ਕਵਿਤਾ : ਦੁਨੀਆਂ ਦੀ ਰਚਨਹਾਰੀ
ਦੁਨੀਆਂ ਦੀ ਰਚਨਹਾਰੀ – ਮਾਂ
ਦੁਨੀਆਂ ਦੀ ਰਚਨਹਾਰੀ ਮਾਂ ਹੈ।
ਰੱਬ ਨੇ ਅੰਬਰੋਂ ਉਤਾਰੀ ਮਾਂ ਹੈ।
ਰੱਬ ਹਰ ਥਾਂ ਨਹੀਂ ਸੀ ਹੋ ਸਕਦਾ,
ਰੱਬ ਨੇ ਦਿੱਤੀ ਉਧਾਰੀ ਮਾਂ ਹੈ।
ਰੱਬ ਇਕ ਸਰਬੋਤਮ ਸ਼ੈਅ ਹੈ,
ਦੂਜੀ ਸ਼ੈਅ ਪਿਆਰੀ ਮਾਂ ਹੈ।
ਜੇ ਹਾਰ ਜਾਵੇ ਔਲਾਦ ਕਦੇ,
ਤਾਂ ਮਾਂ ਸਮਝੇ ਕਿ ਹਾਰੀ ਮਾਂ ਹੈ।
ਲਾਡ ਬਹੁਤਾ, ਗੁੱਸਾ ਕਦੇ ਕਦੇ,
ਇਹੋ ਜਿਹੀ ਮਿੱਠੀ ਖਾਰੀ ਮਾਂ ਹੈ।
ਜਿੱਥੇ ਫੁੱਲ ਹੀ ਹੁੰਦੇ ਹਨ, ਕੰਡੇ ਨਹੀਂ,
ਅਜਿਹੇ ਫੁੱਲਾਂ ਦੀ ਕਿਆਰੀ ਮਾਂ ਹੈ।
ਮਾਂ ਕਦੇ ਵੀ ਮਾੜੀ ਨਹੀਂ ਹੁੰਦੀ,
ਪਿਆਰੀ, ਸਾਰੀ ਦੀ ਸਾਰੀ ਮਾਂ ਹੈ।
ਹੱਸ ਕੇ ਦੁੱਖ ਸਹਿ ਲੈਂਦੀ ਹੈ ਜੋ,
ਫੁੱਲਾਂ ਭਰੀ ਉਹ ਪਟਾਰੀ ਮਾਂ ਹੈ।
ਮਾਂ ਤਾਂ ਮਾਂ ਹੀ ਰਹੇਗੀ ਹਰ ਤਰ੍ਹਾਂ,
ਗੋਰੀ, ਕਾਲੀ, ਪਤਲੀ, ਭਾਰੀ ਮਾਂ ਹੈ।
ਉਮਰ ਦਾ ਤਕਾਜ਼ਾ ਨਹੀਂ ਹੁੰਦਾ,
ਹਰ ਸਮੇਂ ਹਰ ਉਮਰੇ ਪਿਆਰੀ ਮਾਂ ਹੈ।
ਧਰਮ ਸ਼ਾਸਤਰਾਂ ‘ਚ ਲਿਖਿਐ ਮਿੱਤਰੋ
“ਪੈਰ ਛੂਹਣ ਦੇ ਯੋਗ ਤੁਹਾਡੀ ਮਾਂ ਹੈ।”