ਕਵਿਤਾ : ਬਹਾਦਰ ਕੁੜੀ
ਕਵੀ : ਸੁਰਜੀਤ ਸਿੰਘ ਅਮਰ
ਇੱਕ ਕੁੜੀ ਸੀ ਬੜੀ ਬਹਾਦਰ, ਉਮਰੋਂ ਅਜੇ ਨਿਆਣੀ।
ਮੂੰਹ ਦੀ ਮਿੱਠੀ ਦਿਲ ਦੀ ਸੱਚੀ, ਨਾਲੇ ਬੜੀ ਸਿਆਣੀ।
ਜਦ ਵੀ ਤੱਕੋ ਹਰ ਵੇਲੇ ਉਹ ਪੜ੍ਹਦੀ-ਲਿਖਦੀ ਰਹਿੰਦੀ।
ਘਰ ਦਾ ਸਾਰਾ ਕੰਮ ਕਰਾਵੇ, ਵਿਹਲੀ ਕਦੇ ਨਾ ਬਹਿੰਦੀ।
ਜਿੰਨੇ ਵੀ ਘਰ ਵਾਲੇ ਸਨ ਉਹ, ਸਭ ਦਾ ਆਦਰ ਕਰਦੀ,
ਐਪਰ ਸੱਚੀ ਗੱਲ ਕਰਨ ਤੋਂ, ਕਦੇ ਨਹੀਂ ਸੀ ਡਰਦੀ।
ਇੱਕ ਵਾਰੀ ਇੱਕ ਘਟਨਾ ਹੋਈ, ਸੀ ਗਰਮੀ ਦੀ ਰੁੱਤੇ,
ਉਸ ਕੁੜੀ ਤੇ ਘਰ ਵਾਲੇ ਸਨ, ਕੋਠੇ ਉੱਤੇ ਸੁੱਤੇ।
ਉਸ ਦਿਨ ਕੁੱਝ ਬਿਮਾਰ ਸੀ ਉਹ, ਉਸ ਨੂੰ ਨੀਂਦ ਨਾ ਆਈ,
ਬੇਚੈਨੀ ਦੇ ਨਾਲ ਜਾਗ ਕੇ ਸਾਰੀ ਰਾਤ ਲੰਘਾਈ।
ਕੋਠੇ ਉੱਪਰ ਖੜ੍ਹੀ-ਖੜ੍ਹੀ ਨੇ, ਵਿਹੜੇ ਵਿੱਚ ਜਦ ਤੱਕਿਆ। ਉੱਥੇ ਇੱਕ ਚੋਰ ਖੜਾ ਸੀ, ਅਜੀਬ ਨਜ਼ਾਰਾ ਤੱਕਿਆ।
ਅੰਦਰਲੇ ਕਮਰੇ ਦਾ ਜਦ ਉਹ, ਬੂਹਾ ਖੋਲ੍ਹਣ ਲੱਗਾ, ਦਰਵਾਜ਼ੇ ਨੂੰ ਢੋਅ ਕੇ ਸੀ, ਸੰਦੂਕ ਫਰੋਲਣ ਲੱਗਾ।
ਉਸ ਕੁੜੀ ਨੇ, ਚੋਰ ਨੂੰ ਫੜਨ ਦੀ ਵਿਉਂਤ ਬਣਾਈ,
ਕੋਠੇ ਉੱਤੋਂ ਚੁੱਪ-ਚਾਪ ਉਹ ਥੱਲੇ ਉੱਤਰ ਆਈ।
ਬਾਹਰ ਵਾਲੇ ਬੂਹੇ ਨੂੰ ਉਸ ਅੰਦਰੋਂ ਤਾਲਾ ਲਾਇਆ,
ਫਿਰ ਕੋਠੇ ‘ਤੇ ਜਾ ਕੇ, ਉਸ ਨੇ ਘਰ ਦਿਆਂ ਤਾਈਂ ਜਗਾਇਆ।
ਛੇਤੀ-ਛੇਤੀ ਉੱਠੋ ਆਖੇ, ਅੰਦਰ ਚੋਰ ਹੈ ਆਇਆ। ਜੇਕਰ ਜ਼ਰਾ ਵੀ ਦੇਰੀ ਕੀਤੀ, ਹੋ ਜਾਊ ਸਫਾਇਆ।
ਇੱਕਦਮ ਸਾਰੇ ਜਾਗ ਪਏ ਸਨ, ਫਿਰ ਇਹ ਸੋਚਣ ਲੱਗੇ,
