ਕਵਿਤਾ : ਕਿਸਾਨ
ਮੈਂ ਖੇਤਾਂ ਦਾ ਵਾਹੀਵਾਨ, ਕਿਸਾਨ ਬੋਲਦਾਂ
ਮੈਂ ਮਿੱਟੀ ਦਾ ਜਾਇਆ, ਸੀਨਾ ਤਾਣ ਬੋਲਦਾਂ।
ਮੁੜਕਾ ਡੋਲਕੇ ਬੰਜਰ ਨੂੰ ਜ਼ਰਖ਼ੇਜ਼ ਬਣਾਇਆ
ਪਰ ਮੇਰੇ ਮੁੜਕੇ ਦਾ ਮੁੱਲ ਕਿਸੇ ਨਾ ਪਾਇਆ।
ਕੀ ਦੱਸਾਂ ਮੈਂ ਅੱਜ ਹੋ ਕੇ ਪਰੇਸ਼ਾਨ ਬੋਲਦਾ।
ਕਰਜ਼ੇ ਵਾਲੀ ਪੰਡ ਅਜੇ ਨਾ ਸਿਰ ਤੋਂ ਲੱਥੀ।
ਗੜਿਆਂ ਵਾਲੀ ਮਾਰ ਨੇ ਭੰਨ ਦਿੱਤੀ ਵੱਖੀ
ਉੱਪਰੋਂ ਭਾਵੇਂ ਦਿਸਦਾ ਹਾਂ ਹਾਸੇ ਵੰਡਦਾ।
ਪਰ ਅੰਦਰੋਂ ਮੈਂ ਲਹੂ ਲੁਹਾਨ ਬੋਲਦਾਂ।
ਕਾਂ ਤੇ ਚਿੜੀ ਦੀ ਮੇਰੇ ਉੱਤੇ ਢੁੱਕੇ ਕਹਾਣੀ।
ਵਾਹਵਾਂ, ਬੀਜਾਂ, ਪਾਲਾਂ ਤੇ ਮੈਂ ਦੇਵਾਂ ਪਾਣੀ
ਪਿੱਤਲ ਦੇ ਭਾਅ ਮੈਥੋਂ ਲੈ ਜਾਂਦੇ ਨੇ ਸੋਨਾ।
ਡਾਢਿਆਂ ਅੱਗੇ ਹਾਰਿਆ, ਮੈਂ ਇਨਸਾਨ ਬੋਲਦਾਂ
ਮੈਂ ਖੇਤਾਂ ਦਾ ਵਾਹੀਵਾਨ ਕਿਸਾਨ ਬੋਲਦਾਂ।
ਕਿਰਸਾਨ ਦੀ ਜੇ ਕੋਈ ਅੱਜ ਸੁਣ ਪੁਕਾਰ
ਕਿਰਤੀ ਕੰਮੀ ਫਿਰ ਢਾਹੇ ਕਿਉਂ ਢੇਰੀ?
ਅੰਨ ਦੀ ਧੁੱਪ ਬਿਖੇਰਦਾ, ਮੈਂ ਸੂਰਜ ਬਣਕੇ
ਨ੍ਹੇਰੇ ਵਿੱਚ ਨਾ ਡੱਕੋ ਮੈਂ ਤੂਫ਼ਾਨ ਬੋਲਦਾਂ।
ਮੈਂ ਖੇਤਾਂ ਦਾ ਵਾਹੀਵਾਨ ਦੁਖੀ ਕਿਸਾਨ ਬੋਲਦਾਂ
ਮੈਂ ਖੇਤਾਂ ਦਾ ਵਾਹੀਵਾਨ ਕਿਸਾਨ ਬੋਲਦਾ।