ਕਵਿਤਾ

ਸਾਹਿਤ ਦੇ ਰੂਪ (Forms of Literature)

ਕਵਿਤਾ

ਕਵਿਤਾ ਸਾਹਿਤ ਦਾ ਬਹੁਤ ਹੀ ਮਹੱਤਵਪੂਰਨ ਰੂਪ ਹੈ। ਇਹ ਇੱਕ ਅਜਿਹੀ ਸ਼ਾਬਦਿਕ ਕਲਾ ਹੈ, ਭਾਵ ਅਜਿਹੀ ਸ਼ਬਦ – ਰਚਨਾ ਹੁੰਦੀ ਹੈ, ਜਿਸ ਵਿੱਚ ਖ਼ਿਆਲ, ਜਜ਼ਬਾ, ਕਲਪਨਾ, ਸੁਰ, ਲੈਅ-ਤਾਲ ਜਾਂ ਕਿਸੇ ਵੀ ਕਿਸਮ ਦੇ ਵਜ਼ਨ ਤੋਲ ਦਾ ਸੁਮੇਲ ਹੁੰਦਾ ਹੈ।

ਕਵਿਤਾ ਜਜਬਿਆਂ ਦੇ ਵਲਵਲਿਆਂ ਦਾ ਬੇਰੋਕ ਉਛਾਲਾ ਹੈ। ਮਨੁੱਖੀ ਮਨ ਵਿੱਚ ਜਦੋਂ ਖ਼ੁਸ਼ੀਆਂ-ਗ਼ਮੀਆਂ ਦੇ ਤਿੱਖੇ
ਵਲਵਲੇ ਬੇਕਾਬੂ ਹੋ ਜਾਂਦੇ ਹਨ ਤਾਂ ਉਹ ਬੋਲੀ ਦੀਆਂ ਧੁਨਾਂ ਵਿੱਚ ਉਛਲਣ ਲੱਗ ਪੈਂਦੇ ਹਨ, ਇਹੋ ਉਛਾਲਾਂ ਹੀ ਕਵਿਤਾ ਦੀ ਸ਼ਕਲ ਵਿੱਚ ਪ੍ਰਗਟ ਹੋ ਜਾਂਦੀਆਂ ਹਨ।

ਪਰਿਭਾਸ਼ਾਵਾਂ : ਪੰਜਾਬੀ ਦੇ ਮਹਾਨ ਕਵੀ ਪ੍ਰੋ. ਪੂਰਨ ਸਿੰਘ ਦਾ ਵਿਚਾਰ ਹੈ, “ਕਵਿਤਾ ਰੂਹਾਂ ਦੀ ਬੋਲੀ’ ਹੈ। ਪਿਆਰ ਵਿੱਚ ਸਮੋਏ ਬੱਚਿਆਂ ਦੇ ਮਿੱਠੇ ਬਚਨ ਕਵਿਤਾ ਹਨ। ਸ਼ੁੱਧ ਮਨਾਂ ਵਿੱਚੋਂ ਜੋ ਬੋਲ ਨਿਕਲਣ, ਉਹ ਕਵਿਤਾ ਹਨ | ਕਵਿਤਾ ਆਵੇਸ਼ ਹੈ ਤੇ ਅੰਤਰ-ਆਤਮਾ ਦੀ ਅਵਾਜ਼ ਹੈ। ਇਹ ਦਿਲ ਦੀ ਬੋਲੀ ਹੈ। ਕਾਰਲਾਇਲ ਅਨੁਸਾਰ, “ਕਵਿਤਾ ਇੱਕ ਗਾਉਂਦਾ ਜਜ਼ਬਾ ਹੈ।” ਸ਼ੈਲੇ ਅਨੁਸਾਰ, “ਕਵਿਤਾ ਕਲਪਨਾ ਦਾ ਪ੍ਰਗਟਾਵਾ ਹੈ।’’

ਹੈਜ਼ਲਿਟ ਅਨੁਸਾਰ “ਕਵਿਤਾ ਕਲਪਨਾ ਅਤੇ ਭਾਵਾਂ ਦੀ ਭਾਸ਼ਾ ਹੈ।” ‘ਜਾਨਸਨ’ ਅਨੁਸਾਰ “ਕਵਿਤਾ ਇੱਕ ਛੰਦ –
ਬੱਧ ਰਚਨਾ ਹੈ ਜੋ ਕਲਪਨਾ ਅਤੇ ਤਰਕ ਦੀ ਮਦਦ ਨਾਲ ਅਨੰਦ ਅਤੇ ਸੱਚ ਦਾ ਸੰਯੋਗ ਕਰਵਾਉਂਦੀ ਹੈ।”

ਕਵੀ : ਕਵਿਤਾ ਲਿਖਣ ਵਾਲੇ ਨੂੰ ਕਵੀ ਕਿਹਾ ਜਾਂਦਾ ਹੈ। ਕਵੀ ਬਣਨ ਲਈ ਸਾਹਿਤ ਕਲਾ ਤੇ ਚੇਤੰਨਤਾ ਦੀ ਲੋੜ ਹੁੰਦੀ ਹੈ। ਕਵੀ ਉਹੋ ਹੀ ਬਣ ਸਕਦਾ ਹੈ ਜੋ ਬੋਲੀ ਦਾ ਧੁਨੀ ਹੋਵੇ, ਜਿਸ ਦੀ ਰੂਹ ਵਿੱਚ ਪੀੜਾ ਤੇ ਸੀਨੇ ਵਿੱਚ ਸਾਰੀ ਦੁਨੀਆ ਦਾ ਦਰਦ ਹੋਵੇ। ਕਵੀ ਤਾਂ ਕੋਮਲ ਭਾਵੀ ਹੁੰਦਾ ਹੈ ਜੋ ਹਰ ਕਿਸੇ ਦੇ ਦੁੱਖ ਵਿੱਚ ਆਪਣਾ ਆਪ ਭੁੱਲ ਜਾਂਦਾ ਹੈ। ਇਸੇ ਸਦਕਾ ਇੱਕ ਕਵੀ ਲਿਖਦਾ ਹੈ : “ਕਾਂਟਾ ਲਗੇ ਕਿਸੀ ਕੋ ਤੜਵਤੇ ਹੈਂ ਹਮ ਏ ਮੀਰ, ਸਾਰੇ ਜਹਾਂ ਕਾ ਦਰਦ ਹਮਾਰੇ ਸੀਨੇ ਮੇਂ ਹੈ।”

