ਕਵਿਤਾ : ਬੜਾ ਚਿਰ ਬੈਠੇ ਰਹੀਏ ਹੁਣ ਸੇਕ ਅੱਗੇ


ਬੜਾ ਚਿਰ ਬੈਠੇ ਰਹੀਏ ਹੁਣ ਸੇਕ ਅੱਗੇ।

ਸੂਰਜ ਦੀ ਧੁੱਪ ਵੀ ਵਾਹਵਾ ਚੰਗੀ ਲੱਗੇ।

ਸੰਘਣੇ ਧੂੰਏ ਵਾਂਗ ਧੁੰਦ ਛਾਈ ਰਹੇ,

ਤਿੰਨ-ਚਾਰ ਘੰਟਿਆਂ ਦੇ ਬਾਅਦ ਮਸਾਂ ਲਹੇ,

ਰੁੱਖ ਵੀ ਕੋਹਰੇ ਨਾਲ ਹੋਏ ਰਹਿਣ ਬੱਗੇ।

ਬੜਾ ਚਿਰ ਬੈਠੇ ਰਹੀਏ ਹੁਣ ਸੇਕ ਅੱਗੇ।

ਮੂੰਗਫਲੀ, ਗੱਚਕ, ਰਿਉੜੀਆਂ ਖਾਈਏ,

ਕਦੇ ਚਾਹ ਤੇ ਕਦੇ ਕੌਫੀ ਪੀਈ ਜਾਈਏ,

ਪਾਈਏ ਗਰਮ ਤੰਬੀਆਂ ਤੇ ਮੋਟੇ ਝੱਗੇ।

ਬੜਾ ਚਿਰ ਬੈਠੇ ਰਹੀਏ ਹੁਣ ਸੇਕ ਅੱਗੇ।

ਰਾਤਾਂ ਲੰਮੀਆਂ ਤੇ ਦਿਨ ਹੋਏ ਛੋਟੇ,

ਤ੍ਰੇਲ ਨਾਲ ਭਿੱਜੇ ਰਹਿਣ ਵਿਹੜੇ ਤੇ ਓਟੇ,

ਝੁੱਲਾਂ ‘ਚ ਵੀ ਕੰਬੀ ਜਾਣ ਮੱਝਾਂ ਤੇ ਢੱਗੇ।

ਬੜਾ ਚਿਰ ਬੈਠੇ ਰਹੀਏ ਹੁਣ ਸੇਕ ਅੱਗੇ।

ਪੜ੍ਹਾਈ ਲਈ ਦਿਨ ਇਹ ਬਾਹਲਾ ਹੀ ਚੰਗੇ,

ਨਾ ਮੱਖੀਆਂ ਤੇ ਨਾ ਮੱਛਰ ਹੀ ਡੰਗੇ,

‘ਲੱਡੇ’ ਨੂੰ ਤਾਂ ਵੀਰਨੋ ਰੁੱਤ ਇਹ ਠੱਗੇ।

ਬੜਾ ਚਿਰ ਬੈਠੇ ਰਹੀਏ ਹੁਣ ਸੇਕ ਅੱਗੇ।

ਜਗਜੀਤ ਸਿੰਘ ਲੱਡਾ, ਸੀ. ਐੱਚ. ਟੀ. ਅਕੋਈ ਸਾਹਿਬ, (ਸੰਗਰੂਰ)।