ਚੋਰ ਨੂੰ ਪਕੜਨ ਲਈ ਕੁਝ ਸੋਚ-ਵਿਚਾਰਨ ਲੱਗੇ। ਉਧਰ ਚੋਰ ਨੂੰ ਸ਼ੱਕ ਪੈ ਗਿਆ, ਤੇ ਬਾਹਰ ਵੱਲ ਨੂੰ ਭੱਜਾ, ਐਪਰ ਅੱਗੇ ਬੂਹੇ ਉੱਤੇ ਜੰਦਰਾ ਹੈ ਸੀ ਲੱਗਾ।
ਉਸ ਕੁੜੀ ਦੇ ਡੈਡੀ ਆ ਕੇ, ਚੋਰ ਦੇ ਤਾਈਂ ਫੜਿਆ,
ਚੋਰ ਵੀ ਚੰਗਾ ਤਕੜਾ ਹੈ ਸੀ, ਅੱਗੇ ਡੱਟ ਕੇ ਖੜ੍ਹਿਆ। ਮਾਲਕ ਤਾਈਂ ਥੱਲੇ ਸੁੱਟ ਕੇ, ਚੋਰ ਸੀ ਉੱਤੇ ਚੜ੍ਹਿਆ,
ਏਨੇ ਚਿਰ ਨੂੰ ਉਹ ਕੁੜੀ ਆ ਗਈ, ਹੱਥ ਵਿੱਚ ਡੰਡਾ ਫੜਿਆ।
ਜ਼ੋਰ-ਜ਼ੋਰ ਦੇ ਨਾਲ ਉਸ ਨੇ, ਡੰਡੇ ਚੋਰ ਦੇ ਮਾਰੇ,
ਹਾਏ ਓਏ ਰੱਬਾ ! ਮਾਰ ਸੁੱਟਿਆ, ਚੋਰ ਸੀ ਇੰਝ ਪੁਕਾਰੇ। ਉਸ ਵੇਲੇ ਤੱਕ ਥੱਲੇ ਉਤਰ ਆਏ ਸੀ ਘਰ ਵਾਲੇ,। ਫਿਰ ਇਕੱਠੇ ਹੋ ਕੇ ਸੀ ਉਹ, ਹੋਏ ਚੋਰ ਦੁਆਲੇ।
ਪਹਿਲਾਂ ਫੜ ਕੇ ਚੋਰ ਨੂੰ ਉਨ੍ਹਾਂ, ਹੱਥ-ਪੈਰ ਸੀ ਬੰਨ੍ਹੇ,
ਉੱਤੋਂ ਉਸ ਨੂੰ ਮਾਰ-ਮਾਰ ਕੇ, ਹੱਡ ਓਸ ਦੇ ਭੰਨੇ।
ਮਾੜਾ ਕੰਮ ਜੋ ਕੀਤਾ ਉਸ ਨੇ ਪਛਤਾਵੇ ਤੇ ਰੋਵੇ,
ਏਨੀ ਦੇਰ ਨੂੰ ਪੁਲਿਸ ਆ ਗਈ, ਹੱਥ-ਕੜੀ ਸੀ ਲਾਵੇ |
ਸਾਰੇ ਆਖਣ ਇਸ ਕੁੜੀ ਨੇ, ਕੀਤੀ ਬੜੀ ਦਲੇਰੀ, ਪੁਲਿਸ ਵਾਲਿਆਂ ਨੇ ਵੀ ਉਸ ਨੂੰ, ਦਿੱਤੀ ਹੱਲਾ-ਸ਼ੇਰੀ। ਦੇਸ਼ ਮੇਰੇ ਦੇ ਸੁਹਣੇ ਬੱਚਿਓ, ਮੰਨੋ ਮੇਰਾ ਕਹਿਣਾ, ਦੁਨੀਆਂ ਦੇ ਵਿੱਚ ਇਸ ਬਹਾਦਰ ਕੁੜੀ ਵਾਂਗ ਹੈ ਰਹਿਣਾ।
ਭਾਵੇਂ ਲੱਖ ਮੁਸ਼ਕਲਾਂ ਆਵਣ, ਪਰ ਹਿੰਮਤ ਨਾ ਹਾਰੋ, ਮਾੜਾ ਕੰਮ ਕਦੇ ਨਹੀਂ ਕਰਨਾ, ਇਹ ਗੱਲ ਦਿਲ ਵਿੱਚ ਧਾਰੋ।
ਸੁਰਜੀਤ ਸਿੰਘ ਅਮਰ