ਕਵਿਤਾ : ਤੇਰੇ ਜਾਣ ਤੋਂ ਮਗਰੋਂ ਮਾਂ
ਬਚੇ ਖੁਚੇ ਨਾਲ ਕਰੇ ਗੁਜ਼ਾਰਾ, ਸਭ ਦੇ ਖਾਣ ਤੋਂ ਮਗਰੋਂ ਮਾਂ,
ਤੇਰੇ ਜੈਸਾ ਕੋਈ ਨਾ ਮਿਲਿਆ, ਤੇਰੇ ਜਾਣ ਤੋਂ ਮਗਰੋਂ ਮਾਂ।
ਉੱਠਦੀ ਬਹਿੰਦੀ ਤੁਰਦੀ ਫਿਰਦੀ, ਕੀੜੀ ਵਾਂਗ ਕਿਰਤ ਕਰੇ,
ਰੱਬ ਦਾ ਨਾਂ ਹਮੇਸ਼ਾ ਲੈਂਦੀ, ਮੰਜਾ ਡਾਹਣ ਤੋਂ ਮਗਰੋਂ ਮਾਂ।
ਜਦ ਕਦੇ ਵੀ ਲਾਂਭੇ ਜਾਂਦੀ, ਸਾਨੂੰ ਉਸਦੀ ਯਾਦ ਸਤਾਂਦੀ,
ਬਿਸਕੁਟ ਦਾ ਪੀਪਾ ਲੈ ਕੇ ਆਉਂਦੀ, ਪੇਕੇ ਜਾਣ ਤੋਂ ਮਗਰੋਂ ਮਾਂ।
ਤੜਕੇ ਵੇਲੇ ਤੰਗ ਨਾ ਕਰਦੀ ਗੂੜ੍ਹੀ ਨੀਂਦਰ ਸੁੱਤਿਆਂ ਨੂੰ, ਲੋਢੇ ਵੇਲੇ ਸਦਾ ਜਗਾਉਂਦੀ, ਲੰਮੀਆਂ ਤਾਣ ਤੋਂ ਮਗਰੋਂ ਮਾਂ।
ਸਾਲ ਛਿਮਾਹੀ ਸਾਡੇ ਘਰ ਜਦ ਮੰਜਾ ਪੀਹੜੀ ਟੁੱਟ ਜਾਂਦੇ, ਤਾਂ ਫਿਰ ਉਸਨੂੰ ਤਰੋਪੇ ਲਾਉਂਦੀ ਟੁੱਟੇ ਵਾਣ ਤੋਂ ਮਗਰੋਂ ਮਾਂ।
ਮੇਰੇ ਪਿੰਡ ਵਿੱਚ ਅਜੇ ਵੀ ਮਾਵਾਂ, ਪੁੱਤਾਂ ਮਗਰ ਨੱਸਦੀਆਂ ਨੇ,
ਮੈਨੂੰ ਕੋਈ ਨਹੀਂ ਪੁੱਤ-ਪੁੱਤ ਕਹਿੰਦਾ, ਤੇਰੇ ਜਾਣ ਤੋਂ ਮਗਰੋਂ ਮਾਂ।