ਕਵਿਤਾ ਦੇ ਤੱਤ :

ਕਵਿਤਾ ਦੇ ਹੇਠ ਲਿਖੇ ਤੱਤ ਹੁੰਦੇ ਹਨ :

1. ਕਾਵਿ ਭਾਸ਼ਾ : ਉਂਜ ਤਾਂ ਸਾਹਿਤ ਦੇ ਹਰ ਰੂਪ ਨੂੰ ਬਿਆਨ ਕਰਨ ਲਈ ਭਾਸ਼ਾ ਦੀ ਲੋੜ ਹੁੰਦੀ ਹੈ ਪਰ ਕਵਿਤਾ ਦੀ ਭਾਸ਼ਾ ਆਮ ਭਾਸ਼ਾ ਨਾਲੋਂ ਵੱਖਰੀ ਹੁੰਦੀ ਹੈ। ਆਮ ਭਾਸ਼ਾ ਦੀ ਵਰਤੋਂ ਗੱਲਬਾਤ, ਸੂਚਨਾ ਜਾਂ ਵਾਰਤਕ ਦੇ ਰੂਪਾਂ ਵਿੱਚ ਕੀਤੀ ਜਾਂਦੀ ਹੈ ਜਦਕਿ ਕਵਿਤਾ ਵਿੱਚ ਭਾਸ਼ਾ ਦੀ ਵਰਤੋਂ ਕਾਵਿ-ਸੁਹਜ ਵਧਾਉਣ ਲਈ ਵਿਸ਼ੇਸ਼ ਢੰਗ ਨਾਲ ਕੀਤੀ ਜਾਂਦੀ ਹੈ। ਕਾਵਿ ਭਾਸ਼ਾ ਦੇ ਵੀ ਆਪਣੇ ਹੀ ਗੁਣ ਹੁੰਦੇ ਹਨ। ਮੁਢਲਾ ਗੁਣ ਇਹ ਹੈ ਕਿ ਭਾਵਾਂ ਤੇ ਖ਼ਿਆਲਾਂ ਦੇ ਅਨੁਕੂਲ ਹੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ—ਭਾਵ ਜੇਕਰ ਕੋਈ ਕਵਿਤਾ ਕਿਸੇ ਪ੍ਰੇਮ-ਪਿਆਰ ਦੇ ਵਿਸ਼ੇ ਨਾਲ ਭਰਪੂਰ ਹੈ ਤਾਂ ਭਾਸ਼ਾ ਵੀ ਕੋਮਲ, ਸਹਿਜਮਈ, ਸੰਗੀਤਮਈ ਤੇ ਕੋਮਲ ਧੁਨੀਆਂ ਵਾਲੀ ਹੋਣੀ ਚਾਹੀਦੀ ਹੈ। ਜੇਕਰ ਕਿਸੇ ਕਵਿਤਾ ਵਿੱਚ ਬੀਰਤਾ
ਜਾਂ ਸੂਰਮਗਤੀ ਦਾ ਭਾਵ ਹੈ ਤਾਂ ਭਾਸ਼ਾ ਦੀਆਂ ਧੁਨੀਆਂ ਵੀ ਬੀਰ-ਰਸ ਪੈਦਾ ਕਰਨ ਵਾਲੀਆਂ ਖੜਕਵੀਆਂ ਹੋਣੀਆਂ ਚਾਹੀਦੀਆਂ ਹਨ।

