ਕਵਿਤਾ : ਜੋ ਵੀ ਨਸ਼ਾ ਕਰਦਾ ਏ….
ਪਿਆਰੇ ਬੱਚਿਓ ਪ੍ਰਣ ਕਰੋ,
ਨਸ਼ਿਆਂ ਕੋਲੋਂ ਦੂਰ ਹੈ ਰਹਿਣਾ।
ਜੋ ਵੀ ਨਸ਼ਾ ਕਰਦਾ ਏ,
ਭੁੱਲ ਕੇ ਉਹਦੇ ਕੋਲ ਨਹੀਂ ਬਹਿਣਾ।
ਨਸ਼ਾ ਕਰਨ ਵਾਲਿਆਂ ਦਾ,
ਹਰ ਰੋਜ਼ ਵੇਂਹਦੇ ਤੁਸੀਂ ਹਾਲ।
ਚੰਗੇ ਭਲੇ ਖਾਂਦੇ ਪੀਂਦੇ,
ਕਰ ਦਿੰਦਾ ਏ ਨਸ਼ਾ ਕੰਗਾਲ।
ਉੱਚੀ-ਸੁੱਚੀ ਸੋਚ ਬਣਾਓ,
ਨਸ਼ਿਆਂ ਵਾਲੇ ਰਾਹ ਨਹੀਂ ਪੈਣਾ।
ਜੋ ਵੀ ਨਸ਼ਾ ਕਰਦਾ ਏ ……।
ਹਰ ਨਸ਼ਾ ਹੀ ਕਰਦਾ ਬੱਚਿਓ,
ਸਿਹਤ ਦਾ ਜਿੱਥੇ ਬੜਾ ਨੁਕਸਾਨ
ਉੱਥੇ ਸਮਾਜ ਦੇ ਵਿੱਚ ਵੀ ਹੁੰਦਾ,
ਹਰ ਨਸ਼ੋਈ ਦਾ ਬੜਾ ਅਪਮਾਨ।
ਹੋਰ ਕਿਸੇ ਨੇ ਕੀ ਹੈ ਮੰਨਣਾ,
ਮੰਨਦੇ ਘਰ ਦੇ ਵੀ ਨਹੀਂ ਕਹਿਣਾ।
ਜੋ ਵੀ ਨਸ਼ਾ ਕਰਦਾ ਏ ……।
ਕਿਸੇ ਪਰਿਵਾਰ ‘ਚ ਕੋਈ ਮੈਂਬਰ,
ਨਸ਼ਾ ਜਦੋਂ ਵੀ ਕਰਦਾ ਏ।
ਉਹਦੇ ਕਾਰਨ ਸਾਰਾ ਪਰਿਵਾਰ,
ਤਿਲ-ਤਿਲ ਹੋ ਕੇ ਮਰਦਾ ਏ।
ਇਹੋ ਜਿਹੇ ਨਸ਼ਈਆਂ ਕੋਲੋਂ,
ਪਿਆਰੇ ਬੱਚਿਓਂ ਸਬਕ ਹੈ ਲੈਣਾ।
ਜੋ ਵੀ ਨਸ਼ਾ ਕਰਦਾ ਏ …….. |
ਮਨੁੱਖਾ ਜਨਮ ਅਮੋਲਕ ਬੱਚਿਓ,
ਲੋਕਾਂ ਨੂੰ ਤੁਸੀਂ ਜਾ ਸਮਝਾਓ।
“ਤਲਵੰਡੀ” ਸਰ ਦੀ ਇੱਕ-ਇੱਕ ਗੱਲ,
ਕੱਲੇ-ਕੱਲੇ ਦੇ ਦਿਮਾਗ਼ ‘ਚ ਪਾਓ।
ਹਰ ਨਸ਼ਾ ਹੈ ਜ਼ਹਿਰ ਬੱਚਿਓ,
ਲੋਕਾਂ ਨੂੰ ਤੁਸਾਂ ਜਾ ਕੇ ਕਹਿਣਾ।
ਜੋ ਵੀ ਨਸ਼ਾ ਕਰਦਾ ਏ……..।