ਕਵਿਤਾ : ਬੱਚਾ
ਬੱਚਾ ਘਰ ਦਾ ਇਕ ਜੀਅ ਹੀ ਨਹੀਂ ਹੁੰਦਾ
ਸਾਰੇ ਜੀਆਂ ਦੀ ਜਾਨ ਹੁੰਦਾ
ਬੱਚਾ ਜਦੋਂ ਘਰ ਹੁੰਦਾ
ਇਕ ਕਮਰੇ ‘ਚ ਹੀ ਨਹੀਂ ਹੁੰਦਾ
ਘਰ ਦੇ ਕੋਨੇ-ਕੋਨੇ ਤੇ ਕਣ-ਕਣ ‘ਚ ਹੁੰਦੈ
ਬੱਚਾ ਜੋ ਸਭ ਚੀਜ਼ਾਂ ਚੋਂ ਚਮਕਦਾ
ਸਭ ਵਸਤਾਂ ‘ਚ ਵਸਦਾ
ਟੀ.ਵੀ. ‘ਚ, ਟਰੱਕ ‘ਚ, ਮੇਜ਼ਾਂ-ਮੰਜਿਆਂ ‘ਚ
ਕਿਤਾਬਾਂ-ਕੁਰਸੀਆਂ ‘ਚ, ਪਰਦਿਆਂ-ਪੱਖਿਆਂ ‘ਚ
ਬਿਸਤਰਾਂ-ਬਰਤਨਾਂ ‘ਚ
ਬੱਚੇ ਨਾਲ ਘਰ ਸਾਹ ਲੈਂਦਾ
ਕੰਧਾਂ ਧੜਕਦੀਆਂ, ਛੱਤਾਂ ਛਣਕਦੀਆਂ
ਤੇ ਖਿੜਕੀਆਂ ਹੱਸਦੀਆਂ
ਬੱਚਾ ਜਦੋਂ ਬਿਮਾਰ ਹੁੰਦਾ ਪੂਰਾ ਘਰ ਬਿਮਾਰ ਹੁੰਦਾ
ਬੱਚੇ ਬਿਨਾਂ ਰਾਤੀਂ ਚੰਦ ਨਹੀਂ ਚੜ੍ਹਦਾ
ਤਾਰੇ ਨਾ ਟਿਮਟਿਮਾਉਂਦੇ, ਘਾਹ ਤੇ ਤਰੇਲ ਨਹੀਂ ਪੈਂਦੀ
ਵਿਹੜੇ ‘ਚ ਧੁੱਪ ਨਹੀਂ ਖਿੜਦੀ
ਘਰਾਂ ਨੂੰ ਵਸਣ ਲਈ, ਬੰਦਿਆਂ ਨੂੰ ਰਸਣ ਲਈ
ਬੱਚਿਆਂ ਦਾ ਸਾਥ ਚਾਹੀਦਾ
ਜਾਂ ਫਿਰ ਬੰਦਾ ਖ਼ੁਦ ਹੀ,
ਬੱਚਿਆਂ ਵਰਗਾ ਆਪ ਚਾਹੀਦਾ।
ਜਸਵੰਤ ਸਿੰਘ ਜ਼ਫ਼ਰ