ਕਾਵਿ ਭਾਸ਼ਾ ਵਿੱਚ ਸ਼ਬਦਾਂ ਦੀ ਚੋਣ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਸ਼ਬਦ ਅਜਿਹੇ ਹੋਣ ਜੋ ਵਿਸ਼ੇ ਨੂੰ ਸਪਸ਼ਟ ਕਰਨ ਦੀ ਅਥਾਹ ਸ਼ਕਤੀ ਰੱਖਦੇ ਹੋਣ ਅਤੇ ਨਾਲੋ-ਨਾਲ ਕਵੀ ਦੇ ਮਨੋਭਾਵਾਂ ਨੂੰ ਵੀ ਪ੍ਰਗਟ ਕਰਨ ਦੇ ਸਮਰੱਥ ਹੋਣ। ਕਵਿਤਾ ਵਿੱਚ ਅੱਖਰਾਂ ਦੀ ਜੜਤ ਅਜਿਹੀ ਹੁੰਦੀ ਹੈ ਕਿ ਹਰ ਅੱਖਰ ਵਿੱਚੋਂ ਸੁਰਤਾਲ ਤੇ ਸੰਗੀਤ ਸੁਣਾਈ ਦਿੰਦਾ ਹੈ। ਕਵਿਤਾ ਵਿਚ ਸ਼ਬਦ ਕੇਵਲ ਸਧਾਰਨ ਸ਼ਬਦੀ ਅਰਥ ਹੀ ਨਹੀਂ ਰੱਖਦੇ ਬਲਕਿ ਇਨ੍ਹਾਂ ਦੇ ਭਾਵ ਅਰਥ ਡੂੰਘੇ ਹੁੰਦੇ ਹਨ। ਕਵਿਤਾ ਵਿੱਚ ਸ਼ਬਦਾਂ ਦੇ ਅਰਥ ਸੰਦਰਭ ਰਾਹੀਂ ਜਾਣੇ ਜਾਂਦੇ ਹਨ। ਇਸ ਲਈ ਕਵਿਤਾ ਦੀ ਭਾਸ਼ਾ ਸਮਝਣ ਲਈ ਪ੍ਰਸੰਗ ਦਾ ਗਿਆਨ ਵੀ ਜ਼ਰੂਰੀ ਹੈ। ਡਾ. ਪ੍ਰੇਮ ਪ੍ਰਕਾਸ਼ ਸਿੰਘ ਅਨੁਸਾਰ “ਕਾਵਿ-ਭਾਸ਼ਾ ਦਾ ਮਨੋਰਥ ਭਾਵਮਈ ਬਿੰਬਾਂ ਨੂੰ ਉਸਾਰ ਕੇ ਸੁਹਜ ਸੁੰਦਰਤਾ ਨੂੰ ਪੈਦਾ ਕਰਨਾ ਹੁੰਦਾ ਹੈ।”

ਕਲਪਨਾ : ਕਲਪਨਾ ਕਵਿਤਾ ਦਾ ਇੱਕ ਬਹੁਤ ਹੀ ਜ਼ਰੂਰੀ ਤੱਤ ਹੈ। ਅੰਗਰੇਜ਼ੀ ਕਵੀ ਕਾਰਲਾਇਲ ਤਾਂ ਕਵਿਤਾ ਨੂੰ ਕਲਪਨਾ ਦੀ ਹੀ ਪੈਦਾਵਾਰ ਮੰਨਦਾ ਹੈ | ਕਲਪਨਾ ਕਰਨ ਵਾਲੀ ਸ਼ਕਤੀ ਕਵੀਆਂ ਵਿੱਚ ਵਧੇਰੀ ਹੁੰਦੀ ਹੈ। ਕਲਪਨਾ ਦੀ ਸ਼ਕਤੀ ਨਾਲ ਹੀ ਕਵੀ ਅਣਵੇਖੇ ਤੋਂ ਅਣਜਾਣੇ ਦ੍ਰਿਸ਼ਾਂ ਤੇ ਵਸਤਾਂ ਨੂੰ ਸਾਡੇ ਸਾਹਮਣੇ ਇਸ ਤਰ੍ਹਾਂ ਪੇਸ਼ ਕਰਦੇ ਹਨ ਜਿਵੇਂ ਉਹ ਸਾਡੇ ਸਾਹਮਣੇ ਹੀ ਵਾਪਰੇ ਹੋਣ। ਇਸ ਸਬੰਧ ‘ਚ ਅਸੀਂ ਵੇਖਦੇ ਹਾਂ ਕਿ ਸ਼ਾਹ ਮੁਹੰਮਦ ਆਪਣੀ ਰਚਨਾ ‘ਚ ਸਿੱਖਾਂ ਤੇ ਅੰਗਰੇਜ਼ਾਂ ‘ਚ ਹੋਈ ਲੜਾਈ ਦਾ ਬਿਆਨ ਇੰਜ ਕਰਦਾ ਹੈ ਜਿਵੇਂ ਸਾਰਾ ਕੁਝ ਉਸ ਦੇ ਸਾਹਮਣੇ ਵਾਪਰਿਆ ਹੋਵੇ। ਇਸੇ ਤਰ੍ਹਾਂ ਹੀ ਕਿੱਸਾਕਾਰ ਦਮੋਦਰ ਹੀਰ ਦੇ ਕਿੱਸੇ ਚ ‘ਆਪ ਦਮੋਦਰ ਅੱਖੀਂ ਡਿੱਠਾ’ ਲਿਖ ਕੇ ਆਪਣੀ ਕਲਪਨਾ ਨੂੰ ਯਥਾਰਥ ਦਾ ਰੂਪ ਦਿੰਦਾ ਹੈ। ਮਹਾਨ ਕਵੀਆਂ ਦੀ ਮਹਾਨ ਕਲਪਨਾ ਵਿੱਚ ਫੁੱਟੀ ਅਲੌਕਿਕ ਬੁੱਧੀ ਵਾਲੀ ਕਵਿਤਾ ਜਨਮ ਲੈਂਦੀ ਹੈ। ਮਹਾਨ ਪ੍ਰਤਿਭਾ ਮਹਾਨ ਕਲਪਨਾ ਨੂੰ ਜਨਮ ਦਿੰਦੀ ਹੈ। ਮਹਾਨ ਸਾਹਿਤਾਕਾਰ ਮੈਕਸਿਮ ਗੋਰਕੀ ਠੀਕ ਹੀ ਕਹਿੰਦਾ ਹੈ : ਬਲਵਾਨ ਕਲਪਨਾ ਬਲਵਾਨ ਕਵਿਤਾ ਨੂੰ ਜਨਮ ਦਿੰਦੀ ਹੈ। ਪੰਜਾਬੀ ਦਾ ਮਹਾਨ ਕਵੀ ਸ਼ਿਵ ਕੁਮਾਰ ਲਿਖਦਾ ਹੈ ।

‘ਉਥੇ ਪੌਣ ਵੀ ਲੰਘਦੀ ਖਲੋ
ਜਿਥੋਂ ਮੇਰਾ ਯਾਰ ਲੰਘਦਾ’

