ਕਵਿਤਾ : ਬਚਪਨ


ਬਚਪਨ : ਕਰਮਜੀਤ ਸਿੰਘ ਗਰੇਵਾਲ


ਭੋਲੇਪਨ ਵਿੱਚ ਮਸਤੀ ਕਰਨੀ ਸਦਾ ਮਾਰਨੇ ਖੇੜੇ

ਬਚਪਨ ਦੇ ਦਿਨ ਫੇਰ ਨਾ ਆਉਂਦੇ ਬੀਤ ਗਏ ਨੇ ਜਿਹੜੇ

ਇੱਕ ਮਿੱਟੀ ਦੀਆਂ ਢੇਰੀਆਂ ਲਾਉਂਦਾ

ਦੂਜਾ ਸੀ ਫਿਰ ਆ ਕੇ ਢਾਹੁੰਦਾ

ਜਦ ਮਿੱਟੀ ਵਿੱਚ ਲਿਬੜ ਜਾਣਾ, ਮਾਂ ਤੋਂ ਖਾਣੇ ਲਫੇੜੇ

ਬਚਪਨ ਦੇ ਦਿਨ …………………..

ਜਿਹੜਾ ਵੀ ਕਹਿ ਦੇਣਾ ਖਿਡੌਣਾ

ਓਹੀ ਮਾਪਿਆਂ ਲੈ ਕੇ ਆਉਣਾ

ਬਾਪੂ ਨੇ ਕਦੇ ਸੈਰ ਕਰਾਉਣੀ, ਲੈਣਾ ਚੁੱਕ ਘਨੇੜੇ

ਬਚਪਨ ਦੇ ਦਿਨ …………………..

ਖੇਡ-ਖੇਡ ਕੇ ਜਦ ਥੱਕ ਜਾਣਾ

ਖਾਣਾ-ਪੀਣਾ ਤੇ ਸੌਂ ਜਾਣਾ

ਚਿੰਤਾ ਫ਼ਿਕਰ ਨੇ ਕਦੇ ਨਾ ਆਉਣਾ, ਸਾਡੇ ਨੇੜੇ-ਤੇੜੇ

ਬਚਪਨ ਦੇ ਦਿਨ …………………..

ਨੰਗ ਧੜੰਗੇ ਫਿਰਦੇ ਰਹਿਣਾ

ਲੋਕਾਂ ਨੇ ਵੀ ਕੁਝ ਨਾ ਕਹਿਣਾ

ਰੋਕ ਟੋਕ ਨਾ ਹੋਣੀ ਦੇਣੇ ਗਲੀਆਂ ਦੇ ਵਿੱਚ ਗੇੜੇ

ਬਚਪਨ ਦੇ ਦਿਨ …………………..

‘ਰਾਜੀ’ ਸਭ ਸਮਿਆਂ ਦੀਆਂ ਗੱਲਾਂ

ਵਕਤਾਂ ਨੇ ਹੁਣ ਮਾਰੀਆਂ ਛੱਲਾਂ

ਝੱਟ-ਪੱਟ ਗੋਦੀ ਚੁੱਕ ਲੈਂਦਾ ਸੀ ਆਉਂਦਾ ਜਦ ਕੋਈ ਵਿਹੜੇ

ਬਚਪਨ ਦੇ ਦਿਨ …………………..


ਕਰਮਜੀਤ ਸਿੰਘ ਗਰੇਵਾਲ