
ਗਲੀਆਂ ਦੇ ਕੱਖ ਵੈਰੀ ਹੋ ਜਾਂਦੇ, ਨਾ ਫੜਦਾ ਕੋਈ ਬਾਂਹ।
ਦੁਨੀਆਂ ਤੇ ਕਾਹਦਾ ਜੀਣਾ, ਮਰ ਜਾਏ ਜੀਹਦੀ ਮਾਂ।
ਕਦੇ ਨਾ ਸਿਰ ਤੋਂ ਉੱਠਦੀ ਛਾਂ, ਜੇ ਰੱਬਾ ਤੇਰੀ ਵੀ ਹੁੰਦੀ ਮਾਂ।
ਮਾਂ ਦੀ ਮੁਹੱਬਤ ਨਾ ਮਿਲਦੀ, ਕਿਤੇ ਹੱਟ ਬਜ਼ਾਰ ਵੇ ਲੋਕੋ।
ਦਿੰਦੀ ਸੀਨਾ ਠਾਰ ਜੇ ਮਿਲ ਜਾਏ ਸੁਪਨੇ ਵਿੱਚ ਮਾਂ ਲੋਕੋ।
ਮਾਂ ਹੁੰਦੀ ਏ ਮਾਂ, ਮਾਂ ਵਰਗੀ ਨਹੀਂ ਠੰਢੀ ਛਾਂ ਲੋਕੋ।