ਪ੍ਰਤੀਕ ਤੇ ਚਿੰਨ੍ਹ : ਕਾਵਿ ਭਾਸ਼ਾ ਵਿਚਲੇ ਸ਼ਬਦ ਕਈ ਕਾਰਜ ਕਰਦੇ ਹਨ। ਕਵਿਤਾ ਵਿੱਚ ਸੰਕੇਤ ਤੇ ਸੁਝਾਓ ਹੁੰਦਾ ਹੈ। ਇਹ ਗੁਣ ਪ੍ਰਤੀਕ ਅਤੇ ਚਿੰਨ੍ਹਾਂ, ਕਾਰਨਾਂ ਕਰਕੇ ਆਉਂਦਾ ਹੈ। ਕਵਿਤਾ ਵਿੱਚ ਕਵੀ ਗੱਲ ਸਿੱਧੀ ਨਹੀਂ ਕਰਦਾ ਬਲਕਿ ਇਸ਼ਾਰਿਆਂ ਨਾਲ ਥੋੜ੍ਹੇ ਸ਼ਬਦਾਂ ਵਿੱਚ ਬਹੁਤ ਕੁਝ ਸਮਝਾ ਜਾਂਦਾ ਹੈ। ਇਹੋ ਲੁਕਵੀਂ ਗੱਲ ਹੀ ਕਵਿਤਾ ਦੀ ਜਿੰਦ-ਜਾਨ ਹੁੰਦੀ ਹੈ।

ਚਿੰਨ੍ਹ ਨੂੰ ਅੰਗਰੇਜ਼ੀ ਵਿੱਚ Sign ਕਿਹਾ ਜਾਂਦਾ ਹੈ ਤੇ ਪ੍ਰਤੀਕ ਨੂੰ Symbol ਭਾਸ਼ਾ ਦੇ ਅੱਖਰ, ਸਧਾਰਨ ਸ਼ਬਦ ਚਿੰਨ੍ਹ ਹਨ ਪਰ ਜਦੋਂ ਇਨ੍ਹਾਂ ਸਧਾਰਨ ਸ਼ਬਦਾਂ ਦੇ ਗੁਣਾਂ ਦੀ ਤੁਲਨਾ ਕਿਸੇ ਹੋਰ ਸ਼ਬਦ, ਵਸਤ ਜਾਂ ਵਿਅਕਤੀ ਆਦਿ ਲਈ ਕੀਤੀ ਜਾਵੇ ਤਾਂ ਇਹ ਚਿੰਨ੍ਹ ਪ੍ਰਤੀਕ ਬਣ ਜਾਂਦੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ‘ਤੇ ਬੈਠਾ ਬਾਜ਼ ਕੇਵਲ ਪੰਛੀ ਨਹੀਂ ਬਲਕਿ ਬਹਾਦਰੀ ਦਾ ਪ੍ਰਤੀਕ ਹੈ, ਇਸੇ ਤਰ੍ਹਾਂ ਗਧਾ ਮੂਰਖ ਵਿਅਕਤੀ ਲਈ ਵਰਤਿਆ ਜਾਣ ਵਾਲਾ ਪ੍ਰਤੀਕ ਹੈ। ਗੁਰਬਾਣੀ ਵਿੱਚ ਬਗਲਾ, ਕਾਂ, ਹੰਸ ਆਦਿ ਪ੍ਰਤੀਕ ਵਜੋਂ ਆਏ ਹਨ। ਸ਼ਾਹ ਹੁਸੈਨ ਨੇ ਚਰਖੇ ਨੂੰ ਜ਼ਿੰਦਗੀ ਦੇ ਪ੍ਰਤੀਕ ਵਜੋਂ ਵਰਤ ਕੇ ਸਦਾ ਲਈ ਅਮਰ ਕਰ ਦਿੱਤਾ ਹੈ। ਪ੍ਰੋ. ਮੋਹਨ ਸਿੰਘ ਦੀ ਕਵਿਤਾ ਦੀਆਂ ਹੇਠਲੀਆਂ ਸਤਰਾਂ —

ਦੇ ਟੋਟਿਆਂ ਵਿੱਚੋਂ ਭੌਂ ਟੁੱਟੀ,
ਇੱਕ ਮਹਿਲਾਂ ਦਾ ਇੱਕ ਢੋਕਾਂ ਦਾ।
ਦੋ ਧੜਿਆਂ ਵਿੱਚ ਖਲਕਤ ਵੰਡੀ,
ਇੱਕ ਲੋਕਾਂ ਦਾ ਇੱਕ ਜੋਕਾਂ ਦਾ।

ਇਸ ਕਾਵਿ-ਟੋਟੇ ਵਿੱਚ ਕਵੀ ਜਾਤੀ-ਵੰਡ ਦਾ ਸ਼ਿਕਾਰ ਹੋਏ ਲੋਕਾਂ ਦੀ ਗੱਲ ਕਰਦਾ ਹੋਇਆ ਤਿੰਨ ਸ਼ਬਦ ਮਹਿਲਾਂ, ਢੋਕਾਂ ਤੇ ਜੋਕਾਂ ਪ੍ਰਤੀਕ ਵਜੋਂ ਵਰਤਦਾ ਹੈ | ਧਨਾਢ ਲੋਕਾਂ ਲਈ ‘ਮਹਿਲ’, ਗਰੀਬ ਲੋਕਾਂ ਲਈ ‘ਢੋਕਾਂ’ ਤੇ ਗ਼ਰੀਬਾਂ ਦਾ ਖੂਨ ਚੂਸਣ ਵਾਲੇ ਪੂੰਜੀਪਤੀਆਂ ਨੂੰ ਕਵੀ ‘ਜੋਕਾਂ’ ਕਹਿ ਕੇ ਸੰਬੋਧਨ ਕਰਦਾ ਹੈ। ਇਸ ਤਰ੍ਹਾਂ ਸ਼ੇਰ ਬਹਾਦਰੀ ਦਾ, ਗਿੱਦੜ ਕਾਇਰਤਾ ਦਾ, ਗੰਗਾ ਪਵਿੱਤਰਤਾ ਦਾ ਤੇ ਬਾਂਦਰ ਚਲਾਕੀ ਦਾ ਪ੍ਰਤੀਕ ਹੈ।

ਬਿੰਬ : ਬਿੰਬ ਕਿਸੇ ਕਵਿਤਾ ਦੇ ਸ਼ਬਦ ਚਿੱਤਰ ਹੁੰਦੇ ਹਨ। ਕਵੀ ਆਪਣੀ ਕਵਿਤਾ ਵਿੱਚ ਆਪਣੀ ਬੋਲੀ ਸ਼ਬਦਾਂ ਤੇ
ਸ਼ੈਲੀ ਨਾਲ ਕਿਸੇ ਵਸਤੂ ਦਾ ਵਰਨਣ ਇਸ ਢੰਗ ਨਾਲ ਕਰਦਾ ਹੈ ਕਿ ਪਾਠਕ ਦੇ ਦਿਮਾਗ਼ ਵਿੱਚ ਉਸ ਵਸਤੂ ਦੀ ਇੱਕ ਤਸਵੀਰ ਆਪਣੇ ਆਪ ਹੀ ਉੱਤਰ ਆਉਂਦੀ ਹੈ। ਉਦਾਹਰਨ ਵਜੋਂ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ‘ਚੋਂ ਉਨ੍ਹਾਂ ਦੀ ਬਿੰਬ ਸਿਰਜਣਾ ਦਾ ਕਮਾਲ ਵੇਖਦੇ ਹਾਂ :

ਸਿੰਮਲ ਰੁਖੁ ਸਰਾਇਆ ਅਤਿ ਦੀਰਘ ਅਤਿ ਮੁਚ।।

ਓਇ ਜੋ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ।।

ਫਲੁ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ।।

ਮਿਠਤ ਨੀਵੀਂ ਨਾਨਕਾ ਗੁਣ ਚੰਗਿਆਈਆ ਤਤੁ॥

ਇਸ ਬਾਣੀ ਵਿੱਚ ਗੁਰੂ ਜੀ ਨੇ ਸਿੰਮਲ ਰੁੱਖ ਦੇ ਵੱਡੇ ਆਕਾਰ, ਉਸ ਦੇ ਬੇਸੁਆਦ ਫੁੱਲਾਂ, ਫਲਾਂ ਤੋਂ ਨਿਰਾਸ਼ ਹੋ ਕੇ ਜਾਣ ਵਾਲੇ ਪੰਛੀਆਂ ਦੀ ਸਥਿਤੀ ਰਾਹੀਂ ਮਨੁੱਖ ਨੂੰ ਮਿਠਤ ਤੇ ਨਿਮਰਤਾ ਨੂੰ ਆਪਣੇ ਸੁਭਾਅ ਦਾ ਅੰਗ ਬਣਾਉਣ ਦੀ ਪ੍ਰੇਰਨਾ ਦਿੱਤੀ ਹੈ।

ਛੰਦ : ਕਵਿਤਾ ਵਿੱਚ ਛੰਦ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਕਵਿਤਾ ਵਿੱਚ ਅੱਖਰਾਂ ਦੇ ਵਰਨਾਂ ਦੀ ਖ਼ਾਸ ਗਿਣਤੀ – ਮਿਣਤੀ ਦੁਆਰਾ ਤੁਕਾਂਤ ਦਾ ਜੋ ਸਹੀ ਮੇਲ ਹੁੰਦਾ ਹੈ, ਉਹੋ ਛੰਦ ਹੈ। ਕਵਿਤਾ ਵਿੱਚ ਵਰਨਾਂ ਤੇ ਮਾਤਰਾਵਾਂ ਦੀ ਇੱਕ ਖ਼ਾਸ ਵਿਉਂਤ ਹੁੰਦੀ ਹੈ ਜਿਸ ਵਿਚ ਸੁਰ ਤਾਲ ਪੈਦਾ ਹੁੰਦਾ ਹੈ। ਡਾ. ਪ੍ਰੇਮ ਪ੍ਰਕਾਸ਼ ਸਿੰਘ ਅਨੁਸਾਰ “ਕਵਿਤਾ ਵਿੱਚ ਮਾਤ੍ਰ ਜਾਂ ਵਰਣਾ ਨੂੰ ਖ਼ਾਸ ਵਿਉਂਤ ਨਾਲ ਜੋੜ ਕੇ ਵਜ਼ਨ ਤੋਲ, ਸੁਰ, ਬਿਸਰਾਮ ਦਾ ਖਿਆਲ ਰਖਦੇ ਹੋਏ’ ਤੁਕਾਂਤ ਦੇ ਮੇਲ ਨਾਲ ਲੈਅ ਪੈਦਾ ਕਰਨਾ ਹੀ ਛੰਦ ਹੈ।”

ਛੰਦ ਦੇ ਆਮ ਤੌਰ ‘ਤੇ ਦੋ ਭੇਦ (ਮਾਤ੍ਰਿਕ ਅਤੇ ਵਰਣਿਕ) ਮੰਨੇ ਜਾਂਦੇ ਹਨ। ਜਿਹੜੇ ਛੰਦਾਂ ਵਿੱਚ ਗਿਣਤੀ ਮਾਤ੍ਰਾਵਾਂ ਅਨੁਸਾਰ ਕੀਤੀ ਜਾਂਦੀ ਹੈ ਉਨ੍ਹਾਂ ਨੂੰ ਮਾਤ੍ਰਿਕ ਛੰਦ ਅਤੇ ਜਿਨ੍ਹਾਂ ਛੰਦਾਂ ‘ਚ ਗਿਣਤੀ ਵਰਣਾਂ ਅਨੁਸਾਰ ਹੁੰਦੀ ਹੈ ਉਨ੍ਹਾਂ ਨੂੰ ਵਰਣਿਕ ਛੰਦ ਕਿਹਾ ਜਾਂਦਾ ਹੈ। ਪੰਜਾਬੀ ਦੀ ਮੱਧਕਾਲੀਨ ਕਵਿਤਾ ਗੁਰਬਾਣੀ, ਸੂਫ਼ੀ, ਕਿੱਸਾ ਸਾਹਿਤ, ਵਾਰ-ਕਾਵਿ ਛੰਦਾ-ਬੰਦੀ ਦੇ ਆਧਾਰ ‘ਤੇ ਹੀ ਲਿਖੀ ਹੋਈ ਹੈ। ਪਹਿਲਾਂ ਪਹਿਲ ਪੰਜਾਬੀ ਵਿੱਚ ਕਬਿੱਤ, ਦੋਹਿਰਾ, ਦਵੱਈਆ, ਸਵੱਈਆ, ਬੈਂਤ, ਸੋਰਠਾ, ਅੜਿੱਲ, ਕੋਰੜਾ, ਚੌਪਈ, ਸਿਰਖੰਡੀ ਤੇ ਨਿਸ਼ਾਨੀ ਛੰਦ ਪ੍ਰਚਲਿਤ ਸਨ।

ਪਰ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪ੍ਰੋ. ਪੂਰਨ ਸਿੰਘ ਨੇ ਪੰਜਾਬੀ ਕਵਿਤਾ ਨੂੰ ਛੰਦਾਬੰਦੀ ਦੀ ਕੈਦ ਤੋਂ ਮੁਕਤ ਕਰਕੇ ‘ਖੁੱਲ੍ਹੀ ਕਵਿਤਾ’ ਲਿਖਣ ਦੀ ਪਿਰਤ ਪਾਈ। ਉਨ੍ਹਾਂ ਦਾ ਵਿਚਾਰ ਸੀ ਕਿ ਕਵਿਤਾ ਲਈ ਛੰਦਾਬੰਦੀ ਦੀ ਵਰਤੋਂ ਨਵਾਬੀ ਜੁੱਤੀ ਦੀ ਕੈਦ ਵਾਂਗ ਹੁੰਦੀ ਹੈ। ਛੰਦਾਬੰਦੀ ਨੂੰ ਧਿਆਨ ਵਿੱਚ ਰੱਖਦਿਆਂ ਕਈ ਵਾਰ ਮਨ ਦੇ ਵਲਵਲੇ ਪ੍ਰਗਟ ਹੋਣੋਂ ਰਹਿ ਜਾਂਦੇ ਹਨ। ਉਦਾਹਰਨ ਵਜੋਂ ਹੇਠਲੀਆਂ ਦੋ ਉਦਾਹਰਨਾਂ ਵੇਖੀਆਂ ਜਾ ਸਕਦੀਆਂ ਹਨ :

(ੳ)

ਤੂੜੀ ਤੰਦ ਸਾਂਭ ਹਾੜੀ ਵੇਚ ਵਟ ਕੇ,
ਲੰਬੜਾਂ ਤੇ ਸਾਹਾਂ ਦਾ ਹਿਸਾਬ ਕਟ ਕੇ।
ਕਡੈ ਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।

(ਕੋਰੜਾ ਛੰਦ ਵਰਣਿਕ) ਧਨੀ ਰਾਮ ਚਾਤ੍ਰਿਕ

(ਅ)

ਓਏ! ਮਜੂਰ ਚੰਗ ਲਗਦੇ,
ਨਿੱਕੇ ਨਿੱਕੇ ਖਿਆਲ ਇਨ੍ਹਾਂ ਦੇ।
ਉਨ੍ਹਾਂ ਵਿੱਚ ਢਲੀਆਂ ਇਨ੍ਹਾਂ ਦੀਆਂ ਜ਼ਿੰਦਗੀਆਂ,
ਸਾਦੇ ਸਾਦੇ ਚਿਹਰੇ, ਬੇਨਿਕਾ ਜਿਹੇ,
ਨ ਛਪਦੇ ਨ ਛੁਪਾਂਦੇ ਕੁਝ ਆਪਣਾ।

(ਖੁਲ੍ਹੀ ਕਵਿਤਾ) ਪ੍ਰੋ: ਪੂਰਨ ਸਿੰਘ

ਅਲੰਕਾਰ : ਅਲੰਕਾਰਾਂ ਨੂੰ ਕਵਿਤਾ ਦੇ ਗਹਿਣੇ ਮੰਨਿਆ ਗਿਆ ਹੈ। ਜਿਸ ਤਰ੍ਹਾਂ ਹਰ ਇੱਕ ਇਨਸਾਨ ਆਪਣੇ-ਆਪ ਨੂੰ ਸੋਹਣਾ ਬਣਾਉਣ ਲਈ ਗਹਿਣੇ ਪਾਉਂਦਾ ਹੈ, ਇਸੇ ਤਰ੍ਹਾਂ ਕਵੀ ਆਪਣੀਆਂ ਕਵਿਤਾਵਾਂ ਨੂੰ ਸੁਹਜਮਈ ਤੇ ਪ੍ਰਭਾਵਸ਼ਾਲੀ ਬਣਾਉਣ ਲਈ ਕਈ ਤਰ੍ਹਾਂ ਦੀਆਂ ਸਜਾਵਟੀ ਜੁਗਤਾਂ ਵਰਤਦੇ ਹਨ। ਇਹੋ ਜੁਗਤਾਂ ਹੀ ਅਲੰਕਾਰ ਹੁੰਦੇ ਹਨ। ਕਵਿਤਾ ਵਿੱਚ ਕਵੀ ਵਰਨਾਂ, ਧੁਨੀਆਂ, ਸ਼ਬਦਾਂ, ਵਾਰਾਂ ਤੇ ਮੁਹਾਵਰਿਆਂ ਨੂੰ ਇਸ ਤਰ੍ਹਾਂ ਜੜਦਾ ਹੈ ਕਿ ਇਹ ਸੁਹਜ ਪ੍ਰਗਟ ਹੋ ਜਾਂਦਾ ਹੈ। ਇਹੋ ਚਮਤਕਾਰੀ ਸੁਹਮਜਈ ਅਲੰਕਾਰ ਹੈ। ਅਲੰਕਾਰ ਨੂੰ ਤਿੰਨ ਵਰਗਾਂ ਵਿੱਚ ਵੰਡਿਆ ਜਾਂਦਾ ਹੈ :

ਸ਼ਬਦ ਅਲੰਕਾਰ, ਅਰਥ ਅਲੰਕਾਰ ਤੇ ਸ਼ਬਦਾਰਥ ਅਲੰਕਾਰ।

ਮੋਟੇ ਤੌਰ ‘ਤੇ ਅਲੰਕਾਰ ਇਹ ਹਨ :

ਉਪਮਾ ਅਲੰਕਾਰ : ਕਿਸੇ ਚੀਜ਼ ਦੀ ਤੁਲਨਾ ਉਸ ਵਰਗੀ ਹੋਰ ਚੀਜ਼ ਨਾਲ ਕਰਨੀ, ਜਿਵੇਂ ਉਸ ਦਾ ਮੁਖੜਾ ਚੰਨ ਵਰਗਾ ਹੈ। (ਮੁਖੜੇ ਦੀ ਤੁਲਨਾ ਚੰਨ ਨਾਲ)।

ਰੂਪਕ ਅਲੰਕਾਰ : ਕਿਸੇ ਚੀਜ਼ ਨੂੰ ਉਸ ਵਰਗੀ ਚੀਜ਼ ਦਾ ਉਹੋ ਰੂਪ ਦੇ ਦੇਣਾ, ਜਿਵੇਂ : ‘ਮੇਰਾ ਰੱਬ ਰਹੀਮ ਤੇ ਖ਼ਾਸ ਕਾਅਬਾ, ਜੇ ਈਮਾਨ ਕਹੇਂ ਮਹੀਂਵਾਲ ਮਾਏਂ ਕਾਵਿ ਟੋਟੇ ‘ਚ ਮਹੀਂਵਾਲ ਨੂੰ ਰੱਬ ਤੇ ਕਾਅਬੇ ਦੇ ਤੁਲ ਦਰਸਾਇਆ ਗਿਆ ਹੈ।’

ਅਤਿਕਥਨੀ ਅਲੰਕਾਰ : ਕਿਸੇ ਗੱਲ ਨੂੰ ਹੱਦੋਂ ਵੱਧ ਵਧਾ-ਚੜ੍ਹਾ ਕੇ ਕਹਿਣਾ। ‘ਓੜਕ ਵਕਤ ਕਹਿਰ ਦੀਆਂ ਕੂੰਜਾਂ ਸੁਣ ਪੱਥਰ ਵੀ ਢਲ ਜਾਵੇ।’ ਇਸ ਵਿੱਚ ਬਿਰਹਨ ਦੀ ਵੇਦਨਾ ਨੂੰ ਬਹੁਤ ਵਧਾ ਕੇ ਬਿਆਨ ਕੀਤਾ ਗਿਆ ਹੈ।

ਦ੍ਰਿਸ਼ਟਾਂਤ ਅਲੰਕਾਰ : ਇਸ ਵਿੱਚ ਪਹਿਲਾਂ ਇੱਕ ਗੱਲ ਕਹਿ ਕੇ ਦੂਜੀ ਗੱਲ ਉਸ ਦੀ ਉਦਾਹਰਨ ਦੇ ਰੂਪ ਵਿਚ ਕਹੀ ਜਾਂਦੀ ਹੈ :

ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ।
ਜਿਉਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ।

ਰਸ : ਕਵਿਤਾ ਵਿੱਚ ਰਸ ਕਾਵਿਕ ਜਾਂ ਸਾਹਿਤਕ ਅਨੰਦ ਹੈ, ਸੁਆਦ ਹੈ, ਮਜ਼ਾ ਹੈ, ਪ੍ਰਭਾਵ ਹੈ ਜੋ ਕਵਿਤਾ ਨੂੰ ਪੜ੍ਹ ਕੇ ਜਾਂ ਸੁਣ ਕੇ ਆਉਂਦਾ ਹੈ। ਮਨੁੱਖੀ ਮਨ ਵਿੱਚ ਕਈ ਸਥਾਈ ਭਾਵ ਹੁੰਦੇ ਹਨ ਜਿਵੇਂ ਪ੍ਰੇਮ, ਡਰ, ਕ੍ਰੋਧ, ਘ੍ਰਿਣਾ, ਲੱਜਾ, ਹੱਸਣਾ, ਰੋਣਾ, ਬੀਰਤਾ ਆਦਿ। ਕਵਿਤਾ, ਨਾਟਕ ਪੜ੍ਹਨ-ਵੇਖਣ ’ਤੇ ਸਰੋਤਿਆਂ ਜਾਂ ਦਰਸ਼ਕਾਂ ਦੇ ਮਨੋਭਾਵਾਂ ਨੂੰ ਸਕੂਨ ਮਿਲਦਾ ਹੈ ਇਹੋ ਰਸ ਹੈ। ਕਵਿਤਾ ਵਿੱਚ ਆਮ ਤੌਰ ‘ਤੇ ਨੌਂ ਰਸ ਹਨ : ਸ਼ਿੰਗਾਰ ਰਸ, ਬੀਰ ਰਸ, ਸ਼ਾਂਤ ਰਸ, ਰੌਦਰ ਰਸ, ਕਰੁਣਾ ਰਸ, ਵੀਭਤਸ ਰਸ, ਅਦਭੁਤ ਰਸ, ਭਿਆਨਕ ਰਸ ਤੇ ਹਾਸ ਰਸ

ਕਵਿਤਾ ਦੇ ਰੂਪ ਅਤੇ ਪ੍ਰਮੁੱਖ ਪੰਜਾਬੀ ਕਵੀ : ਪੰਜਾਬੀ ਕਵਿਤਾ ਨੂੰ ਕਈ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ, ਜਿਵੇਂ ਲੋਕ-ਗੀਤ, ਗੁਰਮਤਿ, ਕਿੱਸਾ ਕਾਵਿ, ਸੂਫ਼ੀ ਕਾਵਿ, ਬੀਰ ਕਾਵਿ, ਮਹਾਕਾਵਿ, ਗੀਤ, ਗ਼ਜ਼ਲ, ਰੁਬਾਈ, ਖੁੱਲ੍ਹੀ ਕਵਿਤਾ ਆਦਿ। ਪੰਜਾਬੀ ਕਵਿਤਾ ਦਾ ਇਤਿਹਾਸ ਬਹੁਤ ਅਮੀਰ ਹੈ। ਅਸਲ ਵਿੱਚ ਪੰਜਾਬੀ ਵਿਚ ਸਭ ਤੋਂ ਪਹਿਲਾਂ ਕਵਿਤਾ ਹੀ ਹੋਂਦ ਵਿੱਚ ਆਈ ਸੀ।

ਪ੍ਰਮੁੱਖ ਪੰਜਾਬੀ ਕਵੀ ਇਸ ਪ੍ਰਕਾਰ ਹਨ :

ਗੁਰਮਤਿ ਕਵੀ :

ਸ੍ਰੀ ਗੁਰੂ ਨਾਨਕ ਦੇਵ ਜੀ

ਸ੍ਰੀ ਗੁਰੂ ਅੰਗਦ ਦੇਵ ਜੀ,

ਸ੍ਰੀ ਗੁਰੂ ਅਮਰਦਾਸ ਜੀ,

ਸ੍ਰੀ ਗੁਰੂ ਰਾਮਦਾਸ ਜੀ,

ਸ੍ਰੀ ਗੁਰੂ ਅਰਜਨ ਦੇਵ ਜੀ,

ਸ੍ਰੀ ਗੁਰੂ ਤੇਗ ਬਹਾਦਰ ਜੀ,

ਸ੍ਰੀ ਗੁਰੂ ਗੋਬਿੰਦ ਸਿੰਘ ਜੀ,

ਭਾਈ ਗੁਰਦਾਸ ਜੀ ਆਦਿ।

ਸੂਫ਼ੀ ਕਵੀ :

ਬਾਬਾ ਫ਼ਰੀਦ ਜੀ

ਅਲੀ ਹੈਦਰ

ਬੁੱਲ੍ਹੇ ਸ਼ਾਹ

ਸ਼ਾਹ ਹੁਸੈਨ

ਵਜ਼ੀਦ।

ਕਿੱਸਾ ਕਵੀ :

ਦਮਦੋਰ

ਵਾਰਿਸ ਸ਼ਾਹ

ਪੀਲੂ

ਹਾਸ਼ਮ

ਫ਼ਜ਼ਲ

ਸ਼ਾਹ

ਕਾਦਰਯਾਰ

ਮੁਕਬਲ।

ਬੀਰ ਕਵੀ :

ਨਜ਼ਾਬਤ

ਗੁਰੂ ਗੋਬਿੰਦ ਸਿੰਘ

ਸ਼ਾਹ ਮੁਹੰਮਦ।

ਆਧੁਨਿਕ ਕਵੀ :

ਭਾਈ ਵੀਰ ਸਿੰਘ

ਪ੍ਰੋ. ਪੂਰਨ ਸਿੰਘ

ਅੰਮ੍ਰਿਤਾ ਪ੍ਰੀਤਮ

ਮੋਹਨ ਸਿੰਘ

ਬਾਵਾ ਬਲਵੰਤ

ਪਾਸ਼

ਸੰਤ ਰਾਮ ਉਦਾਸੀ

ਲਾਲ ਸਿੰਘ ਦਿਲ

ਸ਼ਿਵ ਕੁਮਾਰ

ਡਾ. ਹਰਿਭਜਨ ਸਿੰਘ

ਮੋਹਨਜੀਤ

ਸੁਰਜੀਤ ਪਾਤਰ

ਸੁਖਵਿੰਦਰ ਅੰਮ੍ਰਿਤ

ਮਨਜੀਤ ਇੰਦਰਾ ਆਦਿ।